ਦੁਕਾਨਾਂ ਰੂਪੀ ਡੇਰਿਆਂ ਦੀ ਤਰ੍ਹਾਂ ਗੁਰਦਵਾਰਿਆਂ ‘ਚ ਵੀ ਪੁੱਤਾਂ ਦੀਆਂ ਅਰਦਾਸਾਂ ਅਫ਼ਸੋਸਨਾਕ ਤੇ ਨਿੰਦਣਯੋਗ : ਪ੍ਰੋ.ਧੂੰਦਾ

 

Snap01ਕੋਟਕਪੂਰਾ ਦੇ ਨੇੜਲੇ ਪਿੰਡ ਢਿੱਲਵਾਂ ਕਲਾਂ ਦੇ ਇਤਿਹਾਸਕ ਗੁਰਦਵਾਰਾ ਗੋਦਾਵਰੀਸਰ ਪਾਤਸ਼ਾਹੀ ਦਸਵੀਂ ਵਿਖੇ ਕਰਵਾਏ ਜਾ ਰਹੇ ਦੋ ਰੋਜ਼ਾ ਗੁਰਮਤਿ ਚੇਤਨਾ ਸਮਾਗਮਾਂ ਦੇ ਪਹਿਲੇ ਦਿਨ ਪੰਥਕ ਵਿਦਵਾਨ ਤੇ ਸਿੱਖ ਚਿੰਤਕ ਪ੍ਰੋ.ਸਰਬਜੀਤ ਸਿੰਘ ਧੂੰਦਾ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਕਰਦਿਆਂ ਦਾਅਵਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ‘ਚ ਦਰਜ 15 ਭਗਤਾਂ ਦੀ ਬਾਣੀ ‘ਚੋਂ ਭਗਤ ਰਾਮਾਨੰਦ ਦੀ ਬਾਣੀ ਨੂੰ ਇਸ ਲਈ ਇਨਕਲਾਬੀ ਤੇ ਪ੍ਰੇਰਣਾਸਰੋਤ ਕਹਿਣਾ ਅਜੀਬ ਜਾਪਦਾ ਹੈ, ਕਿਉਂਕਿ ਭਗਤ ਰਾਮਾਨੰਦ ਜੀ ਦਾ ਸਾਰਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਮੂਰਤੀ ਪੂਜਾ ‘ਚ ਗ੍ਰਸਿਆ ਹੋਇਆ ਸੀ ਪਰ ਭਗਤ ਜੀ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ। ਉਨ੍ਹਾਂ ਦੱਸਿਆ ਕਿ ਦੁਕਾਨਾਂ ਰੂਪੀ ਡੇਰੇ ਆਪੂੰ ਕਾਮਯਾਬ ਨਹੀਂ ਹੋ ਰਹੇ, ਬਲਕਿ ਸਾਡੇ ਵਰਗੇ ਭੁਲੱਕੜ ਭੈਣਾਂ/ਵੀਰ ਖੁਦ ਗਲਤ-ਫ਼ਹਿਮੀ ਕਰਕੇ ਜਾਂ ਵਹਿਮਾਂ-ਭਰਮਾਂ ‘ਚ ਫ਼ਸ ਕੇ ਇਨ੍ਹਾਂ ਨੂੰ ਕਾਮਯਾਬ ਕਰਦੇ ਹਨ। ਉਨ੍ਹਾਂ ਮੜ੍ਹੀਆਂ-ਮਸਾਨਾਂ ਤੇ ਪੀਰਾਂ ਦੀਆਂ ਥਾਵਾਂ ‘ਤੇ ਮੱਥੇ ਰਗੜਣ ਵਾਲੇ ਸਿੱਖਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸਾਡੇ ਗੁਰਦਵਾਰਿਆਂ ‘ਚ ਬੈਠੇ ਪ੍ਰਚਾਰਕ ਉਨ੍ਹਾਂ ਨੂੰ ਅਜਿਹੇ ਵਹਿਮਾਂ-ਭਰਮਾਂ ਤੋਂ ਜਾਗਰੂਕ ਕਰਕੇ ਅਜਿਹੀਆਂ ਥਾਵਾਂ ‘ਤੇ ਨੱਕ ਰਗੜਣ ਤੋਂ ਵਰਜਦੇ ਪਰ ਓਪਰੀਆਂ ਕਸਰਾਂ ਦਾ ਡਰ-ਭੈਅ ਪੈਦਾ ਕਰਕੇ ਹੋਰ ਉਲਝਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਅੰਮ੍ਰਿਤਸਰ ਤੋਂ ਤਰਨਤਾਰਨ ਸੜਕ ‘ਤੇ ਬਣੀ ਬਾਬਾ ਨੌਧ ਸਿੰਘ ਜੀ ਦੀ ਸਮਾਧ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਉਥੇ ਮੱਥਾ ਨਾ ਟੇਕਣ ਵਾਲਿਆਂ ਦਾ ਨੁਕਸਾਨ ਹੋਣ ਦਾ ਡਰ ਪੈਦਾ ਕੀਤਾ ਗਿਆ ਹੈ ਪਰ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਸਿੱਖ ਨਾ ਕਿਸੇ ਤੋਂ ਡਰਦੈ ਤੇ ਨਾ ਹੀ ਕਿਸੇ ਨੂੰ ਡਰਾਉਂਦੈ। ਦੁਕਾਨਾਂ ਰੂਪੀ ਡੇਰਿਆਂ ‘ਚ ਸੁੱਖੀਆਂ ਜਾਂਦੀਆਂ ਪੁੱਤਾਂ ਦੀਆਂ ਸੁੱਖਾਂ ਦੀ ਤਰ੍ਹਾਂ ਗੁਰਦਵਾਰਿਆਂ ‘ਚ ਵੀ ਪੁੱਤਾਂ ਦੀਆਂ ਅਰਦਾਸਾਂ ਹੋਣ ਲੱਗ ਪਈਆਂ ਹਨ, ਜੋ ਕਿ ਅਫ਼ਸੋਸਨਾਕ ਹੀ ਨਹੀਂ ਬਲਕਿ ਨਿੰਦਣਯੋਗ ਵੀ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਗੁਰਦਵਾਰਿਆਂ ‘ਚੋਂ ਗੁਰਮਤਿ ਦੀ ਵਿੱਦਿਆ ਤੇ ਨੈਤਿਕਤਾ ਮਿਲਣੀ ਚਾਹੀਦੀ ਸੀ ਪਰ ਅੱਜ ਗੁਰਦਵਾਰਿਆਂ ‘ਚ ਵੀ ਬਹੁਤ ਸਾਰੀਆਂ ਗਲਤ ਰਸਮਾਂ ਘੁਸੇੜ ਦਿੱਤੀਆਂ ਗਈਆਂ, ਜਿਸ ਨੇ ਸੰਗਤ ਨੂੰ ਕੁਰਾਹੇ ਪਾਉਣ ‘ਚ ਅਹਿਮ ਰੋਲ ਅਦਾ ਕੀਤਾ। ਉਨ੍ਹਾਂ ਘਰਾਂ ‘ਚ ਬਜ਼ੁਰਗਾਂ ਨੂੰ ਪਾਣੀ ਨਾ ਪੁੱਛਣ ਵਾਲੀ ਔਲਾਦ ਵੱਲੋਂ ਡੱਕਾ ਤੋੜ ਕੇ ਦੂਹਰਾ ਨਾ ਕਰਨ ਵਾਲੇ ਅਖ਼ੌਤੀ ਬਾਬਿਆਂ ਦੀ ਪ੍ਰਕਰਮਾ ਕਰਨ ਦਾ ਮਖੌਲ ਉਡਾਉਂਦਿਆਂ ਦੱਸਿਆ ਕਿ ਤੁਹਾਡੇ ਮਾਪਿਆਂ ਨੇ ਤੁਹਾਨੂੰ ਸਭ ਕੁਝ ਦਿੱਤਾ ਪਰ ਅਖੌਤੀ ਬਾਬਿਆਂ ਨੇ ਉਲਟਾ ਤੁਹਾਡਾ ਸ਼ੋਸ਼ਣ ਹੀ ਕੀਤਾ। ਇਸ ਤੋਂ ਪਹਿਲਾਂ ਭਾਈ ਸੁਖਦੇਵ ਸਿੰਘ ਮਹਿਰਮ ਡੋਡਾਂ ਵਾਲਿਆਂ ਦੇ ਕਵੀਸ਼ਰੀ ਜੱਥੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਸਮੇਤ ਹੋਰ ਸ਼ਹੀਦਾਂ ਦੀ ਜੀਵਨੀ ਸਬੰਧੀ ਚਾਨਣਾ ਪਾਇਆ। ਪ੍ਰਬੰਧਕ ਪ੍ਰੀਤਮ ਸਿੰਘ ਸਮਰਾ ਨੇ ਸੰਗਤਾਂ ਦਾ ਧੰਨਵਾਦ ਕੀਤਾ।

 ਗੁਰਿੰਦਰ ਸਿ਼ੰਘ ਮਹਿੰਦੀਰਤਾ

Install Punjabi Akhbar App

Install
×