ਪੰਜਾਬ ਵਿੱਚ ਰਾਜ ਭਾਸ਼ਾ ਐਕਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਸੰਬੰਧੀ ਮੰਗ ਪੱਤਰ ਦਿੱਤਾ

Sng29-01

ਪੰਜਾਬੀ ਭਾਸ਼ਾ ਲਈ ਨਿਰੰਤਰ ਸੰਘਰਸ਼ੀਲ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਪੰਜਾਬ ਦੇ ਸਰਕਾਰੀ ਅਦਾਰਿਆਂ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਅਤੇ ਅਦਾਲਤਾਂ ਵਿੱਚ ਪੰਜਾਬ ਰਾਜ ਭਾਸ਼ਾ ਐਕਟ ਨੂੰ ਪੂਰਣ ਰੂਪ ਵਿੱਚ ਲਾਗੂ ਕਰਕੇ ਸਾਰਾ ਕੰਮ ਪੰਜਾਬੀ ਵਿੱਚ ਯਕੀਨੀ ਬਣਾਏ ਜਾਣ ਸੰਬੰਧੀ ਇੱਕ ਮੰਗ ਪੱਤਰ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਅਤੇ ਡਾ. ਭਗਵੰਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ ਸੰਗਰੂਰ ਦੀ ਅਗਵਾਈ ਵਿੱਚ ਪੰਜਾਬੀ ਪਿਆਰਿਆਂ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ. ਹਰਪਾਲ ਸਿੰਘ ਚੀਮਾਂ ਨੂੰ ਦਿੱਤਾ ਗਿਆ। ਇਸ ਵਫਦ ਵਿੱਚ ਦਲਬੀਰ ਸਿੰਘ, ਕਾਮਰੇਡ ਮੰਗਲ ਸਿੰਘ, ਮੁਨੇਸ਼ ਕੁਮਾਰ, ਡਾ. ਦਵਿੰਦਰ ਕੋਰ, ਗੁਰਨਾਮ ਸਿੰਘ, ਚਰਨਜੀਤ ਸਿੰਘ ਆਦਿ ਸ਼ਾਮਲ ਹੋਏ। ਵਫਦ ਨੇ ਮੰਗ ਕੀਤੀ ਕਿ ਇਸ ਮਸਲੇ ਨੂੰ ਵਿਧਾਨ ਸਭਾ ਵਿੱਚ ਉਠਾਇਆ ਜਾਵੇ। ਇਸ ਮੌਕੇ ਡਾ. ਤੇਜਵੰਤ ਮਾਨ ਨੇ ਦੱਸਿਆ ਕਿ ਪੰਜਾਬ ਰਾਜ ਭਾਸ਼ਾ ਤਰਮੀਮ ਐਕਟ 2008 ਦੀ ਧਾਰਾ 3ਬੀ ਅਨੁਸਾਰ “ਪੰਜਾਬ ਸਰਕਾਰ ਦੇ ਸਾਰੇ ਦਫਤਰਾਂ, ਸਰਕਾਰੀ ਖੇਤਰ ਦੇ ਅਦਾਰਿਆਂ, ਬੋਰਡਾਂ ਅਤੇ ਲੋਕਲ ਬਾਡੀਜ਼ ਅਤੇ ਰਾਜ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਦਫਤਰਾਂ ਵਿੱਚ ਸਾਰਾ ਕੰਮ ਪੰਜਾਬੀ ਵਿੱਚ ਕੀਤਾ ਜਾਵੇਗਾ।”  ਪਰ ਹਕੀਕਤ ਵਿੱਚ ਇਸ ਦੇ ਉਲਟ ਹੋ ਰਿਹਾ ਹੈ। ਸਾਰੇ ਸਰਕਾਰੀ ਦਫਤਰਾਂ ਵਿੱਚ ਬਹੁਤਾ ਕੰਮ ਅੰਗਰੇਜੀ ਵਿੱਚ ਹੋ ਰਿਹਾ ਹੈ, ਅਤੇ ਸਕੱਤਰੇਤ ਤੋਂ ਸਰਕੂਲਰ ਅੰਗਰੇਜੀ ਵਿੱਚ ਜਾਰੀ ਕੀਤੇ ਜਾ ਰਹੇ ਹਨ। ਸਕੂਲਾਂ ਵਿੱਚ ਅੰਗ੍ਰੇਜ਼ੀ ਮਾਧਿਆਮ ਵਿੱਚ ਪੜ੍ਹਾਉਣ ਲਈ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਇਹ ਰਾਜ ਭਾਸ਼ਾ ਐਕਟ ਦੀ ਉਲੰਘਣਾ ਹੈ। ਇਸ ਤੇ ਸ. ਹਰਪਾਲ ਸਿੰਘ ਚੀਮਾ, ਨੇਤਾ ਵਿਰੋਧੀ ਧਿਰ ਨੇ ਵਫਦ ਨੂੰ ਯਕੀਨ ਦਿਵਾਇਆ ਕਿ ਮਾਂ ਬੋਲੀ ਪੰਜਾਬੀ ਨੂੰ ਸਰਕਾਰੇ ਦਰਬਾਰੇ ਮਾਣ ਸਤਿਕਾਰ ਦਿਵਾਉਣ ਲਈ ਹਰ ਸੰਭਵ ਯਤਨ ਕਰਨਗੇ।

Install Punjabi Akhbar App

Install
×