ਲੋਕਾਂ ਲਈ ਸਿਰਜਿਆ ਸਾਹਿਤ ਹੀ ਚਿੰਰਜੀਵੀ ਅਤੇ ਅਮਰ ਹੁੰਦਾ ਹੈ -ਛਾਇਆਵਾਦੀ ਸਾਹਿਤਕਾਰ ਦੇਸ਼ ਭੂਸ਼ਨ ਹੋਏ ਰੂ-ਬ-ਰੂ 

ਪ੍ਰਸਿੱਧ ਗਲਪਕਾਰ ਡਾ. ਰਾਜ ਕੁਮਾਰ ਗਰਗ ਦੀ ਪੁਸਤਕ ਖੇਤੀਬਾੜੀ ਸਬੰਧੀ ਸਹਾਇਕ ਧੰਦੇ ਲੋਕ ਅਰਪਣ

B-1

”ਸਾਹਿਤਕਾਰਾਂ ਨੂੰ ਪ੍ਰਤਿਬੱਧਤਾ ਨਾਲ ਲੋਕ ਮਸਲਿਆ ਬਾਰੇ ਸਾਹਿਤ ਸਿਰਜਣਾ ਕਰਨੀ ਚਾਹੀਂਦੀ ਹੈ ਲੋਕਾਂ ਲਈ ਸਿਰਜਿਆ ਸਾਹਿਤ ਹੀ ਅਮਰ ਅਤੇ ਚਿਰੰਜੀਵੀ ਹੁੰਦਾ ਹੈ। ਬੌਧਿਕ ਸ਼੍ਰੇਸ਼ਟਵਾਦ ਅਖੌਤੀ ਬੌਧਿਕਵਾਦ ਦਾ ਇੱਕ ਰੂਪ ਹੈ ਜੋ ਸਮਾਜਕ ਅਧੋਗਤੀ ਸਿਰਜਦਾ ਹੈ। ਇਸ ਸਮਾਜਕ ਗਿਰਾਵਟ ਨੂੰ ਰੋਕਣ ਲਈ ਸਾਹਿਤਕਾਰਾਂ ਨੂੰ ਸੱਚੇ-ਸੁੱਚੇ ਅਤੇ ਕਿਰਤੀ ਲੋਕਾਂ ਦੇ ਹਿੱਤਾਂ ਦੀ ਭਰਜਮਾਨੀ ਕਰਨੀ ਚਾਹੀਂਦੀ ਹੈ, ਤਾਂ ਜੋ ਅਜੋਕੇ ਬੌਧਿਕ ਅਤੇ ਨੈਤਿਕ ਨਿਘਾਰ ਨੂੰ ਠੱਲ੍ਹ ਪਾਈ ਜਾ ਸਕੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚੀ ਮਾਨਵਤਾ ਦੇ ਭਲੇ ਲਈ ਖਾਲਸਾ ਪੰਥ ਸਾਜਿਆ। ਉਨ੍ਹਾਂ ਨੇ ਸਦੀਆਂ ਤੋਂ ਗੁਲਾਮੀ ਭੋਗ ਰਹੇ ਭਾਰਤਵਾਸੀਆਂ ਨੂੰ ਆਪਣੇ ਹੱਕਾਂ ਲਈ ਸੰਘਰਸ਼ਸ਼ੀਲ ਹੋਣ ਵਾਸਤੇ ਮਾਨਸਿਕ ਅਤੇ ਭੌਤਿਕ ਰੂਪ ਵਿੱਚ ਵਿੱਲਖਣ ਦਿੱਖ ਪ੍ਰਦਾਨ ਕੀਤੀ। ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਕਲਪਾਂ ਤੋਂ ਅੱਜ ਸੇਧ ਲੈਣ ਦੀ ਬਹੁਤ ਜਰੂਰਤ ਹੈ”। ਇਹ ਭਾਵ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪੁਸਤਕ ਲੋਕ ਅਰਪਣ ਅਤੇ ਛਾਇਆਵਾਦੀ ਸਾਹਿਤਕਾਰ ਦੇਸ਼ ਭੂਸ਼ਨ ਨਾਲ ਰੂ-ਬ-ਰੂ ਸਮਾਗਮ ਸਮੇਂ ਹੋਏ ਗੰਭੀਰ ਵਿਚਾਰ ਵਟਾਂਦਰੇ ਉਪਰੰਤ ਉੱਭਰਕੇ ਸਾਹਮਣੇ ਆਏ। ਪ੍ਰਸਿੱਧ ਗਪਲਕਾਰ ਡਾ. ਰਾਜ ਕੁਮਾਰ ਗਰਗ ਦੇ ਨਿਵਾਸ ਸਥਾਨ ਵਿਖੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਆਯੋਜਿਤ ਸਮਾਗਮ ਉਸਾਰੂ ਸੰਵਾਦ ਸਿਰਜਣ ਦਾ ਸਬੱਬ ਬਣਿਆ। ਪ੍ਰਧਾਨਗੀ ਮੰਡਲ ਵਿੱਚ ਡਾ. ਨਰਵਿੰਦਰ ਕੌਸ਼ਲ, ਭਗਵੰਤ ਸਿੰਘ ਖਾਲਸਾ, ਦੇਸ਼ ਭੂਸ਼ਨ, ਕ੍ਰਿਸ਼ਨ ਬੇਤਾਬ, ਭਰਗਾਨੰਦ ਅਤੇ ਡਾ. ਭਗਵੰਤ ਸਿੰਘ ਸ਼ਾਮਲ ਹੋਏ।
ਦੇਸ਼ ਭੂਸ਼ਨ ਨੇ ਰੂ-ਬ-ਰੂ ਹੁੰਦੇ ਹੋਏ ਕਿਹਾ ਕਿ ਮੈਨੂੰ ਦੋਸਤਾਂ ਨੇ ਤਾਕਤ ਬਖਸੀ ਹੈ ਜਿਸ ਤੋਂ ਦੁਸ਼ਮਣ ਨਾਲ ਪੰਜਾ ਲੜਾਉਣ ਦੀ ਸ਼ਕਤੀ ਮਿਲਦੀ ਹੈ। ਉਸਨੇ ਹੋਰ ਕਿਹਾ ਕਿ ਮੇਰੀ ਤਾਕਤ ਮੇਰੀ ਕਵਿਤਾ ਹੈ ਜੋ ਮਾਨਵਵਾਦ ਨੂੰ ਸਮਰਪਿਤ ਹੈ। ਦੇਸ਼ ਭੂਸ਼ਨ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਦਿਲਕਸ਼ ਅੰਦਾਜ਼ ਵਿੱਚ ਪੇਸ਼ ਕਰਕੇ ਆਪਣੀ ਆਤਰਿਕ ਕਲਾ ਦਾ ਮੁਜਾਹਰਾ ਕੀਤਾ। ਭਗਵੰਤ ਸਿੰਘ ਖਾਲਸਾ, ਕ੍ਰਿਸ਼ਨ ਬੇਤਾਬ, ਅਮਰ ਗਰਗ ਕਲਮਦਾਨ, ਜਗਦੀਪ ਸਿੰਘ, ਡਾ. ਭਗਵੰਤ ਸਿੰਘ ਨੇ ਦੇਸ਼ ਭੂਸ਼ਨ ਤੋਂ ਉਸਦੀ ਸਿਰਜਣਾਤਮਕਤਾ ਬਾਰੇ ਗੰਭੀਰ ਸੁਆਲ ਪੁੱਛੇ ਜਿਨ੍ਹਾਂ ਬਾਰੇ ਉਸਨੇ ਤਰਕਸੰਗਤ ਜੁਆਬ ਦਿੱਤੇ।

ਡਾ. ਰਾਜ ਕੁਮਾਰ ਗਰਗ ਦੀ ਪੁਸਤਕ ਖੇਤੀਬਾੜੀ ਸਬੰਧੀ ਸਹਾਇਕ ਧੰਦੇ ਲੋਕ ਅਰਪਣ ਕੀਤੀ ਗਈ। ਡਾ. ਨਰਵਿੰਦਰ ਕੋਸ਼ਲ ਨੇ ਕਿਹਾ ਕਿ ਪੁਸਤਕ ਮਰ ਰਹੀ ਕਿਸਾਨੀ ਨੂੰ ਜੀਵਨਦਾਨ ਦੇਣ ਵਾਲੀ ਹੈ। ਇਸ ਪੁਸਤਕ ਦੇ ਨੁਕਤਿਆਂ ਨੂੰ ਅਪਣਾ ਕੇ ਕਿਸਾਨੀ ਆਪਣੀ ਆਮਦਨ ਵਧਾ ਸਕਦੀ ਹੈ। ਡਾ. ਭਗਵੰਤ ਸਿੰਘ ਨੇ ਪੰਜਾਬ ਦੀ ਕਿਸਾਨੀ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਜੱਟ ਭਾਈਚਾਰਾ ਆਪਣੇ ਸਮਾਜਕ ਅਤੇ ਨੈਤਿਕ ਸੰਦਰਭਾ ਤੋਂ ਟੁੱਟ ਰਿਹਾ ਹੈ। ”ਡਾ. ਰਾਜ ਕੁਮਾਰ ਗਰਗ ਨੇ ਤਜ਼ਰਬੇ ਦੇ ਆਧਾਰ ਤੇ ਕਿਹਾ ਕਿ ਜੱਟ ਕਦੇ ਕਿਸੇ ਦਾ ਪੈਸਾ ਨਹੀਂ ਦੱਬਦਾ, ਜੇਕਰ ਬਾਪ ਮਰ ਜਾਵੇ ਤਾਂ ਪੁੱਤਰ ਉਸਦਾ ਕਰਜ਼ਾ ਮੋੜਦਾ ਹੈ”। ਇਸ ਸਮੇਂ ਹੋਏ ਕਵੀ ਦਰਬਾਰ ਵਿੱਚ ਭੋਲਾ ਸਿੰਘ ਸੰਗਰਾਮੀ, ਮਿਲਖਾ ਸਿੰਘ ਸਨੇਹੀ, ਕੁਲਵੰਤ ਕਸ਼ਕ, ਅਮਰੀਕ ਗਾਗਾ, ਗੁਰਜਿੰਦਰ ਸਿੰਘ ਰਸੀਆ, ਕਰਤਾਰ ਠੁੱਲੀਵਾਲ, ਭਰਗਾਨੰਦ, ਕ੍ਰਿਸ਼ਨ ਬੇਤਾਬ, ਰਾਜ ਕੁਮਾਰ ਗਰਗ, ਮੀਤ ਸਕਰੌਦੀ, ਭੁਪਿੰਦਰ ਸਿੰਘ ਬੋਪਾਰਾਏ, ਅਮਰ ਗਰਗ ਕਲਮਦਾਨ, ਸੰਦੀਪ, ਜੰਗੀਰ ਸਿੰਘ ਰਤਨ, ਭਾਰਤ ਭੂਸ਼ਨ, ਗੁਰਨਾਮ ਸਿੰਘ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਪੇਸ਼ ਕੀਤੀਆਂ। ਅਮਰ ਗਰਗ ਕਲਮਦਾਨ ਤੇ ਅਮਰੀਕ ਗਾਗਾ, ਗੁਰਜਿੰਦਰ ਸਿੰਘ ਰਸੀਆ ਨੇ ਤੇਜਵੰਤ ਮਾਨ ਨੂੰ ਸਬੋਧਿਤ ਰਚਨਾਵਾਂ ਪੜ੍ਹੀਆਂ। ਕਰਤਾਰ ਠੁੱਲੀਵਾਲ, ਮਿਲਖਾ ਸਿੰਘ ਸਨੇਹੀ ਅਤੇ ਭੋਲਾ ਸਿੰਘ ਸੰਗਰਾਮੀ ਨੇ ਤਰਨੁਮ ਵਿੱਚ ਪੇਸ਼ ਕਰਕੇ ਵਾਹ ਵਾਹ ਖੱਟੀ। ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਰਾਜ ਕੁਮਾਰ ਗਰਗ, ਸ਼੍ਰੀਮਤੀ ਕਮਲੇਸ਼ ਗਰਗ ਅਤੇ ਦੇਸ਼ ਭੂਸ਼ਨ ਦਾ ਸਨਮਾਨ ਕੀਤਾ ਗਿਆ। ਧੰਨਵਾਦ ਕਰਦੇ ਹੋਏ ਜਗਦੀਪ ਸਿੰਘ ਐਡਵੋਕੇਟ ਨੇ ਦੱਸਿਆ ਕਿ ਡਾ. ਰਾਜ ਕੁਮਾਰ ਗਰਗ ਪਿਛਲੇ ਸਮੇਂ ਤੋਂ ਸਿਹਤ ਪੱਖੋਂ ਢਿੱਲੇ ਚੱਲ ਰਹੇ ਹਨ। ਇਹ ਸਮਾਗਮ ਉਨ੍ਹਾਂ ਨੂੰ ਊਰਜਾ ਪ੍ਰਦਾਨ ਕਰੇਗਾ।ਇਸ ਮੌਕੇ ਰਾਜ ਕੁਮਾਰ ਗਰਗ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਇਸ ਸਮਗਾਮ ਵਿੱਚ ਦੂਰ ਦਰਾਡੇ ਤੋਂ ਸਾਹਿਤਕਾਰ ਸ਼ਾਮਿਲ ਹੋਏ ਜਿਨ੍ਹਾਂ ਵਿੱਚ ਹਰਦੀਪ ਸਿੰਘ, ਮਨਪ੍ਰੀਤ ਸਿੰਘ, ਸੰਦੀਪ, ਕਰਨੈਲ ਸਿੰਘ, ਚਰਨਜੀਤ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਡਾ. ਹਰਪ੍ਰੀਤ ਕੌਰ, ਡਾ. ਗੁਰਪ੍ਰੀਤ ਕੌਰ, ਭੁਪਿੰਦਰ ਸਿੰਘ ਆਦਿ ਪ੍ਰਮੁੱਖ ਹਨ।ਇਹ ਸਮਾਗਮ ਆਪਣੀ ਵੱਖਰੀ ਛਾਪ ਛੱਡ ਗਿਆ ਹੈ।

Install Punjabi Akhbar App

Install
×