ਦਿੱਲੀ ਵਾਲਾ ਅਸ਼ੋਕ ਤੇ ਪੁਲਾੜ ਵਾਲਾ ਕ੍ਰਿਸ

ਵੈਲੇਨਟਾਈਨ ਡੇਅ ਦੌਰਾਨ ਜਦੋਂ ਸੋਸ਼ਲ ਮੀਡੀਏ ‘ਤੇ ਮੋਹ ਮੁਹੱਬਤ ਦੇ ਸੰਦੇਸ਼ ਦੇਖ ਰਿਹਾ ਸੀ ਤਾਂ ਮੇਰੇ ਜ਼ਿਹਨ ‘ਚ ਪਿਛਲੇ ਦਿਨਾਂ ਦੌਰਾਨ ਮਿਲੇ ਦੋ ਸ਼ਖਸ ਯਾਦ ਆਏ। ਦਿੱਲੀ ਵਾਲਾ ਅਸ਼ੋਕ ਤੇ ਕੈਨੇਡੀਅਨ ਪੁਲਾੜ ਵਿਗਿਆਨੀ ਕ੍ਰਿਸ ਹੈਡਫੀਲਡ (Chris Hadfield)। ਖੈਰ ਕ੍ਰਿਸ ਨੂੰ ਤਾਂ ਬਹੁਤੇ ਲੋਕ ਜਾਣਦੇ ਹੋਣੇ ਨੇ। ਉਹ ਪੁਲਾੜ ਵਿੱਚ ਜਾਣ ਵਾਲਾ ਪਹਿਲਾ ਕੈਨੇਡੀਅਨ ਸੀ ਅਤੇ ਉਹ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਦਾ ਕਮਾਂਡਰ ਵੀ ਰਿਹਾ ਹੈ।

ਪਰ ਇਹ ਅਸ਼ੋਕ ਕੌਣ ਹੈ? ਅਸ਼ੋਕ ਮੇਰੇ ਮਿੱਤਰ ਡਾ ਬਲਵਿੰਦਰ ਨਾਲ ਕੰਮ ਕਰਦਾ ਇੱਕ ਡਰਾਈਵਰ ਹੈ, ਜੋ ਮੈਨੂੰ ਦਿੱਲੀ ਏਅਰਪੋਰਟ ਤੋਂ ਲੈਣ ਆਇਆ ਸੀ। ਏਅਰਪੋਰਟ ਅਤੇ ਬਲਵਿੰਦਰ ਦੇ ਦਿੱਲੀ ਵਿਚਲੇ ਘਰ ਪਹੁੰਚਣ ਤੱਕ ਮੇਰੀ ਤੇ ਅਸ਼ੋਕ ਦੀ ਗੁਫਤਗੂ ਹੋਈ। ਗੱਲਬਾਤ ਤੋਂ ਅਸ਼ੋਕ ਹਰਿਆਣਵੀ ਲੱਗਦਾ ਸੀ ਅਤੇ ਉਹ ਦਿੱਲੀ ਵਿੱਚ ਉਸੇ ਦਿਨ ਅੱਠ ਫਰਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਉੱਤੇ ਬੇਬਾਕ ਟਿੱਪਣੀਆਂ ਕਰ ਰਿਹਾ ਸੀ। ਗੱਡੀ ਸੜਕ ‘ਤੇ ਲਗਾਤਾਰ ਚੱਲ ਰਹੀ ਹੈ ਬਿਲਕੁਲ ਅਸ਼ੋਕ ਦੀ ਜ਼ਬਾਨ ਵਾਂਗ ਜਿਹੜੀ ਕਿ ਚੋਣਾਂ ਦੇ ਸੰਦਰਭ ਵਿੱਚ ਦਿੱਲੀ ਵਿਚਲੇ ਮੁਸਲਮਾਨਾਂ ਖ਼ਿਲਾਫ਼ ਜ਼ਹਿਰ ਉਗਲ ਰਹੀ ਹੈ। ਮੇਰੇ ਗੱਲਬਾਤ ਵਿੱਚ ਦਿਲਚਸਪੀ ਨਾ ਲੈਣ ਦੇ ਬਾਵਜੂਦ ਵੀ ਅਸ਼ੋਕ ਆਪਣਾ ਸੰਦੇਹ ਪ੍ਰਗਟ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਮੁਸਲਮਾਨਾਂ ਦੀ ਗਿਣਤੀ ਵਧ ਰਹੀ ਹੈ ਅਤੇ ਉਥੇ ਹਿੰਦੂਆਂ ਦਾ ਰਹਿਣਾ ਹੁਣ ਦੁੱਭਰ ਹੋ ਗਿਆ ਹੈ। ਉਹ ਕਾਰ ਵਿੱਚ ਇੱਕ ਰੇਡੀਓ ਚੈਨਲ ਵੀ ਲਾਈ ਬੈਠਾ ਸੀ ਜਿਹੜਾ ਇੱਕ ਫਿਰਕੇ, ਇੱਕ ਪਾਰਟੀ ਖਿਲਾਫ ਜ਼ਹਿਰ ਉਗਲ ਰਿਹਾ ਸੀ। ਅਸ਼ੋਕ ਇੱਕ ਪਾਰਟੀ ਦਾ ਭਗਤ ਹੈ ਅਤੇ ਉਸ ਨੂੰ ਪੂਰਨ ਯਕੀਨ ਹੈ ਕਿ ਇਹ ਪਾਰਟੀ ਹੀ ਉਸ ਜਿਹੇ ਆਮ ਹਿੰਦੂਆਂ ਨੂੰ ਬਚਾ ਸਕੇਗੀ। ਉਸ ਦੀਆਂ ਜ਼ਿਆਦਾ ਗੱਲਾਂ ਦਾ ਵਿਸ਼ਾ ਹਿੰਦੂ-ਮੁਸਲਮਾਨ ਹੀ ਹੈ। ਉਹ ਅਜਿਹੀਆਂ ਕੁਝ ਹੋਰ ਗੱਲਾਂ ਕਰਦਾ ਹੈ ਪਰ ਮੈਂ ਬਲਵਿੰਦਰ ਦਾ ਘਰ ਆਉਣ ਤੱਕ ਉਹਦੀਆਂ ਗੱਲਾਂ ਨੂੰ ਅਣਸੁਣਿਆ ਕਰਨ ਦੀ ਨਾਕਾਮ ਕੋਸ਼ਿਸ਼ ਕਰਦਾ ਰਿਹਾ।

ਦੂਸਰੇ ਪਾਸੇ ਕੁਝ ਦਿਨ ਪਹਿਲਾਂ ਵਿਨੀਪੈੱਗ ਵਿੱਚ ਕੈਨੇਡੀਅਨ ਪੁਲਾੜ ਵਿਗਿਆਨੀ ਕ੍ਰਿਸ ਹੈਡਫੀਲਡ ਨੂੰ ਸੁਣਨ ਦਾ ਮੌਕਾ ਮਿਲਿਆ। ਲਗਭਗ ਇੱਕ ਘੰਟੇ ਦੇ ਭਾਸ਼ਣ ਵਿੱਚ ਕ੍ਰਿਸ ਨੇ ਜਿੱਥੇ ਆਪਣੇ ਖ਼ਤਰਨਾਕ ਪੁਲਾੜੀ ਅਨੁਭਵਾਂ ਬਾਰੇ ਦੱਸਿਆ ਉੱਥੇ ਮਨੁੱਖ ਦੀਆਂ ਪੁਲਾੜੀ ਪ੍ਰਾਪਤੀਆਂ ਅਤੇ ਭਵਿੱਖ ਵਿੱਚ ਚੰਨ ਅਤੇ ਦੂਜੇ ਗ੍ਰਹਿਆਂ ‘ਤੇ ਮਨੁੱਖੀ ਬਸਤੀਆਂ ਵਸਾਉਣ ਬਾਰੇ ਵੀ ਜ਼ਿਕਰ ਕੀਤਾ।

ਪਰ ਵੈਲੇਨਟਾਈਨ ਡੇਅ ਦੇ ਸੰਦਰਭ ਵਿੱਚ ਜਿਹੜੀ ਗੱਲ ਮੈਨੂੰ ਟੁੰਬੀ, ਉਹ ਅਖੀਰ ਵਿੱਚ ਕਿਸੇ ਦੁਆਰਾ ਕ੍ਰਿਸ ਨੂੰ ਪੁੱਛਿਆ ਇੱਕ ਸਵਾਲ ਸੀ। ਸਵਾਲ ਇਹ ਸੀ ਕਿ ਉਸਨੂੰ ਪੁਲਾੜ ਵਿੱਚ ਰਹਿੰਦਿਆਂ ਸਭ ਤੋਂ ਵਿਲੱਖਣ ਅਹਿਸਾਸ ਕੀ ਹੋਇਆ?

ਯਕੀਨਨ ਕ੍ਰਿਸ ਲਈ ਇਹ ਇੱਕ ਔਖਾ ਸਵਾਲ ਸੀ। ਜਿਹੜਾ ਬੰਦਾ ਪੁਲਾੜ (ਜ਼ਿਆਦਾਤਰ ਸਮਾਂ ਅੰਤਰਰਾਸ਼ਟਰੀ ਸਪੇਸ ਸਟੇਸ਼ਨ ‘ਤੇ) ਵਿੱਚ ਲਗਭਗ ਸਾਢੇ ਪੰਜ ਮਹੀਨੇ ਰਹਿ ਕੇ ਆਇਆ ਹੋਵੇ ਅਤੇ ਜੀਹਦੇ ਹੇਠਾਂ ਹਰ 90 ਮਿੰਟਾਂ ਵਿੱਚ ਧਰਤੀ ਇੱਕ ਪੂਰਾ ਚੱਕਰ ਕੱਟਦੀ ਹੋਵੇ ਅਤੇ ਜੀਹਦੇ ਅੱਖਾਂ ਸਾਹਵੇਂ ਧਰਤੀ ਕਰੀਬ 2600 ਚੱਕਰ ਕੱਟ ਚੁੱਕੀ ਹੋਵੇ, ਉਹਦੇ ਕੋਲ ਇਸ ਸਵਾਲ ਬਾਰੇ ਬੋਲਣ ਲਈ ਬਹੁਤ ਕੁਝ ਹੋਵੇਗਾ।

ਕ੍ਰਿਸ ਕੁਝ ਪਲ ਲਈ ਸੋਚਣ ਲੱਗਿਆ। ਥੋੜ੍ਹਾ ਭਾਵੁਕ ਹੋ ਕੇ ਬੋਲਣ ਲੱਗਾ ਕਿ ਉਹ ਧਰਤੀ ਦੀ ਖ਼ੂਬਸੂਰਤੀ ਅਤੇ resiliency ਤੋਂ ਬਲਿਹਾਰੇ ਜਾਂਦਾ ਹੈ। 400 ਕਿੱਲੋਮੀਟਰ ਦੀ ਪੁਲਾੜੀ ਉਚਾਈ (ਜਿੱਥੇ ਹਰ ਪਾਸੇ ਹਨੇਰਾ ਪਸਰਿਆ ਹੁੰਦੈ) ਤੋਂ ਧਰਤੀ ਜਿਸ ਤਰ੍ਹਾਂ ਦਿਖਦੀ ਹੈ ਉਸ ਬਾਰੇ ਧਰਤੀ ‘ਤੇ ਬੈਠਿਆਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਸਨੇ ਧਰਤੀ ਦੇ ਬਦਲਦੇ ਰੰਗ ਦੇਖੇ ਨੇ। ਬਦਲਦੀਆਂ ਰੁੱਤਾਂ ਦੌਰਾਨ ਜਦੋਂ ਉਸਨੇ ਧਰਤੀ ਦਾ ਢਹਿੰਦਾ ਉਸਰਦਾ ਰੂਪ ਦੇਖਿਆ ਤਾਂ ਉਹਨੂੰ ਧਰਤੀ ਸਮਿਆਂ ਦੌਰਾਨ ਸਾਹ ਲੈਂਦੀ ਜਾਪੀ। ਇੱਕ ਜਿਊਂਦਾ ਜਾਗਦਾ ਥਲ ਦਾ ਟੁਕੜਾ।

ਲਗਭਗ ਪੰਜ ਮਹੀਨੇ ਧਰਤੀ ਦੁਆਲੇ ਘੁੰਮਦੇ ਘੁੰਮਦੇ ਉਸਨੇ ਸੌਰ ਮੰਡਲ ਦਾ ਵੀ ਅੱਧਾ ਕੁ ਚੱਕਰ ਪੂਰਾ ਕਰ ਲਿਆ ਸੀ। ਕ੍ਰਿਸ ਅਨੁਸਾਰ ਉਸਨੂੰ ਜਾਪਿਆ ਕਿ ਜਿਵੇਂ ਉਹ ਧਰਤੀ ਦੇ ਸਾਢੇ ਚਾਰ ਬਿਲੀਅਨ ਸਾਲ ਪੁਰਾਣੇ ਇਤਿਹਾਸ ਦਾ ਗਵਾਹ ਹੋਵੇ ਕਿ ਕਿਵੇਂ ਧਰਤੀ ਸਾਲ ਦਰ ਸਾਲ ਸੂਰਜ ਦੁਆਲੇ ਚੱਕਰ ਲਾਉਂਦੀ ਲਾਉਂਦੀ ਵਿਕਾਸ ਦੇ ਇਸ ਪੜਾਅ ‘ਤੇ ਪਹੁੰਚੀ।

ਹਾਲਾਂਕਿ ਉਹ ਪੁਲਾੜ ਵਿੱਚ ਬੈਠਾ ਮਨੁੱਖ ਦੀ ਸੁਪਰੀਮ ਸ਼ਕਤੀ ਦਾ ਪ੍ਰਤੀਕ ਸੀ, ਫਿਰ ਵੀ ਉਸਨੂੰ ਮਹਿਸੂਸ ਹੋਇਆ ਕਿ ਧਰਤੀ ਦੀ ਸਹਿਣਸ਼ੀਲਤਾ (resiliency) ਸਾਹਮਣੇ ਮਨੁੱਖ ਕੁਝ ਵੀ ਨਹੀਂ। ਕੁਦਰਤ ਦੀਆਂ ਅਨੰਤ ਸ਼ਕਤੀਆਂ ਸਾਹਵੇਂ ਉਹਨੂੰ ਆਪਣਾ ਵਜੂਦ ਬਹੁਤ ਛੋਟਾ ਲੱਗਿਆ।

ਕ੍ਰਿਸ ਅਨੁਸਾਰ ਉਹਨੂੰ ਲੱਗਿਆ ਕਿ ਜਿੱਥੇ ਧਰਤੀ ਦੀ resiliency ਐਨੀ ਜ਼ਿਆਦਾ ਹੈ ਉੱਥੇ ਧਰਤੀ ਉੱਪਰ ਰਾਜ ਕਰਨ ਵਾਲਾ ਮਨੁੱਖ ਸਹਿਣਸ਼ੀਲਤਾ ਤੋਂ ਕਿੰਨਾ ਸੱਖਣਾ ਹੈ। ਉੱਪਰ ਚੱਕਰ ਲਾਉੰਦੇ ਨੂੰ ਉਹਨੂੰ ਸਾਰੀ ਧਰਤੀ ਦੇ ਬਸ਼ਿੰਦੇ ਇੱਕੋ ਜਾਪਦੇ, ਪਰ ਹੇਠਾਂ ਸਾਡੇ ਦਰਮਿਆਨ ਕਿੰਨੀਆਂ ਕੰਧਾਂ ਨੇ।

ਕ੍ਰਿਸ ਨੇ ਆਏ ਸਰੋਤਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਵਿੱਚ ਸਹਿਣਸ਼ੀਲਤਾ ਪੈਦਾ ਕਰੋ। ਉਹਨਾਂ ਨੂੰ ਆਪਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ world citizens ਬਣਾਓ। ਕ੍ਰਿਸ ਅਨੁਸਾਰ ਦੁਨੀਆਂ ਨੂੰ ਖ਼ੂਬਸੂਰਤ ਬਣਾਈ ਰੱਖਣ ਲਈ ਸਾਨੂੰ ਮੋਹ ਦੀਆਂ ਤੰਦਾਂ ਹੋਰ ਮਜ਼ਬੂਤ ਕਰਨੀਆਂ ਪੈਣਗੀਆਂ ।

ਵੈਲੇਨਟਾਈਨ ਡੇਅ ਮੋਹ ਮੁਹੱਬਤ ਦੀ ਗੱਲ ਕਰਨ ਦਾ ਦਿਨ ਸੀ। ਆਪਣੇ ਪਿਆਰਿਆਂ ਨੂੰ ਅਪਣੱਤ ਦੇ ਇਜ਼ਹਾਰ ਦਾ ਦਿਨ। ਮੈਂ ਇੱਕ ਪਾਸੇ ਦਿੱਲੀ (ਜਾਂ ਦੁਨੀਆਂ ਦੇ ਕਿਸੇ ਵੀ ਹੋਰ ਹਿੱਸੇ) ਦੀਆਂ ਗਲ਼ੀਆਂ ‘ਚ ਪਲੀਤੇ ਅਸ਼ੋਕਾਂ, ਫੈਲੇ ਜ਼ਹਿਰ ਅਤੇ ਨਫ਼ਰਤਾਂ ਬਾਰੇ ਸੋਚ ਰਿਹਾ ਸੀ ਤੇ ਦੂਜੇ ਪਾਸੇ ਪੁਲਾੜ ਵਿੱਚ ਇੱਕ ਦਿਓ ਕੱਦ ਪੇਂਟ ਬੁਰਸ਼ ਫੜੀ ਕ੍ਰਿਸ ਨਜ਼ਰੀਂ ਆਇਆ, ਜਿਹੜਾ ਸਾਰੀ ਦੁਨੀਆਂ ਨੂੰ ਮੁਹੱਬਤ ਦੇ ਇੱਕੋ ਰੰਗ ਵਿੱਚ ਰੰਗਣਾ ਚਾਹੁੰਦਾ ਹੋਵੇ। ਅਸ਼ੋਕ ਦੇ ਅੰਦਰ ਜ਼ਹਿਰ ਭਰਿਆ ਜਾ ਚੁੱਕਾ ਸੀ ਤੇ ਕ੍ਰਿਸ ਜਿਵੇਂ ਮੁਹੱਬਤ ਦਾ ਫ਼ਰਿਸ਼ਤਾ ਬਣ ਮਨੁੱਖਤਾ ਦੇ ਇਸ ਜ਼ਹਿਰ ਨੂੰ ਅਨ-ਡੂ (undo) ਕਰਨਾ ਚਾਹੁੰਦਾ ਹੋਵੇ। ਅਸ਼ੋਕ ਦੇ ਜ਼ਹਿਰ ਨੂੰ ਇੱਕ ਵਰਗ ਦਾ ਫਿਕਰ ਆ ਤੇ ਕ੍ਰਿਸ ਨੂੰ ਸਾਰੀ ਮਨੁੱਖਤਾ ਦਾ।

ਮੁਹੱਬਤ ਨਫ਼ਰਤ ਦਿਲਾਂ ‘ਚੋਂ ਪੈਦਾ ਹੁੰਦੀ ਐ। ਆਉ ਆਪਣੇ ਬੱਚਿਆਂ, ਪਿਆਰਿਆਂ ਦੇ ਦਿਲਾਂ ਵਿੱਚ ਮੋਹ ਦੇ ਦੀਵੇ ਬਾਲੀਏ ਤਾਂ ਜੋ ਇਹ ਚਾਨਣਾਂ ਦੇ ਜੁਗਨੂੰ ਸਾਰੀ ਧਰਤ ‘ਤੇ ਫੈਲ ਜਾਣ।

(ਨਿਰਮਲ ਹਰੀ, ਵਿਨੀਪੈੱਗ) +1-204-391-3623 pardesipunjab@hotmail.ca

Install Punjabi Akhbar App

Install
×