ਦਿੱਲੀ ‘ਚ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ

ਦਿੱਲੀ ‘ਚ ਕੱਲ੍ਹ ਹੋਣ ਜਾ ਰਹੀ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਲੋਕ ਮਤ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ ਪਰ ਭਾਜਪਾ ਨੇ ਇਸ ਤੋਂ ਇਨਕਾਰ ਕੀਤਾ ਹੈ। ਆਮ ਆਦਮੀ ਪਾਰਟੀ ਦੇ ਉਭਾਰ ਦੇ ਨਾਲ ਰਾਸ਼ਟਰੀ ਰਾਜਧਾਨੀ ਦੀ ਕਮਾਨ ਹਾਸਲ ਕਰਨ ਦੀ ਜੰਗ ਰੋਚਕ ਹੋ ਗਈ ਹੈ। ਪੂਰੀ ਤਰ੍ਹਾਂ ਮੋਦੀ ਦੇ ਅਕਸ ‘ਤੇ ਨਿਰਭਰ ਭਾਜਪਾ ਨੂੰ ਆਪ ਸਖਤ ਟੱਕਰ ਦਿੰਦੀ ਪ੍ਰਤੀਤ ਹੋ ਰਹੀ ਹੈ। ਦਿੱਲੀ ਵਿਧਾਨ ਸਭਾ ਦੀਆਂ ਕੁੱਲ 70 ਸੀਟਾਂ ‘ਤੇ ਹੋਣ ਜਾ ਰਹੀਆਂ ਚੋਣਾਂ ‘ਚ 1.33 ਕਰੋੜ ਤੋਂ ਜ਼ਿਆਦਾ ਵੋਟਰ ਕੁੱਲ 673 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਮਤਦਾਨ 12,177 ਮਤਦਾਨ ਕੇਂਦਰਾਂ ‘ਤੇ ਹੋਵੇਗਾ। ਇਨ੍ਹਾਂ ‘ਚੋਂ 714 ਮਤਦਾਨ ਕੇਂਦਰਾਂ ਦੀ ਪਹਿਚਾਣ ‘ਸੰਵੇਦਨਸ਼ੀਲ ਕੇਂਦਰਾਂ’ ਦੇ ਰੂਪ ‘ਚ ਕੀਤੀ ਗਈ ਹੈ। ਇਨ੍ਹਾਂ ‘ਚ 191 ਅਤਿ ‘ਸੰਵੇਦਨਸ਼ੀਲ’ ਹਨ। ਦਿੱਲੀ ‘ਚ ਪਿਛਲੇ 16 ਸਾਲ ਤੋਂ ਸੱਤਾ ਤੋਂ ਦੂਰ ਭਾਜਪਾ ਨੇ ਅੰਨਾ ਟੀਮ ਦੀ ਸਾਬਕਾ ਮੈਂਬਰ ਕਿਰਨ ਬੇਦੀ ਨੂੰ ਪਾਰਟੀ ‘ਚ ਸ਼ਾਮਲ ਕਰਕੇ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾ ਕੇ ਦਾਅ ਖੇਡਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਪਾਰਟੀ ਨੇਤਾ ਅਤੇ ਅਹੁਦੇਦਾਰਾਂ ਸਮੇਤ ਕਾਰਜ ਕਰਤਾ ਨਾਰਾਜ਼ ਚੱਲ ਰਹੇ ਹਨ। ਚੋਣਾਂ ਦੇ ਨਤੀਜੇ 10 ਫਰਵਰੀ ਨੂੰ ਘੋਸ਼ਿਤ ਹੋਣਗੇ।