ਵਾਸੀ-ਪ੍ਰਵਾਸੀ ਮਿਲਾਪ: ਉਡਣ ਦੀ ਤਿਆਰੀ ਪਰ ਉਡੀਕਾਂ ਵੀਜ਼ੇ ਦੀਆਂ

  • ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਵੀਜ਼ਾ ਦੇਣ ਦੀ ਠੰਢੀ ਚਾਲ ਨੇ ਵੀਜ਼ਾ ਮੰਗਣ ਵਾਲੇ ਕੀਤੇ ਤੱਤੇ
  • 3 ਅਗਸਤ ਨੂੰ ਔਕਲੈਂਡ ਸਿਟੀ ‘ਚ ਹੋਵੇਗਾ ਰੋਸ ਮੁਜ਼ਾਹਰਾ

NZ Pic 31 July-1

ਔਕਲੈਂਡ 31 ਜੁਲਾਈ -ਪਹਿਲਾਂ ਖੁਦ ਬਾਹਰ ਜਾਣਾ, ਚਾਹੇ ਉਹ ਪੜ੍ਹਾਈ ਵਾਸਤੇ ਹੋਵੇ ਜਾਂ ਕੰਮ ਵਾਸਤੇ ਹੋਵੇ ਉਸ ਤੋਂ ਬਾਅਦ ਸੈਟਲ ਹੋ ਕੇ ਪਹਿਲਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦਾ ਪਰਿਵਾਰ ਆ ਕੇ ਨਾਲ ਰਹਿਣ ਲੱਗੇ ਤਾਂ ਕਿ ਜ਼ਿੰਦਗੀ ਦੇ ਸਜਾਏ ਸੁਪਨੇ ਪੂਰੇ ਕਰਨ ਵੱਲ ਅਗਲੇ ਕਦਮ ਪੁੱਟੇ ਜਾਣ। ਦੁਨੀਆ ਦੇ ਇਕ ਪਾਸੇ ਵਸਦੇ ਪ੍ਰਵਾਸੀ ਪਰਿਵਾਰ ਅਤੇ ਦੂਜੇ ਪਾਸੇ ਵਸਦੇ ਵਾਸੀ ਪਰਿਵਾਰ ਦੇ ਮਿਲਾਪ ਵਾਸਤੇ ਪ੍ਰਿੰਟ ਵੀਜ਼ੇ ਜਾਂ ਈ-ਵੀਜ਼ੇ ਦਾ ਪੁੱਲ ਹੋਣਾ ਜਰੂਰੀ ਹੈ। ਇਹ ਪੁੱਲ ਕਿਤੇ ਆਉਣ ਜਾਣ ਵਾਲਿਆਂ ਦੇ ਹੱਥ ਹੁੰਦਾ ਤਾਂ ਸੈਨਾ ਸਟਾਈਲ ਦੇ ਵਿਚ ਕਦੋਂ ਦਾ ਲੋਕਾਂ ਨੇ ਬਣਾ ਲੈਣਾ ਸੀ, ਪਰ ਇਥੇ ਪੁੱਲ ਬਨਾਉਣ ਦਾ ਕੰਮ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇ ਹੱਥ ਵਿਚ ਹੈ। ਪਰਿਵਾਰਾਂ ਦੇ ਪਰਿਵਾਰ ਉਡਣ ਦੀ ਤਿਆਰੀ ਕਰੀ ਬੈਠੇ ਹਨ ਪਰ ਉਡੀਕਾਂ ਖੰਭ ਲਗਾਉਣ ਵਾਲੇ ਵੀਜ਼ੇ ਦੀਆਂ ਹੀ ਹਨ। ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਵੀਜ਼ਾ ਵਿਤਰਣ ਪ੍ਰਣਾਲੀ ਦੀ ਠੰਢੀ ਚਾਲ ਨੇ ਵੀਜ਼ਾ ਮੰਗਣ ਵਾਲੇ ਤੱਤੇ ਕਰ ਦਿੱਤੇ ਹਨ। ਕੁਝ ਪੜ੍ਹੇ ਲਿਖੇ ਨੌਜਵਾਨਾਂ ਨੇ ਨਿਊਜ਼ੀਲੈਂਡ ਵੀਜ਼ਾ ਡੀਲੇਜ (www.nvisadelays.com) ਵੈਬਸਾਈਟ ਹੀ ਬਣਾ ਦਿੱਤੀ ਹੈ ਅਤੇ ਉਥੇ ਪਾਈਆਂ ਜਾ ਰਹੀਆਂ ਪੋਸਟਾਂ ਰਾਹੀਂ ਇਹ ਗਿਣਤੀ ਕੀਤੀ ਜਾ ਰਹੀ ਹੈ ਕਿ ਹੁਣ ਤੱਕ ਕਿੰਨੇ ਕੁ ਲੋਕ ਵੀਜ਼ਾ ਪ੍ਰਣਾਲੀ ਦੀ ਢਿੱਲੀ ਕਾਰ ਗੁਜ਼ਾਰੀ ਤੋਂ ਪੀੜ੍ਹਤ ਹੋ ਚੁਕੇ ਹਨ। ਹਰਜੀਤ ਸਿੰਘ ਬਰਾੜ ਨਾਂਅ ਦੇ ਇਕ ਨੌਜਵਾਨ ਨੇ ਜਿੱਥੇ ਰਾਸ਼ਟਰੀ ਮੀਡੀਆ ਦੇ ਨਾਲ ਇਹ ਸਾਰਾ ਵਾਕਿਆ ਸਾਂਝਾ ਕੀਤਾ ਹੈ ਉਥੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਤੇ ਹੋਰ ਬਹੁਤ ਸਾਰੇ ਲੋਕ ਵੀਜ਼ਾ ਸ਼੍ਰੇਣੀਆਂ ਲਈ ਨਿਰਧਾਰਤ ਸਮਾਂ ਸੀਮਾਂ ਤੋਂ ਕਿਤੇ ਲੇਟ ਚੱਲ ਰਹੇ ਹਨ। ਉਨ੍ਹਾਂ ਦੀਆਂ ਫੀਸਾਂ ਜਮ੍ਹਾ ਹੋ ਚੁੱਕੀਆਂ ਹਨ, ਹਜ਼ਾਰਾਂ ਡਾਲਰ ਫੀਸਾਂ ਜਮ੍ਹਾਂ ਕਰਵਾਉਣ ਵਾਲੇ ਸੰਭਾਵੀ ਵਿਦਿਆਰਥੀ ਵੀ ਹਨ, ਪਰ ਇਮੀਗ੍ਰੇਸ਼ਨ ਵਿਭਾਗ ਕੋਲ ਸਟਾਫ ਦੀ ਘਾਟ ਕਾਰਨ ਵੀਜ਼ਾ ਅਰਜ਼ੀਆਂ ਨੂੰ ਵੀਜ਼ਾ ਅਫਸਰ ਨਹੀਂ ਮਿਲ ਰਹੇ।

ਅਰਜ਼ੀ ਦਾਤਾਵਾਂ ਨੂੰ ਇਨਕੁਆਰੀ  ਦੇ ਜਵਾਬ ਵਿਚ ਮਿੱਠੀ ਗੋਲੀ ਜਰੂਰ ਦੇ ਦਿੱਤੀ ਜਾਂਦੀ ਹੈ ਕਿ ਜਲਦੀ ਹੀ ਵੀਜ਼ਾ ਅਫਸਰ ਤੁਹਾਨੂੰ ਮਿਲ ਜਾਵੇਗਾ। ਸੂਤਰਾਂ ਅਨੁਸਾਰ ਸਿਰਫ ਮੁੰਬਈ ਦਫਤਰ ਹੀ ਸਾਰਾ ਭਾਰ ਚੁੱਕੀ ਫਿਰਦਾ ਹੈ ਇਸਦੇ ਉਲਟ ਵੀਜ਼ਾ ਪ੍ਰੋਸੈਸ ਜਾਂਚ-ਪੜ੍ਹਤਾਲ ਐਨੀ ਹੈ ਕਿ ਹਰੇਕ ਵਿਆਹ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। 6 ਸਾਲ ਅਤੇ 10 ਤੱਕ ਦੇ ਵਿਆਹ ਸਮੇਂ ਨੂੰ ਵੀ ਸ਼ੱਕੀ ਸਮਝਿਆ ਜਾਂਦਾ ਹੈ। ਕੰਮ ਵਿਚ ਤੇਜ਼ੀ ਲਿਆਉਣ ਲਈ ਵੀਜ਼ਾ ਅਰਜੀਆਂ ਨਿਊਜ਼ੀਲੈਂਡ ਮੰਗਵਾਉਣ ਦੀ ਗੱਲ ਵੀ ਚੱਲੀ ਸੀ, ਪਰ ਇਸਦਾ ਵੀ ਨਤੀਜਾ ਨਜ਼ਰ ਨਹੀਂ ਆ ਰਿਹਾ। ਹਰਜੀਤ ਸਿੰਘ ਬਰਾੜ 6 ਸਾਲ ਤੋਂ ਇਥੇ ਹੈ ਅਤੇ ਟੈਬ ਟੈਕਨੀਸ਼ੀਅਨ ਹੈ। ਪਿਛਲੇ ਸਾਲ ਨਵੰਬਰ ਮਹੀਨੇ ਉਸਦਾ ਵਿਆਹ ਹੋਇਆ ਸੀ, ਉਸਦੀ ਪਤਨੀ ਨੂੰ ਵਿਜ਼ਟਰ ਵੀਜ਼ਾ ਤੱਕ ਅਜੇ ਦੇਣ ਦਾ ਫੈਸਲਾ ਨਹੀਂ ਕੀਤਾ ਗਿਆ। ਇੰਡੀਆ ਰਹਿੰਦੇ ਬਹੁਤੇ ਲੋਕ (ਮੁੰਡੇ-ਕੁੜੀਆਂ) ਵੀਜ਼ਾ ਅਪਲਾਈ ਕਰਨ ਬਾਅਦ ਇਸ ਆਸ ਨਾਲ ਨੌਕਰੀ ਤੱਕ ਛੱਡ ਦਿੰਦੇ ਹਨ ਕਿ ਵੀਜ਼ਾ ਮਿਲਣਾ ਤਾਂ ਉਨ੍ਹਾਂ ਦਾ ਬਣਦਾ ਹੀ ਹੈ ਅਤੇ ਉਹ ਜਲਦੀ ਇਸ ਨੂੰ ਪ੍ਰਾਪਤ ਕਰ ਲੈਣਗੇ। ਹਾਲਾਤ ਇਹ ਵੀ ਹਨ ਕਿ ਕਈਆਂ ਲੜਕੀਆਂ ਦੇ ਮਾਪੇ ਐਨ. ਆਰ. ਆਈ. ਲੜਕਿਆਂ ਉਤੇ ਹੀ ਸ਼ੱਕ ਕਰਨੀ ਸ਼ੁਰੂ ਕਰ ਦਿੰਦੇ ਹਨ ਕਿ ਸ਼ਾਇਦ ਕੋਈ ਹੋਰ ਚੱਕਰ ਹੈ ਜਿਸ ਕਰਕੇ ਉਨ੍ਹਾਂ ਦਾ ਜਵਾਈ ਉਨ੍ਹਾਂ ਦੀ ਲੜਕੀ ਨੂੰ ਬੁਲਾਉਣ ਵਿਚ ਖੁਦ ਦੇਰੀ ਕਰ ਰਿਹਾ ਹੈ। ਨਵੀਂ ਬਣੀ ਵੈਬਸਾਈਟ ਉਤੇ ਹੁਣ ਤੱਕ 383 ਦੇ ਕਰੀਬ ਲੋਕਾਂ ਨੇ ਵੀਜ਼ਾ ਦੇਰੀ ਬਾਰੇ ਆਪਣੇ ਵਿਚਾਰ ਲਿਖ ਦਿੱਤੇ ਹਨ। 3 ਅਗਸਤ ਨੂੰ ਸਵੇਰੇ 11 ਵਜੇ ਔਕਲੈਂਡ ਦੇ ਓਟੀਆ ਸੁਕੇਅਰ ਵਿਖੇ ਰੋਸ ਮੁਜ਼ਾਹਰਾ ਵੀ ਕੀਤਾ ਜਾ ਰਿਹਾ ਹੈ। ਕੁਝ ਲੋਕਾਂ ਨੇ ਆਪਣੀ ਪੋਸਟ ਵਿਚ ਲਿਖਿਆ ਹੈ ਉਨ੍ਹਾਂ ਨੂੰ ਵੀਜ਼ਾ ਉਡੀਕਦਿਆਂ ਸਾਲ ਹੋਣ ਦੇ ਕਿਨਾਰੇ ਹੈ। ਵੀਜ਼ਾ ਸਟੇਟਸ ਚੈਕ ਕਰਨ ਉਤੇ ਵੀ ਇਹੀ ਦਿਸਦਾ ਹੈ ਕਿ ਤੁਹਾਡੀ ਅਰਜ਼ੀ ਪ੍ਰੋਸੈਸ ਦੇ ਵਿਚ ਹੈ। ਸੋ ਨਿਊਜ਼ੀਲੈਂਡ ਇਮੀਗ੍ਰੇਸ਼ਨ ਵੀਜ਼ਾ ਪ੍ਰਣਾਲੀ ਦੇ ਵਿਚ ਜੂੰਅ ਦੀ ਤੋਰ ਤੁਰ ਰਹੇ ਵੀਜ਼ਾ ਕੇਸਾਂ ਨੂੰ ਕਿਵੇਂ ਇਮੀਗ੍ਰੇਸ਼ਨ ਗਤੀ ਬਖਸ਼ਦੀ ਹੈ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਗੱਲ ਸੱਚੀ ਹੈ ਕਿ ਬਿਨਾਂ ਰੋਏ ਮਾਂ ਵੀ ਦੁੱਧ ਨਹੀਂ ਦਿੰਦੀ।

Install Punjabi Akhbar App

Install
×