ਦਰਿਆਵਾਂ ‘ਚ ਜ਼ਹਿਰ ਘੋਲ ਰਹੀਆਂ ਸਨਅਤੀ ਇਕਾਈਆਂ ਖਿਲਾਫ ਵਫਦ ਪੁੱਜਾ ਗਵਰਨਰ ਦੇ ਦੁਆਰ

ਰਾਜਪਾਲ ਪੰਜਾਬ ਨੇ ਉਕਤ ਮਾਮਲੇ ਸਬੰਧੀ ਸਖਤ ਕਾਰਵਾਈ ਦਾ ਦਿੱਤਾ ਭਰੋਸਾ

13gsc fdk

ਫਰੀਦਕੋਟ 13 ਸਤੰਬਰ :- ਲੰਮੇਂ ਸਮੇਂ ਤੋਂ ਦਰਿਆਵਾਂ ‘ਚ ਪੈ ਰਹੇ ਗੰਧਲੇ ਤੇ ਜ਼ਹਿਰੀਲੇ ਪਾਣੀ ਨੂੰ ਰੋਕਣ ਲਈ ਸੰਘਰਸ਼ ਕਰ ਰਹੇ ਵੱਖ ਵੱਖ ਸੰਗਠਨਾਂ ਦੇ ਸਮੂਹ ਨਰੋਆ ਪੰਜਾਬ ਮੰਚ ਦੇ ਕਨਵੀਨਰ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਮਹੇਸ਼ ਪੇਡੀਵਾਲ ਦੀઠਅਗਵਾਈ ਹੇਠ ਇਕ 8 ਮੈਂਬਰੀ ਵਫ਼ਦ ਨੇ ਅੱਜ ਚੰਡੀਗੜ੍ਹ ਵਿਖੇ ਵੀ. ਪੀ. ਸਿੰਘ ਬਦਨੌਰ ਰਾਜਪਾਲ ਪੰਜਾਬ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪ੍ਰਦੂਸ਼ਿਤ ਪਾਣੀ ਨਾਲ ਆਮ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਰਾਜਪਾਲ ਨੂੰ ਮੰਗ ਪੱਤਰ ਦੇਣ ਉਪਰੰਤ ‘ਨਰੋਆ ਪੰਜਾਬ ਮੰਚ’ ਦੇ ਕਨਵੀਨਰ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਵਿਧਾਇਕ ਕੋਟਕਪੂਰਾ ਨੇ ਦੱਸਿਆ ਕਿ ਲੁਧਿਆਣੇ ਸਮੇਤ ਹੋਰ ਕਈ ਸ਼ਹਿਰਾਂ ‘ਚ ਲੱਗੇ ਵੱਡੇ ਛੋਟੇ ਕਾਰਖਾਨਿਆਂ ਅਤੇ ਫੈਕਟਰੀਆਂ ਦੇ ਸਤਲੁਜ ਦਰਿਆ ‘ਚ ਸੁੱਟੇ ਜਾ ਰਹੇ ਜ਼ਹਿਰੀਲੇ ਪਾਣੀ ਨਾਲ ਪੰਜਾਬ ਦੇ ਮਾਲਵਾ ਖੇਤਰ ਅਤੇ ਰਾਜਸਥਾਨ ਦੇ 9 ਜ਼ਿਲਿਆਂ ‘ਚ ਕੈਂਸਰ, ਕਾਲਾ ਪੀਲੀਆ, ਚਮੜੀ ਰੋਗ, ਪੇਟ ਦੇ ਰੋਗਾਂ ਦੀਆਂ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਪਰ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਮੇਂ ਦੀਆਂ ਸਰਕਾਰਾਂ ਕੋਈ ਠੋਸ ਉਪਰਾਲਾ ਕਰਨ ਦੀ ਬਜਾਏ ਸਿਰਫ ਖਾਨਾਪੂਰਤੀ ਕਰਕੇ ਲੱਖਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ, ਪਿਛਲੇ ਸਮੇਂ ਦੌਰਾਨ 44 ਉਦਯੋਗਿਕ ਇਕਾਈਆਂ ਨੂੰ ਪ੍ਰਦੂਸ਼ਿਤ ਪਾਣੀ ਬੁੱਢੇ ਨਾਲੇ ਰਾਹੀਂ ਦਰਿਆ ‘ਚ ਮਿਲਾਉਣ ਕਰਕੇ ਤਾਲਾ ਲਾਇਆ ਗਿਆ ਸੀ ਪਰ ਹੁਣ ਉਨ੍ਹਾਂ ਨੂੰ ਫਿਰ ਤੋਂ ਚਲਾਉਣ ਦੀ ਆਗਿਆ ਦੇ ਦਿੱਤੀ ਹੈ, ਵਫ਼ਦ ઠ’ਚ ਮੌਜੂਦ ਉੱਘੇ ਪੱਤਰਕਾਰ ਬਲਤੇਜ ਪੰਨੂੰ ਅਤੇ ਰਾਜਸਥਾਨ ਟਰੱਸਟ ਦੇ ਚੇਅਰਮੈਨ ਮਹੇਸ਼ ਪੇਡੀਵਾਲ ਨੇ ਦੱਸਿਆ ਕਿ ਮੰਚ ਵਲੋਂ ਪਿਛਲੇ ਸਮੇਂ ਦੌਰਾਨ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕੇਂਦਰੀ ਜਲ ਸਰੋਤ ਮੰਤਰੀ, ਹਿਮਾਚਲ ਦੇ ਮੁੱਖ ਮੰਤਰੀ ਤੋਂ ਇਲਾਵਾ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨਾਂ ਨਾਲ ਮੁਲਾਕਾਤਾਂ ਕਰਕੇ ਲੱਖਾਂ-ਕਰੋੜਾਂ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਮਸਲੇ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਰਾਜਪਾਲ ਪੰਜਾਬ ਨੇ ਵਫਦ ਦੀ ਗੱਲ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਵਿਸ਼ਵਾਸ਼ ਦਿਵਾਇਆ ਕਿ ਇਸ ਮਾਮਲੇ ‘ਚ ਜਲਦ ਹੀ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਵਫਦ ‘ਚ ਰਮਜ਼ਾਨ ਅਲੀ, ਸੁਰਿੰਦਰ ਸਪੀਕਰ ਆਦਿ ਵੀ ਸ਼ਾਮਿਲ ਸਨ।

Install Punjabi Akhbar App

Install
×