ਦਿੱਲੀ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ਼ ਨੂੰ ਮਨਜ਼ੂਰੀ

delhi141104

ਦਿੱਲੀ ਵਿਧਾਨ ਸਭਾ ਨੂੰ ਭੰਗ ਕਰਨ ਦੀ ਉੱਪ-ਰਾਜਪਾਲ ਦੀ ਸਿਫਾਰਿਸ਼ ਨੂੰ ਕੇਂਦਰੀ ਮੰਤਰੀ ਮੰਡਲ ਨੇ ਮਨਜ਼ੂਰ ਕਰ ਲਿਆ ਹੈ, ਜਿਸ ਤੋਂ ਬਾਅਦ ਹੁਣ ਦਿੱਲੀ ਵਿਚ ਨਵੇਂ ਸਿਰੇ ਤੋਂ ਚੋਣਾਂ ਕਰਵਾਏ ਜਾਣ ਦਾ ਰਾਹ ਲਗਭਗ ਪੱਧਰਾ ਹੋ ਗਿਆ ਹੈ। ਹੁਣ ਕੈਬਨਿਟ ਦੇ ਫੈਸਲੇ ਨੂੰ ਰਾਸ਼ਟਰਪਤੀ ਦੇ ਕੋਲ ਭੇਜਿਆ ਜਾਵੇਗਾ ਅਤੇ ਉਨ੍ਹਾਂ ਦੀ ਮਨਜ਼ੂਰੀ ਦੀ ਰਸਮੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਵਿਧਾਨ ਸਭਾ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਵਿਧਾਨ ਸਭਾ ਭੰਗ ਹੋਣ ਤੋਂ ਬਾਅਦ ਚੋਣ ਕਮਿਸ਼ਨ ਅਗਲੇ ਕੁੱਝ ਦਿਨਾਂ ਵਿਚ ਦਿੱਲੀ ਵਿਚ ਚੋਣਾਂ ਦੀ ਤਾਰੀਕ ਐਲਾਨ ਦੇਵੇਗਾ ਅਤੇ ਜਾਣਕਾਰੀ ਮੁਤਾਬਿਕ ਇਹ ਚੋਣਾਂ ਅਗਲੇ ਵਰ੍ਹੇ ਦੇ ਸ਼ੁਰੂ ਵਿਚ ਹੀ ਹੋਣ ਦੀ ਵਧੇਰੇ ਸੰਭਾਵਨਾ ਹੈ। ਉੱਪ-ਰਾਜਪਾਲ ਦੀ ਸਿਫਾਰਿਸ਼ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਭਾਜਪਾ ਦਿੱਲੀ ਪ੍ਰਦੇਸ਼ ਪ੍ਰਭਾਰੀ ਪ੍ਰਭਾਤ ਝਾਅ ਨੇ ਕਿਹਾ ਕਿ ਪਾਰਟੀ ਵਿਕਾਸ ਦੇ ਮੁੱਦੇ ‘ਤੇ ਚੋਣ ਲੜੇਗੀ ਤੇ ਦਿੱਲੀ ਵਿਚ ਆਪਣਾ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਨਹੀਂ ਕਰੇਗੀ। ਪਾਰਟੀ ਪ੍ਰਦੇਸ਼ ਪ੍ਰਧਾਨ ਸਤੀਸ਼ ਉਪਾਧਿਆਏ ਨੇ ਕਿਹਾ ਕਿ ਭਾਜਪਾ ਸਾਮੂਹਿਕ ਅਗਵਾਈ ‘ਚ ਚੋਣਾਂ ਲੜੇਗੀ। ਬੀਤੇ ਕੱਲ੍ਹ ਹੀ ਰਾਜਨਿਵਾਸ ਵੱਲੋਂ ਜਾਰੀ ਬਿਆਨ ਰਾਹੀਂ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਉੱਪ-ਰਾਜਪਾਲ ਨੇ ਸਰਕਾਰ ਬਣਾਉਣ ਲਈ ਤਿੰਨੇ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਪ੍ਰੰਤੂ ਸਾਰਿਆਂ ਨੇ ਸਾਫ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉੱਪ-ਰਾਜਪਾਲ ਵੱਲੋਂ ਰਾਸ਼ਟਰਪਤੀ ਨੂੰ ਨਿਲੰਬਿਤ ਚੱਲ ਰਹੀ ਦਿੱਲੀ ਵਿਧਾਨ ਸਭਾ ਨੂੰ ਭੰਗ ਕਰਨ ਦੀ ਸਿਫਾਰਿਸ਼ ਭੇਜ ਦਿੱਤੀ ਗਈ ਤੇ ਇਸ ਸਿਫਾਰਿਸ਼ ਨੂੰ ਅੱਜ ਕੇਂਦਰੀ ਮੰਡਲ ਵੱਲੋਂ ਮਨਜ਼ੂਰ ਕਰ ਲਿਆ ਗਿਆ। ਦੱਸਣਯੋਗ ਹੈ ਕਿ ਦਿੱਲੀ ਵਿਚ ਰਾਸ਼ਟਰਪਤੀ ਸ਼ਾਸਨ ਫਰਵਰੀ-2015 ਵਿਚ ਖਤਮ ਹੋ ਰਿਹਾ ਹੈ। ਹਾਲਾਕਿ ‘ਆਪ’ ਨੇ ਉੱਪ-ਰਾਜਪਾਲ ਨੂੰ ਝਾਰਖੰਡ ਤੇ ਜੰਮੂ-ਕਸ਼ਮੀਰ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਦਿੱਲੀ ਵਿਚ ਚੋਣਾਂ ਕਰਵਾਉਣ ਦੀ ਮੰਗ ਕੀਤੀ ਸੀ, ਪ੍ਰੰਤੂ ਇਸ ਬਾਰੇ ਅੰਤਿਮ ਫੈਸਲਾ ਚੋਣ ਕਮਿਸ਼ਨ ਹੀ ਕਰੇਗਾ। ਦਿੱਲੀ ਵਿਧਾਨ ਭੰਗ ਹੋਣ ਨਾਲ ਹੀ 25 ਨਵੰਬਰ ਨੂੰ ਦਿੱਲੀ ਦੀਆਂ 3 ਵਿਧਾਨ ਸੀਟਾਂ ਦੇ ਲਈ ਹੋਣ ਵਾਲੀ ਜ਼ਿਮਨੀ ਚੋਣ ਵੀ ਰੱਦ ਹੋ ਜਾਵੇਗੀ।

(ਜਗਤਾਰ ਸਿੰਘ)

Welcome to Punjabi Akhbar

Install Punjabi Akhbar
×