ਪੈ ਈ ਗਿਆ ਖਿਲੇਰਾ…ਡੈਲਟਾ ਦਾ -ਨਿਊਜ਼ੀਲੈਂਡ ’ਚ 11 ਨਵੇਂ ਡੈਲਟਾ ਕੋਵਿਡ ਕੇਸ ਆਉਣ ਬਾਅਦ ਕੁੱਲ ਗਿਣਤੀ 21 ਹੋਈ, 2 ਹਸਪਤਾਲ ਦਾਖਲ

ਕਰੋਨਾ ਦੀ ਆਮਦ ਸਿਡਨੀ ਤੋਂ ਮੁੜੇ ਕਿਸੇ ਵਿਅਕਤੀ ਨਾਲ ਸੰਭਵ
360 ਲੋਕ ਪਾਜ਼ੇਟਿਵ ਲੋਕਾਂ ਦੇ ਨੇੜੇ ਰਹੇ ਪਾਏ ਗਏ

ਔਕਲੈਂਡ :-ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਨ ਨੇ ਅੱਜ ਰਾਸ਼ਟਰ ਨੂੰ ਅੱਪਡੇਟ ਦਿੰਦਿਆ ਦੱਸਿਆ ਕਿ ਔਕਲੈਂਡ ਖੇਤਰ ਦੇ ਵਿਚ ਪਿਛਲੇ 24 ਘੰਟਿਆਂ ਦੌਰਾਨ 11 ਨਵੇਂ ਕੇਸ ਆਏ ਹਨ ਅਤੇ ਕੁੱਲ ਗਿਣਤੀ 21 ਹੋ ਗਏ ਹਨ। ਇਨ੍ਹਾਂ ਵਿਚੋਂ 2 ਦੀ ਹਾਲਤ ਠੀਕ ਨਹੀਂ ਹੈ ਅਤੇ ਉਨ੍ਹਾਂ ਨੂੰ ਬੀਤੀ ਰਾਤ ਨਾਰਥ ਸ਼ੋਰ ਦੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਪਰ ਇਨ੍ਹਾਂ ਦੀ ਸਥਿਤੀ ਤਸੱਲੀਬਖਸ਼ ਹੈ।
 19 ਲੋਕ ਕੁਆਰਨਟੀਨ ਸਹੂਲਤ ਦੇ ਵਿਚ ਭਰਤੀ ਹਨ। ਪਹਿਲੇ ਦਿਨ ਆਏ ਕੇਸ ਦੇ ਨਾਲ ਸਬੰਧਿਤ ਕਰੋਨਾ ਗ੍ਰਸਤ ਲੋਕਾਂ ਦੀ ਗਿਣਤੀ 12 ਹੈ। ਬਾਕੀ 8 ਲੋਕਾਂ ਦੀ ਜਾਨ ਚੱਲ ਰਹੀ ਹੈ ਅਤੇ ਇਕ ਕਰਮਚਾਰੀ ਏਅਰਲਾਈਨ ਨਾਲ ਸਬੰਧਿਤ ਹੈ। ਕਰਾਊਨ ਪਲਾਜ਼ਾ ਹੋਟਲ ਦੇ ਵਿਚੋਂ ਵੀ ਤਿੰਨ ਲੋਕ 12ਵੇਂ ਦਿਨ ਠਹਿਰਣ ਬਾਅਦ ਪਾਜ਼ੇਟਿਵ ਪਾਏ ਗਏ ਹਨ ਜਿਨ੍ਹਾਂ ਨੂੰ ਅਜੇ ਹੋਰ ਰੋਕਿਆ ਜਾਣਾ ਹੈ।
ਕੁਝ ਥਾਵਾਂ ਉਤੇ ਨਿਕਾਸ ਹੋ ਚੁੱਕੇ ਗੰਦੇ ਪਾਣੀ ਦੇ ਸੈਂਪਲ ਵੀ ਲਏ ਗਏ ਹਨ ਅਤੇ ਕੁਝ ਪਾਜ਼ੇਟਿਵ ਆਏ ਹਨ ਅਤੇ ਕੁਝ ਨੈਗੇਟਿਵ।  ਕਰੋਨਾ ਦੀ ਆਮਦ ਵਾਸਤੇ 7 ਅਗਸਤ ਦੀ ਸਿਡਨੀ ਫਲਾਈਟ ਨੂੰ ਸ਼ੱਕੀ ਤੌਰ ’ਤੇ ਵੇਖਿਆ ਜਾ ਰਿਹਾ ਹੈ। ਬੀਤੇ ਕੱਲ੍ਹ 16,000 ਲੋਕਾਂ ਦੇ ਕਰੋਨਾ ਸੈਂਪਲ ਲਏ ਗਏ। 360 ਲੋਕ ਅਜਿਹੇ ਪਾਏ ਗਏ ਜਿਹੜੇ ਪਾਜ਼ੇਟਿਵ ਲੋਕਾਂ ਦੇ ਨੇੜੇ ਜਾਂ ਸੰਪਰਕ ਵਿਚ ਰਹੇ। ਕੱਲ 13 ਲੋਕਾਂ ਨੇ ਸਿਹਤ ਵਿਭਾਗ ਦੀ ਵੈਬਸਾਈਟ ਉਤੇ ਝਾਤ ਮਾਰੀ। ਸਰਕਾਰ ਨੇ ਹੁਣ 40 ਸਾਲ ਵਾਲਿਆਂ ਲਈ ਵੀ ਟੀਕਾਕਰਣ ਦੀ ਸਹੂਲਤ ਖੋਲ੍ਹ ਦਿੱਤੀ ਹੈ ਕੱਲ੍ਹ 195,537 ਲੋਕਾਂ ਨੇ ਆਪਣਾ ਨਾਂਅ ਟੀਕਾ ਲਗਵਾਉਣ ਲਈ ਦਰਜ ਕਰਵਾਇਆ। ਵਰਨਣਯੋਗ ਹੈ ਕਿ ਇਨੀਂ ਦਿਨੀਂ ਹਰ ਵੈਕਸੀਨ ਟੈਸਟਿੰਗ ਸੈਂਟਰ ਉਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।  ਨਿਊਜ਼ੀਲੈਂਡ ਦੇ ਵਿਚ ਲਗਦਾ ਹੁਣ ਕਰੋਨਾ ਦਾ ਇਕ ਤਰ੍ਹਾਂ ਨਾਲ ਖਿਲਾਰਾ ਹੀ ਪੈ ਗਿਆ ਹੈ ਜਿਸ ਨੂੰ ਸਮੇਟਣ ਲਈ ਅਜੇ ਸਮਾਂ ਲੱਗੇਗਾ।

Welcome to Punjabi Akhbar

Install Punjabi Akhbar
×
Enable Notifications    OK No thanks