ਲੋਕਾਂ ਨੂੰ ਰਾਸ਼ਨ ਚਾਹੀਦੈ, ਮੋਦੀ ਜੀ ਦੀ ਡਿਗਰੀ ਜਾਂ ਭਾਸ਼ਣ ਨਹੀਂ

cartoon-on-Degreeਭਾਰਤ ਦੇਸ਼ ਦੇ ਹਾਲਾਤਾਂ ਨੂੰ ਦੇਖਣ ਲਈ ਦੋ ਵੱਖ ਵੱਖ ਐਨਕਾਂ ਵਰਤੀਆਂ ਜਾਂਦੀਆਂ ਹਨ। ਪਹਿਲੀ ਐਨਕ ਸੱਤਾਧਾਰੀ ਧਿਰ ਦੇ ਆਪਣੇ ”ਪੈਦਾ” ਕੀਤੇ ਸ਼ੀਸ਼ਿਆਂ ਵਾਲੀ ਮਿਲੇਗੀ, ਜਿਸ ਰਾਹੀਂ ਉਹ ਤਸਵੀਰਾਂ ਜਾਂ ਜਾਣਕਾਰੀ ਹੀ ਨਜ਼ਰ ਆਵੇਗੀ ਜਿਸ ਵਿੱਚ ਦੇਸ਼ ਦਾ ਹਰ ਨਾਗਰਿਕ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਮਾਣ ਰਿਹਾ ਹੈ। ਜਿਸ ਰਾਹੀਂ ਇਹ ਦਿਖਾਇਆ ਜਾਂਦਾ ਹੈ ਕਿ ਜਿਸ ਤਰ੍ਹਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੈਰ ਧਰਤੀ ‘ਤੇ ਹੀ ਨਹੀਂ ਲਗਦਾ, ਬਿਲਕੁਲ ਉਸੇ ਤਰ੍ਹਾਂ ਸ਼ਾਇਦ ਦੇਸ਼ ਦੇ ਨਾਗਰਿਕਾਂ ਨੇ ਵੀ ਸਾਈਕਲਾਂ ਦੀ ਜਗ੍ਹਾ ਆਪੋ ਆਪਣੇ ਹੈਲੀਕਾਪਟਰ ਰੱਖੇ ਹੋਣ। ਇਸ ਐਨਕ ਰਾਹੀਂ ਇਹ ਹੀ ਨਜ਼ਰ ਆਵੇਗਾ ਕਿ ਦੇਸ਼ ਦੀ ਜਨਤਾ ਸੱਤਾਧਾਰੀ ਧਿਰ ਦੇ ਹਰ ਕੰਮ ਤੋਂ ਖੁਸ਼ ਹੈ, ਬੇਸ਼ੱਕ ਉਹ ਕੰਮ ਵੱਡੇ ਵੱਡੇ ਕਾਰੋਬਾਰੀਆਂ ਦੇ ਪੱਖ ਵਿੱਚ ਭੁਗਤਣ ਵਰਗੇ ਹੋਣ ਜਾਂ ਫਿਰ ਸਮੇਂ ਸਮੇਂ ‘ਤੇ ਜਨਤਾ ਨੂੰ ਸੁਣਾਏ ਗਏ ‘ਜ਼ੁਮਲੇ’ ਹੀ ਕਿਉਂ ਨਾ ਹੋਣ।

ਦੂਸਰੀ ਐਨਕ ਓਹ ਹੈ, ਜਿਸਦੇ ਸ਼ੀਸ਼ੇ ਹੀ ਨਹੀਂ ਹਨ ਸਗੋਂ ਇਕੱਲਾ ਚਖੌਟਾ ਹੀ ਹੈ। ਇਸ ਐਨਕ ਰਾਹੀਂ ਤੁਹਾਡੀਆਂ ਅੱਖਾਂ ਨੂੰ ਹੂਬਹੂ ਓਹੀ ਕੁੱਝ ਨਜ਼ਰ ਆਵੇਗਾ, ਜੋ ਕੁੱਝ ਹਕੀਕਤ ਵਿੱਚ ਵਾਪਰ ਰਿਹਾ ਹੈ। ਇਸ ਰਾਹੀਂ ਤੁਹਾਨੂੰ ਆਬਾਦੀ ਵਾਧੇ ਦੇ ਨਾਂ ‘ਤੇ ਭਾਰਤ ਦੇ ਵਿਸ਼ਵ ਸ਼ਕਤੀ ਬਣਨ ਵੱਲ ਵਧਣ ਲਈ ਮਾਰੀਆਂ ਜਾਦੀਆਂ ਫੁਕਰੀਆਂ ਦੀ ਅਸਲੀਅਤ ਵੀ ਦਿਖੇਗੀ। ਕਰੋੜਾਂ ਦੀ ਤਾਦਾਦ ਵਿੱਚ ਅਜਿਹੇ ਲੋਕ ਵੀ ਦਿਖਣਗੇ, ਜਿਹਨਾਂ ਨੂੰ ਇੱਕ ਵੇਲੇ ਦੀ ਰੋਟੀ ਖਾ ਕੇ ਦੂਜੇ ਵਕਤ ਦੀ ਰੋਟੀ ਦਾ ਪੱਕਾ ਯਕੀਨ ਨਹੀਂ ਹੁੰਦਾ ਕਿ ਮਿਲੇਗੀ ਵੀ ਜਾਂ ਨਹੀਂ? ਇਸ ਐਨਕ ਰਾਹੀਂ ਤੁਸੀਂ ਦੇਖ ਸਕੋਗੇ ਕਿ ਲੋਕਾਂ ਵੱਲੋਂ ਰਾਜੇ ਬਣਾਏ ਮੰਤਰੀ ਵਿਧਾਇਕ ਸ਼ਾਹੀ ਜ਼ਿੰਦਗੀ ਜਿਉਂਦੇ ਹਨ, ਪਰ ਉਹਨਾਂ ਨੂੰ ਉਸ ਮੁਕਾਮ ਤੱਕ ਪਹੁੰਚਾਉਣ ਵਾਲੇ ਆਮ ਨਾਗਰਿਕ ਦੀ ਜ਼ਿੰਦਗੀ ਨਰਕ ਤੋਂ ਵੀ ਬਦਤਰ। ਲੋਕਾਂ ਦੇ ਨੁਮਾਇੰਦੇ ਉਹਨਾਂ ਲੋਕਾਂ ਵਿੱਚੋਂ ਦੀ ਹੀ ਲੰਘਣ ਲਈ ਹੂਟਰਾਂ ਵਾਲੀਆਂ ਗੱਡੀਆਂ ਦਾ ਲਸ਼ਕਰ, ਸੁਰੱਖਿਆ ਟੋਲੇ ਰੱਖਦੇ ਹਨ ਪਰ ਆਮ ਨਾਗਰਿਕ ਨੂੰ ਪਾਸੇ ਹਟਣ ਲਈ ਉਹਨਾਂ ਦੇ ਹੀ ਸੁਰੱਖਿਆ ਗਾਰਦਾਂ ਦੀਆਂ ਘੂਰੀਆਂ ਅਤੇ ਡੰਡੇ ਉੱਲਰਦੇ ਦਿਸਣਗੇ। ਬੇਸ਼ੱਕ ਬਾਲ ਦਿਵਸ ਵਾਲੇ ਦਿਨ ਅਖ਼ਬਾਰਾਂ ਟੈਲੀਵਿਜਨਾਂ ਰਾਹੀਂ ਨਹਾਤੇ ਧੋਤੇ, ਲਿਸ਼ਕਦੇ ਪੁਸ਼ਕਦੇ ਕੱਪੜਿਆਂ ਵਾਲੇ ਬਾਲਾਂ ਦੇ ਦਰਸ਼ਨ ਦੀਦਾਰੇ ਕਰਵਾਏ ਜਾਂਦੇ ਹਨ ਪਰ ਇਸ ਐਨਕ ਰਾਹੀਂ ਤੁਹਾਨੂੰ ਕਰੋੜਾਂ ਦੀ ਤਾਦਾਦ ਵਿੱਚ ਕੁਪੋਸ਼ਣ ਦੇ ਸ਼ਿਕਾਰ ਅਤੇ ਲੀਰਾਂ ਵਰਗੇ ਨਾਮਾਤਰ ਕੱਪੜੇ ਪਹਿਨੀ ਫਿਰਦੇ ਬਾਲ ਵੀ ਦਿਸਣਗੇ, ਜਿਹਨਾਂ ਨੂੰ ਨਾ ਤਾਂ ਇਹ ਪਤਾ ਹੋਣੈ ਕਿ ਬਚਪਨ ਕੀ ਹੁੰਦੈ? ਬਾਲ ਦਿਵਸ ਕੀ ਹੁੰਦੈ? ਤੇ ਨਹਿਰੂ ਉਹਨਾਂ ਦਾ ਚਾਚਾ ਕਿਵੇਂ ਬਣ ਗਿਆ? ਤੇ ਉਹਨਾਂ ਭਤੀਜੇ ਭਤੀਜੀਆਂ ਲਈ ਚਾਚਾ ਨਹਿਰੂ ਵਾਲਾ ਬਾਲ ਦਿਵਸ ਕਿਉਂ ਨਹੀਂ ਬਣਿਆ?

ਹੁਣ ਇਹਨਾਂ ਦੋਵਾਂ ਐਨਕਾਂ ਨੂੰ ਪਾਸੇ ਰੱਖਕੇ ਨੰਗੀ ਅੱਖ ਨਾਲ ਦੇਖੀਏ ਤਾਂ ਹੋਰ ਵੀ ਬਹੁਤ ਕੁੱਝ ਅਜਿਹਾ ਵੀ ਨਜ਼ਰ ਆਵੇਗਾ ਜਿਹੜਾ ਇਹਨਾਂ ਐਨਕਾਂ ਦੇ ਫਰੇਮ ਕਾਰਨ ਵੀ ਦੇਖਣੋਂ ਰਹਿ ਗਿਆ ਹੋਵੇਗਾ। ਅੱਜਕੱਲ੍ਹ ਦੇਸ਼ ਦੇ ਸਨਮਾਨਜਨਕ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬਿਰਾਜਮਾਨ ਨਰੇਂਦਰ ਮੋਦੀ ਜੀ ਦੀਆਂ ਡਿਗਰੀਆਂ ਦਾ ਮਾਮਲਾ ਸਿਖ਼ਰਾਂ ‘ਤੇ ਹੈ। ਕਿਹਾ ਇਹ ਜਾ ਰਿਹਾ ਹੈ ਕਿ ਮੋਦੀ ਵੱਲੋਂ ਹਲਫ਼ਨਾਮੇ ਵਿੱਚ ਦਿੱਤੀ ਜਾਣਕਾਰੀ ਅਤੇ ਅਸਲੀਅਤ ਵਿੱਚ ਲੱਖਾਂ ਕੋਹਾਂ ਦਾ ਫ਼ਰਕ ਹੈ। ਬਹੁਤ ਦਿਨਾਂ ਤੋਂ ਇਸ ਮਸਲੇ ਨੂੰ ਪਾਣੀ ਵਿੱਚ ਮਧਾਣੀ ਵਾਂਗ ਰਿੜਕਿਆ ਜਾ ਰਿਹਾ ਸੀ ਪਰ ਪ੍ਰਧਾਨ ਮੰਤਰੀ ਵਾਲੇ ਪਾਸੇ ਤੋਂ ਖਤਰਨਾਕ ਚੁੱਪ ਵੱਟੀ ਹੋਈ ਸੀ। ਉਸ ਚੁੱਪ ਨੂੰ ਤੋੜਦਿਆਂ ਭਾਰਤੀ ਜਨਤਾ ਪਾਰਟੀ ਦੀ ਤਰਫ਼ੋਂ ਅਮਿਤ ਸ਼ਾਹ ਅਤੇ ਅਰੁਣ ਜੇਤਲੀ ਵੱਲੋਂ ਪ੍ਰਧਾਨ ਮੰਤਰੀ ਦੀਆਂ ਜਿਹੜੀਆਂ ਡਿਗਰੀਆਂ ਦਿਖਾਈਆਂ ਹਨ, ਉਹਨਾਂ ਬਾਰੇ ਵੀ ਸਵਾਲ ਖੜ੍ਹੇ ਹੋਣ ਲੱਗੇ ਹਨ ਕਿ ਬੀਥਏਥ ਦੇ ਨੰਬਰ ਕਾਰਡ ਉੱਪਰ ਨਾਮ ਨਰੇਂਦਰ ਕੁਮਾਰ ਦਮੋਦਰ ਦਾਸ ਮੋਦੀ ਲਿਖਿਆ ਹੋਇਆ ਹੈ ਪਰ ਡਿਗਰੀ ਉੱਪਰ ਕੁਮਾਰ ਸ਼ਬਦ ਕੱਟ ਕੇ ਸਿਰਫ ਨਰੇਂਦਰ ਦਮੋਦਰ ਦਾਸ ਮੋਦੀ ਲਿਖਿਆ ਹੋਇਆ ਹੈ। ਇਹ ਵੀ ਸਵਾਲ ਉੱਠਿਆ ਹੈ ਕਿ ਨੰਬਰ ਕਾਰਡ 1977 ਦਾ ਹੈ ਪਰ ਡਿਗਰੀ 1978 ਦੀ ਹੈ। ਦੁਨਿਆਵੀ ਸੱਚ ਹੈ ਕਿ ਧੂੰਆਂ ਉੱਥੋਂ ਹੀ ਨਿੱਕਲਦਾ ਹੈ ਜਿੱਥੇ ਅੱਗ ਲੱਗੀ ਜਾਂ ਧੁਖ ਰਹੀ ਹੋਵੇ। ਜੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਡਿਗਰੀ ਦਾ ਰੌਲਾ ਪਿਆ ਹੈ ਤਾਂ ਮਤਲਬ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਧੂੰਆਂ ਬਿਨਾਂ ਗੱਲੋਂ ਹੀ ਨਹੀਂ ਨਿੱਕਲ ਰਿਹਾ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਗੱਲ ਗੱਲ ਉੱਪਰ ਜਾਂਚ ਕਮੇਟੀਆਂ ਗਠਿਤ ਕਰ ਦਿੱਤੀਆਂ ਜਾਂਦੀਆਂ ਹਨ, ਜੇਕਰ ਪ੍ਰਧਾਨ ਮੰਤਰੀ ਸੱਚੇ ਹਨ ਤਾਂ ਇਸ ਗੱਲ ਦੀ ਜਾਂਚ ਲਈ ਉਹਨਾਂ ਨੂੰ ਖੁਦ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ ਨਾ ਕਿ ਅਮਿਤ ਸ਼ਾਹ ਜਾਂ ਅਰੁਣ ਜੇਤਲੀ ਜੀ ਵਰਗਿਆਂ ਦੇ ਮੋਢੇ ਉੱਪਰ ਰੱਖ ਕੇ ਨਿਸ਼ਾਨੇ ਲਾਉਣ। ਦੇਸ਼ ਦੇ ਲੋਕਾਂ ਦਾ ਪ੍ਰਧਾਨ ਮੰਤਰੀ ਦੇ ਅਹੁਦੇ ਪ੍ਰਤੀ ਸਤਿਕਾਰ ਬਰਕਰਾਰ ਰੱਖਣ ਲਈ ਉਹਨਾਂ ਨੂੰ ਇਸ ਸਮੁੱਚੇ ਰੌਲੇ ਰੱਪੇ ਬਾਰੇ ਆਪਣਾ ਪ੍ਰਤੀਕਰਮ ਖੁਦ ਦੇਣਾ ਬਣਦਾ ਹੈ। ਕਿਉਂਕਿ ਪ੍ਰਧਾਨ ਮੰਤਰੀ ਵੀ ਸਭ ਤੋਂ ਪਹਿਲਾਂ ਭਾਰਤ ਦੇ ”ਆਮ ਨਾਗਰਿਕ” ਹਨ। ਜੇਕਰ ਦੇਸ਼ ਦਾ ਕੋਈ ਆਮ ਨਾਗਰਿਕ ਕਿਸੇ ਵੀ ਸਰਟੀਫਿਕੇਟ ਜਾਂ ਸਰਕਾਰੀ ਦਸਤਾਵੇਜ਼ ਨਾਲ ਛੇੜਛਾੜ ਕਰਦਾ ਹੈ ਜਾਂ ਹਲਫੀਆ ਬਿਆਨ ਰਾਹੀਂ ਝੂਠੀ ਜਾਣਕਾਰੀ ਦਿੰਦਾ ਹੈ ਤਾਂ ਉਸਨੂੰ ਦੇਸ਼ ਦਾ ਕਾਨੂੰਨ ਬਣਦੀ ਸਜ਼ਾ ਵੀ ਦਿੰਦਾ ਹੈ। ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਆਮ ਨਾਗਰਿਕ ਵਜੋਂ ਦਿੱਤਾ ਹਲਫੀਆ ਬਿਆਨ ਦਰੁਸਤ ਜਾਣਕਾਰੀ ਮੁਹੱਈਆ ਨਹੀਂ ਕਰਵਾਉਂਦਾ ਤਾਂ ਉਹਨਾਂ ਨੂੰ ਹਾਲਾਤਾਂ ਦਾ ਸਾਹਮਣਾ ਵੀ ਆਮ ਨਾਗਰਿਕ ਵਜੋਂ ਕਰਨਾ ਚਾਹੀਦਾ ਹੈ ਨਾ ਕਿ ”ਸ਼ਕਤੀਸ਼ਾਲੀ ਪ੍ਰਧਾਨ ਮੰਤਰੀ” ਬਣਕੇ।

ਡਰ ਇਸ ਗੱਲ ਦਾ ਵੀ ਹੈ ਕਿ ਦੇਸ਼ ਦੇ ਹਰ ਨਾਗਰਿਕ ਦੇ ਖਾਤੇ ਵਿੱਚ 15 ਲੱਖ, ਅੱਛੇ ਦਿਨ ਵਰਗੇ ਚੁਨਾਵੀ ਵਾਅਦਿਆਂ ਨੂੰ ਵੀ ਅਮਿਤ ਸ਼ਾਹ ਦੇ ਮੂੰਹੋਂ ਹੀ ”ਚੋਣ ਜ਼ੁਮਲਾ” ਅਖਵਾਇਆ ਗਿਆ ਸੀ। ੍ਹੁਣ ਡਿਗਰੀ ਮਾਮਲੇ ਵਿੱਚ ਵੀ ਅਮਿਤ ਸ਼ਾਹ ਦਾ ਮੋਹਰੀ ਵਜੋਂ ਪੇਸ਼ ਹੋਣਾ, ਇਸ ਗੱਲ ਦਾ ਸਬੂਤ ਤਾਂ ਨਹੀਂ ਕਿ ਜ਼ੁਮਲਿਆਂ ਬਾਰੇ ਸ਼ਪਸ਼ਟੀਕਰਨ ਦੇਣ ਵਾਲੇ ਵਿਭਾਗ ਦਾ ਮੁਖੀ ਹੀ ਅਮਿਤ ਸ਼ਾਹ ਹੈ? ਅੱਜ ਦੀ ਘੜੀ ਆਮ ਲੋਕਾਂ ਨੂੰ ਮੋਦੀ ਜੀ ਦੀ ਡਿਗਰੀ ਨਾਲ ਕੋਈ ਲੈਣਾ ਦੇਣਾ ਨਹੀਂ। (ਜੇ ਝੂਠ ਹੈ ਤਾਂ ਲੈਣਾ ਦੇਣਾ ਹੈ ਵੀ, ਕਿਉਂਕਿ ਉਹਨਾ ਨੇ ਖੁਦ ਸ੍ਰੀ ਮੋਦੀ ਨੂੰ ਆਪਣੇ ਸਿਰ ਉੱਪਰ ਬਿਠਾਇਆ ਹੈ।) ਬੇਸ਼ੱਕ ਕੱਲ੍ਹ ਕਲਾਂਤਰ ਨੂੰ ਅਮਿਤ ਸ਼ਾਹ ਮੋਦੀ ਜੀ ਦੀ ਡਿਗਰੀ ਬਾਰੇ ਤੱਥਾਂ ਨੂੰ ਵੀ ਚੋਣ ਜ਼ੁਮਲਾ ਦੇਣ ਪਰ ਸਵਾਲ ਇਹ ਹੈ ਕਿ ਕੀ ਲੋਕਾਂ ਨੇ ਮੋਦੀ ਦੀਆਂ ਡਿਗਰੀਆਂ ਖਾਣੀਆਂ ਹਨ…….??

ਲੋਕਾਂ ਨੂੰ ਸਿਹਤ, ਸਿੱਖਿਆ ਤੇ ਰੁਜ਼ਗਾਰ ਵਰਗੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਚਾਹੀਦੀ ਹੈ। ਬੇਸ਼ੱਕ ਮੋਦੀ ਖੁਦ ਕਹਿ ਦੇਣ ਕਿ ਉਹ ਅਨਪੜ੍ਹ ਹਨ, ਇਹਨਾਂ ਸਤਰਾਂ ਦੇ ਲੇਖਕ ਨੂੰ ਰੱਤੀ ਭਰ ਰੋਸਾ ਨਹੀਂ ਹੋਵੇਗਾ ਪਰ ਇਹ ਗੱਲ ਮਆਨਾ ਰੱਖਦੀ ਹੈ ਕਿ ਉਹਨਾਂ ਆਮ ਲੋਕਾਂ ਦੀ ਜੂਨ ਸੁਧਾਰਨ ਲਈ ਬਗੈਰ ਚੋਣ ਜ਼ੁਮਲਿਆਂ ਤੋਂ ਕੀ ਕੀਤਾ ਹੈ? ਇਸ ਮਾਮਲੇ ਦੀ ਜਾਚ ਲਈ ਕਮੇਟੀ ਵੀ ਗਠਿਤ ਹੋ ਜਾਵੇਗੀ ਪਰ ਇਹ ਗੱਲ ਵੀ ਸੱਚ ਹੈ ਕਿ ਭਾਰਤ ਵਿੱਚ ਅਜੇ ਊਠ ਦਾ ਬੁੱਲ੍ਹ ਵੀ ਡਿੱਗ ਸਕਦੈ ਪਰ ਜਾਂਚ ਓਨੀ ਦੇਰ ਕਿਸੇ ਸਿਰੇ ਨਹੀਂ ਲਗਦੀ, ਜਿੰਨੀ ਦੇਰ ਉਸ ਵਿੱਚ ਵੀ ਰਾਜਨੀਤਕ ਦਖਲ ਨਹੀਂ ਹੁੰਦਾ। ਅੱਜ ਸਮੇਂ ਦੀ ਮੁੱਖ ਲੋੜ ਲੋਕਾਂ ਦੀ ਜੂਨ ਸੁਧਾਰਨ ਵੱਲ ਠੋਸ ਯਤਨ ਕਰਨ ਦੀ ਹੈ। ਲੋਕਾਂ ਨੂੰ ਸਿਹਤ ਲਈ ਹਸਪਤਾਲ, ਡਾਕਟਰ ਤੇ ਦਵਾਈਆਂ ਚਾਹੀਦੀਆਂ ਹਨ। ਸਿੱਖਿਆ ਲਈ ਸਕੂਲ, ਅਧਿਆਪਕ ਤੇ ਬਿਹਤਰ ਸਹੂਲਤਾਂ ਚਾਹੀਦੀਆਂ ਹਨ। ਨੌਜਵਾਨੀ ਨੂੰ ਜਵਾਨੀ ਦੀ ਦਹਿਲੀਜ਼ ‘ਤੇ ਕਦਮ ਰੱਖਦਿਆਂ ਹੀ ਰੁਜ਼ਗਾਰ ਚਾਹੀਦਾ ਹੈ। ਪੇਟ ਨੂੰ ਝੁਲਕਾ ਦੇਣ ਲਈ ਲੋਕਾਂ ਨੂੰ ਰਾਸ਼ਨ ਚਾਹੀਦੈ, ਮੋਦੀ ਜੀ ਦੀਆਂ ਡਿਗਰੀਆਂ ਜਾਂ ਬਾਂਹਾਂ ਉੱਚੀਆਂ ਕਰ ਕਰ ਕੇ ਕੀਤਾ ਭਾਸ਼ਣ ਖਾਧਾ ਪੀਤਾ ਨਹੀਂ ਜਾ ਸਕਦਾ।

Install Punjabi Akhbar App

Install
×