ਆਪਣੇ ਘਰ ਲਈ ਹਰ ਕੋਈ ਸਿਆਣਾ

– ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀਆਂ ਨਵੀਂ ਨੀਤੀਆਂ ਮੁਤਾਬਿਕ ਨਿਊਜ਼ੀਲੈਂਡ ‘ਚ ਵਧੇਗਾ ਸਟਾਫ ਤੇ ਬਾਹਰਲੇ ਮੁਲਕਾਂ ‘ਚ ਹੋਵੇਗਾ ਘੱਟ
-ਮਾਰਚ 2019 ਦੇ ਵਿਚ ਨਵੀਂ ਦਿੱਲੀ ਦਫਤਰ ਹੋ ਜਾਵੇਗਾ ਬੰਦ

NZ PIC 25 Nov-1
(ਨਵੀਂ ਦਿੱਲੀ ਸਥਿਤ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇ ਦਫਤਰ ਦੀ ਇਕ ਫਾਈਲ ਫੋਟੋ)

ਔਕਲੈਂਡ -ਕਹਿੰਦੇ ਨੇ ਆਪਣੇ ਘਰ ਲਈ ਹਰ ਕੋਈ ਸਿਆਣਾ ਹੁੰਦਾ ਹੈ, ਸੋ ਇਸੇ ਤਰ੍ਹਾਂ ਸਰਕਾਰੀ ਵਿਭਾਗ ਵੀ ਆਪਣੀ ਸਿਆਣਪ ਨਾਲ ਆਪਣਾ ਪੈਸਾ ਬਚਾਉਣ ਵਿਚ ਲੱਗੇ ਰਹਿੰਦੇ ਹਨ। ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਆਪਣੀਆਂ ਕੁਝ ਤਬਦੀਲੀਆਂ ਜੋ ਕਿ ਆਨ-ਲਾਈਨ ਸਰਵਿਸ ਦੇਣ ਦੇ ਨਾਲ ਸਬੰਧਿਤ ਹਨ, ਨੂੰ ਹੋਰ ਆਧੁਨਿਕ ਕਰਦਿਆਂ ਆਪਣੇ ਖਰਚੇ ਘਟਾਉਣ ਦਾ ਸਿਲਸਿਲੇ ਵਾਰ ਤਰੀਕਾ ਲੱਭਿਆ ਹੈ। ਆਉਣ ਵਾਲੇ ਦੋ-ਤਿੰਨ ਸਾਲਾਂ ਦੇ ਵਿਚ ਉਸਨੇ ਬਾਹਰਲੇ ਮੁਲਕਾਂ ‘ਚ ਬਿਠਾਏ ਲਗਪਗ 560 ਲੋਕਾਂ ਦੇ ਸਟਾਫ ਨੂੰ 250 ਤੱਕ ਕਰ ਦੇਣਾ ਹੈ। ਇਨ੍ਹਾਂ ਤੋਂ ਬਚਾਏ ਪੈਸੇ ਨਾਲ ਸਿਰਫ ਨਿਊਜ਼ੀਲੈਂਡ ਦੇ ਵਿਚ ਹੋਰ 50-60 ਦੇ ਕਰੀਬ ਸਟਾਫ ਭਰਤੀ ਕਰਕੇ ਇਥੇ ਦੀ ਗਿਣਤੀ 840 ਤੋਂ 900 ਤੱਕ ਕਰ ਲੈਣੀ ਹੈ। ਕਹਿਣ ਦਾ ਮਤਲਬ ਇਮੀਗ੍ਰੇਸ਼ਨ ਆਪਣਾ ਕੰਮ ਜਾਂ ਤਾਂ ਆਨਲਾਈਨ ਕਰਿਆ ਕਰੇਗੀ ਜਾਂ ਫਿਰ ਬਹੁਤਾ ਕੰਮ ਨਿਊਜ਼ੀਲੈਂਡ ਰੱਖੇ ਸਟਾਫ ਤੋਂ ਹੀ ਕਰਵਾ ਲਿਆ ਕਰੇਗੀ। ਬਾਹਰਲੇ ਮੁਲਕਾਂ ਦੇ ਵਿਚ ਇਸ ਵੇਲੇ 17 ਦੇ ਕਰੀਬ ਦਫਤਰ ਹਨ ਜਿਨ੍ਹਾਂ ਵਿਚੋਂ ਹੁਣ ਸਿਰਫ 5 ਹੀ ਰੱਖੇ ਜਾਣਗੇ। ਨਵੀਂ ਦਿੱਲੀ ਸਥਿਤ ਨਿਊਜ਼ੀਲੈਂਡ ਇਮੀਗ੍ਰੇਸ਼ਨ ਦਾ ਦਫਤਰ ਮਾਰਚ 2019 ਦੇ ਵਿਚ ਬੰਦ ਕਰਨ ਦੀ ਤਜਵੀਜ਼ ਹੈ ਜਦ ਕਿ ਮੁੰਬਈ ਸਥਿਤ ਦਫਤਰ ਅਜੇ ਖੁੱਲ੍ਹਾ ਰਹੇਗਾ ਜਿੱਥੇ ਹੋਰ ਕਈ ਮੁਲਕਾਂ ਦੇ ਕੰਮ ਵੀ ਹੁੰਦੇ ਰਹਿਣਗੇ। ਇਸੇ ਤਰ੍ਹਾਂ ਬੀਜਿੰਗ (ਚੀਨ) ਦਾ ਦਫਤਰ ਵੀ ਖੁੱਲ੍ਹਾ ਰਖਿਆ ਜਾਵੇਗਾ। ਆਨ-ਲਾਈਨ ਵੀਜ਼ਾ ਅਰਜੀਆਂ ਦੀ ਗਿਣਤੀ ਵਧਦੀ ਜਾਂਦੀ ਹੈ ਪਰ ਫਿਰ ਵੀ ਜੇਕਰ ਕੋਈ ਆਨ ਲਾਈਨ ਅਪਲਾਈ ਨਹੀਂ ਕਰ ਸਕਦਾ ਤਾਂ ਸਿਰਫ ਵੀਜ਼ਾ ਐਪਲੀਕੇਸ਼ਨ ਸੈਂਟਰ ਇਸ ਕੰਮ ਲਈ ਵਰਤੇ ਜਾਂਦੇ ਰਹਿਣਗੇ।
ਇਸ ਤੋਂ ਇਲਾਵਾ ਹੋਰ ਵਿਦੇਸ਼ੀ ਦਫਤਰ ਬੰਦ ਹੋ ਰਹੇ ਹਨ ਜਿਨ੍ਹਾਂ ਵਿਚ ਹਾਂਗਕਾਂਗ, ਹੋ ਚੀ ਮਿਨਹ, ਮਾਸਕੋ, ਜਕਾਰਤਾ ਤੇ ਸ਼ੰਘਾਈ  ਇਹ ਸਾਰੇ ਮਾਰਚ ਵਿਚ ਬੰਦ ਹੋ ਰਹੇ ਹਨ। ਇਸਦੇ ਮਗਰ ਹੀ ਪੰਜ ਹੋਰ ਦਫਤਰ ਵੀ ਇਸੇ ਸ਼੍ਰੇਣੀ ਅਧੀਨ ਕਰ ਲਏ ਗਏ ਹਨ ਜਿਨ੍ਹਾਂ ਵਿਚ ਡੁਬਈ (ਮਾਰਚ 2018), ਪ੍ਰੀਟੋਰੀਆ (ਅਪ੍ਰੈਲ 2018), ਬੈਂਗਕਾਕ (ਸਤੰਬਰ 2018), ਵਾਸ਼ਿੰਗਟਨ ਡੀ.ਸੀ. (ਨਵੰਬਰ 2018) ਅਤੇ ਮਨੀਲਾ (ਜੂਨ 2019) ਦੇ ਵਿਚ ਬੰਦ ਕੀਤੇ ਜਾ ਰਹੇ ਹਨ।  ਇਮੀਗ੍ਰੇਸ਼ਨ ਨਿਊਜ਼ੀਲੈਂਡ ਆਪਣੇ ਹੀ ਦੇਸ਼ ਅੰਦਰ ਦੋ ਦਫਤਰ ‘ਆਕਲੈਂਡ ਸੈਂਟਰਲ’ ਨੂੰ  ਜੁਲਾਈ 2018 ਅਤੇ ‘ਹੈਂਡਰਸਨ’ ਨੂੰ  ਜੂਨ 2019 ਦੇ ਵਿਚ ਬੰਦ ਕਰਨ ਦੀ ਤਿਆਰੀ ਕਰੀ ਬੈਠੀ ਹੈ। ਇਸ ਵੇਲੇ ਨਿਊਜ਼ੀਲੈਂਡ ਇਮੀਗ੍ਰੇਸ਼ਨ ਕੋਲ 1400 ਦੇ ਕਰੀਬ ਸਟਾਫ ਹੈ ਜਿਸ ਨੂੰ ਘੱਟ ਕਰਕੇ 1150 ਤੋਂ 1210 ਦੇ ਵਿਚਕਾਰ ਕੀਤਾ ਜਾ ਰਿਹਾ ਹੈ। ਪਹਿਲਾਂ ਇਮੀਗ੍ਰੇਸ਼ਨ ਨੇ ਕਿਹਾ ਸੀ ਬਾਹਰਲੇ ਦਫਤਰ ਬੰਦ ਹੋਣ 100 ਨੌਕਰੀਆਂ ਨਿਊਜ਼ੀਲੈਂਡ ਦੇ ਵਿਚ ਨਵੀਂਆਂ ਨਿਕਲਣਗੀਆਂ ਪਰ ਹੁਣ ਇਹ ਇਸ ਕਰਕੇ ਘਟਾ ਲਈਆਂ ਗਈਆਂ ਹਨ ਕਿ ਵੀਜ਼ਾ ਕੇਸ ਬਹੁਤ ਸਾਰੇ ਅਸਵੀਕਾਰ ਹੋ ਰਹੇ ਹਨ ਅਤੇ ਨਵੀਂ ਸਰਕਾਰ ਨੇ ਵੀ ਪ੍ਰਵਾਸੀਆਂ ਨੂੰ ਘਟਾਉਣ ਦਾ ਐਲਾਨ ਕਰ ਦਿੱਤਾ ਹੈ। ਸੋ ਆਪਣੇ ਘਰ ਲਈ ਸਾਰੇ ਸਿਆਣੇ ਹਨ ਪੈਸੇ ਵੀ ਬਚਾ ਰਹੇ ਹਨ ਅਤੇ ਕਹਿਣ ਨੂੰ ਨੌਕਰੀਆਂ ਵੀ ਦੇ ਰਹੇ ਹਨ।

Install Punjabi Akhbar App

Install
×