ਪਹਿਲਾਂ ਮੰਗ-ਪੱਤਰ: ..ਤਾਂ ਕਿ ਗੱਲ ਬਣੇ ਸਲੀਕੇ ਨਾਲ

  • ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਕਮੇਟੀ ਅਤੇ 9 ਹੋਰ ਸੰਸਥਾਵਾਂ ਨੇ ਸਾਂਝਾ ਮੰਗ ਪੱਤਰ ‘ਕੌਂਸਲੇਟ ਆਫ ਇੰਡੀਆ’ ਨੂੰ ਸੌਂਪਿਆ
  • ਆਨਰੇਰੀ ਕੌਂਸਿਲ ਔਕਲੈਂਡ ਸ੍ਰੀ ਭਵ ਢਿੱਲੋਂ ਨੇ ਮੰਗ ਪੱਤਰ ਭਾਰਤ ਤੱਕ ਪਹੁੰਚਾਉਣ ਦਾ  ਪੁੱਜੇ 60 ਮੈਂਬਰਾਂ ਨੂੰ ਦਿੱਤਾ ਭਰੋਸਾ- ਤੇ ਕੀਤੀ ਆਓ ਭਗਤ
(ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ ਵਿਚ ਰਾਸ਼ਟਰਪਤੀ ਲਈ ਮੰਗ ਪੱਤਰ ਦੇਣ ਪਹੁੰਚੇ ਨਿਊਜ਼ੀਲੈਂਡ ਸ੍ਰੀ ਗੁਰੂ ਰਵਿਦਾਸ ਸਭਾ ਅਤੇ ਹੋਰ ਸੰਸਥਾਵਾਂ ਦੇ ਮੈਂਬਰ)
(ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ ਵਿਚ ਰਾਸ਼ਟਰਪਤੀ ਲਈ ਮੰਗ ਪੱਤਰ ਦੇਣ ਪਹੁੰਚੇ ਨਿਊਜ਼ੀਲੈਂਡ ਸ੍ਰੀ ਗੁਰੂ ਰਵਿਦਾਸ ਸਭਾ ਅਤੇ ਹੋਰ ਸੰਸਥਾਵਾਂ ਦੇ ਮੈਂਬਰ)

ਔਕਲੈਂਡ 19 ਅਗਸਤ – ਦਿੱਲੀ ਦੇ ਤੁਗਲਕਾਬਾਦ ਇਲਾਕੇ ‘ਚ ਸਥਿਤ ਪੁਰਾਤਨ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਤੋੜ ਕੇ ਹਟਾ ਦਿੱਤਾ ਗਿਆ ਸੀ, ਜਿਸਦਾ ਲਗਾਤਾਰ ਵਿਰੋਧ ਦੇਸ਼-ਵਿਦੇਸ਼ ‘ਚ ਹੋ ਰਿਹਾ ਹੈ। ਵਿਰੋਧ ਵਿਚ ਪੰਜਾਬ ਬੰਦ ਵੀ ਰਿਹਾ ਤੇ ਦਿੱਲੀ ਬੰਦ ਦਾ ਵੀ ਸੱਦਾ ਦਿੱਤਾ ਗਿਆ। 21 ਅਗਸਤ ਨੂੰ ਜੰਤਰ-ਮੰਤਰ ਵਿਖੇ ਰੋਸ ਪ੍ਰਦਰਸ਼ਨ ਹੋਣਾ ਹੈ। ਇਸ ਸਬੰਧੀ ਨਿਊਜ਼ੀਲੈਂਡ ਦੇ ਵਿਚ ਵੀ ਵਿਰੋਧ ਦੀ ਸੁਰ ਤੇਜ਼ ਹੋ ਰਹੀ ਹੈ। ਬੀਤੇ ਦਿਨੀਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਅਤੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਹੇਸਟਿੰਗਜ਼ ਵਿਖੇ ਵੀ ਇਕ ਸਾਂਝੀ ਮੀਟਿੰਗ  ਕੀਤੀ ਜਾ ਚੁੱਕੀ ਹੈ।  ਪ੍ਰਧਾਨ ਪਰਮਜੀਤ ਮਹਿਮੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਸ਼ਾਮ 5 ਵਜੇ ਆਨਰੇਰੀ ਕੌਂਸਿਲ ਸ੍ਰੀ ਭਵ ਢਿੱਲੋਂ ਦੇ ਓਨੀਹੰਗਾ ਦਫਤਰ ਵਿਖੇ 9 ਹੋਰ ਸੰਸਥਾਵਾ ਦੇ ਮੈਂਬਰ ਇਸ ਮਾਮਲੇ ਸਬੰਧੀ ਭਾਰਤ ਦੇ ਰਾਸ਼ਟਰਪਤੀ ਅਤੇ ਭਾਰਤ ਸਰਕਾਰ ਦਾ ਧਿਆਨ ਖਿੱਚਣ ਲਈ ਇਕ ਮੰਗ ਪੱਤਰ ਭੇਟ ਕਰਨ ਪਹੁੰਚੇ। ਮੰਗ ਪੱਤਰ ਦੇ ਵਿਚ ਜਿੱਥੇ ਇਸ ਮੰਦਿਰ ਦੀ ਇਤਿਹਾਸਕ ਮੱਹਤਤਾ ਬਾਰੇ ਚਾਨਣਾ ਪਾਇਆ ਗਿਆ ਹੈ ਉਥੇ ਧਾਰਮਿਕ ਸੰਸਥਾਨਾਂ ਨੂੰ ਆਜ਼ਾਦੀ ਦਿੰਦੇ ਸੰਵਿਧਾਨਿਕ ਹੱਕਾਂ (ਆਰਟੀਕਲ 18-ਸਿਵਲ ਅਤੇ ਪਾਲੀਟੀਕਲ ਰਾਈਟਸ) ਵੱਲ ਵੀ ਧਿਆਨ ਦਿਵਾਇਆ ਗਿਆ ਹੈ। ਇੰਡੋ-ਕੀਵੀਜ਼ ਭਾਰਤੀਆਂ ਦੀ ਤਰਜ਼ਮਾਨੀ ਕਰਦਾ ਇਹ ਦੋ ਸਫਿਆਂ ਦਾ ਮੰਗ ਪੱਤਰ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਵੀ ਪਹੁੰਚਾਇਆ ਜਾਣਾ ਹੈ। ਆਨਰੇਰੀ ਕੌਂਸਿਲ ਸ੍ਰੀ ਭਵ ਢਿੱਲੋਂ ਨੇ ਜਿੱਥੇ ਆਏ ਸਾਰੇ ਮੈਂਬਰਜ਼ ਨੂੰ ‘ਜੀ ਆਇਆਂ’ ਕਿਹਾ ਉਥੇ ਆਓ ਭਗਤ ਕਰਕੇ ਪੂਰਾ ਸਨਮਾਨ ਦਿੱਤਾ। ਉਨ੍ਹਾਂ ਵਿਸਥਾਰ ਸਾਹਿਤ ਗੱਲ ਸੁਣੀ ਅਤੇ ਕਿਹਾ ਕਿ ਉਹ ਇਹ ਮੰਗ ਪੱਤਰ ਜਿੱਥੇ ਭਾਰਤ ਸਰਕਾਰ ਤੱਕ ਪੁੱਜਦਾ ਕਰਨਗੇ ਅਤੇ ਉਥੋਂ ਇਸ ਦੇ ਜਵਾਬ ਵਿਚ ਆਇਆ ਉਤਰ ਵੀ ਸਾਂਝਾ ਕਰਨਗੇ। ਮੰਗ ਪੱਤਰ ਨੂੰ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਦੇ ਵਿਚ ਨਿਊਜ਼ੀਲੈਂਡ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ, ਨਿਊਜ਼ੀਲੈਂਡ ਸ੍ਰੀ ਗੁਰੂ ਰਵਿਦਾਸ ਸਭਾ ਹੇਸਟਿੰਗਜ਼, ਦਾ ਬੇਗਮਪੁਰਾ ਫਾਊਂਡੇਸ਼ਨ, ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ, ਅੰਬੇਡਕਰ ਮਿਸ਼ਨ ਸੁਸਾਇਟੀ, ਗੋਪੀਓ ਪੁੱਕੀਕੁਈ, ਗੋਪੀਓ ਬੰਬੇ ਹਿੱਲ, ਸ਼ਹੀਦ ਭਗਤ ਸਿੰਘ ਚੈਰੀਟੇਬਲ ਟ੍ਰਸਟ ਔਕਲੈਂਡ, ਬੇਗਮਪੁਰਾ ਸਟੱਡੀ ਐਂਡ ਸਪੋਰਟਸ ਕਲੱਬ ਪਾਪਾਕੁਰਾ ਅਤੇ ਪੰਜਾਬ ਸਿੱਖ ਕੌਂਸਿਲ ਸ਼ਾਮਿਲ ਹਨ। ਮੰਗ ਪੱਤਰ ਦੇਣ ਵਾਲਿਆਂ ਵਿਚ ਬੀਬੀਆਂ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੀਆਂ ਹੋਈਆਂ ਸਨ। ਮੰਗ ਪੱਤਰ ਦੇਣ ਦਾ ਮੁੱਖ ਮਕਸਦ ਹੈ ਕਿ ਸਾਰਾ ਮਾਮਲਾ ਸਲੀਕੇ ਨਾਲ ਹੱਲ ਹੋ ਸਕੇ।

Install Punjabi Akhbar App

Install
×