ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵਿਖੇ ਢਾਡੀ ਕਸ਼ਮੀਰ ਸਿੰਘ ਕਾਦਰ ਵੱਲੋਂ ਪਹਿਲਾ ਦੀਵਾਨ

ਸ਼ਹੀਦੀ ਜੋੜ ਮੇਲੇ ਸਬੰਧੀ ਅਗਲਾ ਦੀਵਾਨ ਐਤਵਾਰ ਨੂੰ-ਨੌਜਵਾਨਾਂ ਵੱਲੋਂ ਲਈ ਗਈ ਹੈ ਸ੍ਰੀ ਅਖੰਠ ਪਾਠ ਦੀ ਸੇਵਾ

(ਔਕਲੈਂਡ):-ਵਿਦੇਸ਼ਾਂ ਦੇ ਵਿਚ ਪਹੁੰਚਣ ਵਾਲੇ ਸਾਡੇ ਪ੍ਰਚਾਰਕ ਧਰਮ ਤੇ ਵਿਰਸਾ ਸਮਝਾਉਣ ਦਾ ਕਾਰਜ ਕਰਦੇ ਹਨ। ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵਿਖੇ ਪਹੁੰਚੇ ਪੰਜਾਬ ਦੇ ਪ੍ਰਸਿੱਧ ਢਾਡੀ ਭਾਈ ਕਸ਼ਮੀਰ ਸਿੰਘ ਕਾਦਰ ਦੇ ਜੱਥੇ ਨੇ ਇਸ ਐਤਵਾਰ ਪਹਿਲਾ ਹਫਤਾਵਾਰੀ ਦੀਵਾਨ ਸਜਾ ਕੇ ਸੇਵਾ-ਸੰਭਾਲ ਲਈ ਹੈ। ਪਹਿਲੇ ਦੀਵਾਨ ਦੇ ਵਿਚ ਉਨ੍ਹਾਂ ਗੁਰੂ ਸਾਹਿਬਾਂ ਦੀਆਂ ਜੀਵਨ ਗਾਥਾਵਾਂ ਨੂੰ ਢੱਡ-ਸਾਰੰਗੀ ਦੇ ਰਾਹੀਂ  ਸੰਗਤਾਂ ਨੂੰ ਸਰਵਣ ਕਰਵਾਇਆ। ਸ. ਸਮਸ਼ੇਰ ਸਿੰਘ ਦੇ ਪਰਿਵਾਰ ਵੱਲੋਂ ਆਪਣੇ ਪੋਤਰੇ ਦਾ ਜਨਮ ਦਿਵਸ ਮਨਾਇਆ ਗਿਆ ਸੀ। ਇਸ ਦੀਵਾਨ ਵਿਚ ਵਿਸ਼ੇਸ਼ ਤੌਰ ਉਤੇ ਨੈਸ਼ਨਲ ਪਾਰਟੀ ਦੇ ਸਾਂਸਦ ਸ੍ਰੀ ਸੈਮ ਯੂਫਿੰਡਲ ਪਹੁੰਚੇ। ਉਨ੍ਹਾਂ ਸੰਗਤ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਦੇਸ਼ ਦੀਆਂ ਮੌਜੂਦਾ ਪ੍ਰਵਾਸੀ ਸਮੱਸਿਆਵਾਂ ਉਤੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ, ਵਧਦੇ ਅਪਰਾਧ ਦੀ ਵੀ ਗੱਲ ਕੀਤੀ ਅਤੇ ਇਸ ਗੱਲ ਲਈ ਅਗਾਉਂ ਮਾਫੀ ਮੰਗੀ ਕਿ ਉਹ 8 ਜਨਵਰੀ ਨੂੰ ਨਗਰ ਕੀਰਤਨ ਉਤੇ ਨਹੀਂ ਪਹੁੰਚ ਸਕਣਗੇ। ਗੁਰਦੁਆਰਾ ਕਮੇਟੀ ਵੱਲੋਂ ਉਨ੍ਹਾਂ ਨੂੰ ਸੁੰਦਰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਮਲਕੀਤ ਸਿੰਘ ਸੁੱਜੋਂ ਵਾਲਿਆਂ ਦੇ ਰਾਗੀ ਜੱਥੇ ਨੂੰ ਨਿੱਘੀ ਵਿਦਾਇਗੀ ਵੀ ਦਿੱਤੀ ਗਈ।
ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਅਗਲਾ ਪ੍ਰੋਗਰਾਮ ਸ਼ੁੱਕਰਵਾਰ ਤੋਂ ਐਤਵਾਰ: ਸਥਾਨਿਕ ਨੌਜਵਾਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਡੇ-ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਸਮਾਗਮ ਉਲੀਕੇ ਗਏ ਹਨ। ਸ਼ੁੱਕਰਵਾਰ 23 ਦਸੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਠ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ ਐਤਵਾਰ 25 ਦਸੰਬਰ ਨੂੰ ਸਵੇਰੇ 10 ਵਜੇ ਪਾਏ ਜਾਣਗੇ, ਉਪਰੰਤ ਢਾਡੀ ਦਰਬਾਰ ਸਜੇਗਾ। ਇਸ ਦਿਨ ਸ਼ਹੀਦੀ ਜੋੜ ਮੇਲੇ ਉਤੇ ਸਾਦਾ ਦਾਲ-ਪ੍ਰਸ਼ਾਦਾ ਤਿਆਰ ਕੀਤਾ ਜਾਵੇਗਾ। ਸਮੂਹ ਸੰਗਤ ਨੂੰ ਬੇਨਤੀ ਕੀਤੀ ਗਈ ਹੈ ਕਿ ਤਿੰਨੇ ਦਿਨ ਹਾਜ਼ਰੀਆਂ ਭਰਨ ਅਤੇ ਸੇਵਾ ਕਰਨ।  ਇਸ ਤੋਂ ਅੱਗਲਾ ਵੱਡਾ ਪ੍ਰੋਗਰਾਮ 8 ਜਨਵਰੀ ਨੂੰ ਅੱਠਵੇਂ ਨਗਰ ਕੀਰਤਨ ਸਬੰਧੀ ਵੀ ਆ ਰਿਹਾ ਹੈ ਅਤੇ ਉਸਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ।