18 ਦਸੰਬਰ ਨੂੰ ਦਿੱਤੀ ਜਾਵੇਗੀ ‘ਬਠਿੰਡਾ-ਦਿੱਲੀ ਸ਼ਤਾਬਦੀ ਐਕਸਪ੍ਰੈਸ’ ਨੂੰ ਹਰੀ ਝੰਡੀ – ਬਠਿੰਡਾ ਸਮੇਤ ਨੇੜਲੇ ਜ਼ਿਲ੍ਹਿਆਂ ਦੀ ਜਨਤਾ ਨੂੰ ਮਿਲੇਗਾ ਤੋਹਫ਼ਾ

bathinda

18 ਦਸੰਬਰ ਨੂੰ ‘ਬਠਿੰਡਾ-ਦਿੱਲੀ ਸ਼ਤਾਬਦੀ ਐਕਸਪ੍ਰੈਸ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸ਼ਤਾਬਦੀ ਐਕਸਪ੍ਰੈਸ ਨੂੰ ਪਹਿਲੇ ਪ੍ਰੋਗਰਾਮ ਅਨੁਸਾਰ 31 ਅਕਤੂਬਰ ਨੂੰ ਹਰੀ ਝੰਡੀ ਦਿੱਤੀ ਜਾਣੀ ਸੀ, ਪਰ ਦਿੱਲੀ ਵਿਖੇ ਹੋ ਰਹੀਆਂ ਉਪ ਚੋਣਾਂ ਕਾਰਨ ਚੋਣ ਕਮਿਸ਼ਨ ਵਲੋਂ ਆਦਰਸ਼ ਚੋਣ ਜ਼ਾਬਤਾ ਲਾਗੂ ਕੀਤਾ ਗਿਆ ਸੀ, ਜਿਸ ਕਰਕੇ ‘ਐਕਸਪ੍ਰੈਸ’ ਨੂੰ ਚਲਾਉਣ ਦਾ ਪ੍ਰੋਗਰਾਮ ਟਾਲਣਾ ਪਿਆ। 18 ਦਸੰਬਰ ਨੂੰ ਇਸ ਸ਼ਤਾਬਦੀ ਐਕਸਪ੍ਰੈਸ ਦਾ ਉਦਘਾਟਨ ਕੇਂਦਰੀ ਰੇਲਵੇ ਮੰਤਰੀ ਸ਼੍ਰੀ ਸੁਰੇਸ਼ ਪ੍ਰਭੂ ਵਲੋਂ ਨਵੀਂ ਦਿੱਲੀ ਜੰਕਸ਼ਨ ਤੋਂ ਕੀਤਾ ਜਾਵੇਗਾ ਉਪਰੰਤ ਕੇਂਦਰੀ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਬਠਿੰਡਾ ਵਿਖੇ ਪਹੁੰਚਣ ‘ਤੇ ਇਸ ਗੱਡੀ ਦਾ ਸਵਾਗਤ ਕੀਤਾ ਜਾਵੇਗਾ। ਬਠਿੰਡਾ-ਦਿੱਲੀ ਸ਼ਤਾਬਦੀ ਐਕਸਪ੍ਰੈਸ ਸ਼ੁਰੂ ਹੋਣ ਸਬੰਧੀ ਅੱਜ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਵਪਾਰ ਮੰਡਲ ਅਤੇ ਵੱਖ-ਵੱਖ ਸੰਸਥਾਵਾਂ ਨਾਲ ਮੀਟਿੰਗ ਕੀਤੀ, ਜਿਸ ਦੌਰਾਨ ਉਨ੍ਹਾਂ ਐਕਸਪ੍ਰੈਸ ਚਾਲੂ ਹੋਣ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਬਠਿੰਡਾ ਤੋਂ ਸ਼ਤਾਬਦੀ ਐਕਸਪ੍ਰੈਸ ਦੀ ਸ਼ੁਰੂਆਤ ਨਾਲ ਇਸ ਖੇਤਰ ਦੀ ਜਨਤਾ ਦੀ ਪੁਰਾਣੀ ਮੰਗ ਪੂਰੀ ਹੋ ਗਈ ਹੈ, ਜਿਸ ਸਦਕਾ ਦਿੱਲੀ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਆਮ ਨਾਗਰਿਕਾਂ ਦੇ ਨਾਲ-ਨਾਲ ਵਪਾਰੀ ਵਰਗ ਲਈ ਤਾਂ ‘ਐਕਸਪ੍ਰੈਸ’ ਇਕ ਵਰਦਾਨ ਬਣਕੇ ਆਵੇਗੀ। ਬਠਿੰਡਾ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ ਹਫ਼ਤੇ ਵਿਚ ਦੋ ਦਿਨ ਸੋਮਵਾਰ ਅਤੇ ਸ਼ਨੀਵਾਰ ਦਿੱਲੀ ਤੋਂ ਸਵੇਰੇ 9 ਵਜੇ ਚੱਲੇਗੀ ਅਤੇ ਬਠਿੰਡਾ ਵਿਖੇ ਦੁਪਹਿਰ 1:45 ‘ਤੇ ਪੁੱਜੇਗੀ ਇਸੇ ਤਰ੍ਹਾਂ ਬਠਿੰਡਾ ਤੋਂ ਸ਼ਾਮ 4:20 ‘ਤੇ ਚੱਲ ਕੇ 9:10 ‘ਤੇ ਦਿੱਲੀ ਪੁੱਜੇਗੀ।