”ਚੀਨੀ ਕੈਮਰਿਆਂ ਨੂੰ ਹਟਾਓ” ਰੱਖਿਆ ਮੰਤਰੀ ਦੇ ਆਦੇਸ਼

ਰੱਖਿਆ ਮੰਤਰੀ -ਰਿਚਰਡ ਮਾਰਲਸ ਨੇ ਆਪਣੇ ਇੱਕ ਆਦੇਸ਼ ਰਾਹੀਂ ਆਸਟ੍ਰੇਲੀਆਈ ਸਰਕਾਰੀ ਇਮਾਰਤਾਂ ਤੋਂ ਅਜਿਹੇ ਸਾਰੇ ਸੀ.ਸੀ.ਟੀ.ਵੀ. ਕੈਮਰੇ ਹਟਾਉਣ ਦੇ ਆਦੇਸ਼ ਦਿੱਤੇ ਹਨ ਜਿਨ੍ਹਾਂ ਨੂੰ ਇਕਵਿਜ਼ਨ ਅਤੇ ਦਾਹੂਆ ਕੰਪਨੀਆਂ ਦੁਆਰਾ ਬਣਾਇਆ ਗਿਆ ਹੈ। ਰੱਖਿਆ ਮੰਤਰੀ ਦਾ ਕਹਿਣਾ ਹੈ ਕਿ 1000 ਦੀ ਗਿਣਤੀ ਵਿੱਚ ਸਰਕਾਰੀ ਇਮਾਰਤਾਂ ਉਪਰ ਲਗਾਏ ਗਏ ਅਜਿਹੀ ਕੈਮਰੇ ਬਣਾਉਣ ਵਾਲੀਆਂ ਉਕਤ ਕੰਪਨੀਆਂ ਦੇ ਸਿੱਧੇ ਸੰਬੰਧ ਚੀਨ ਦੀ ਸਰਕਾਰ ਨਾਲ ਹਨ ਇਸ ਵਾਸਤੇ ਅਜਿਹੀ ਤਕਨਾਲੋਜੀ ਆਸਟ੍ਰੇਲੀਆ ਲਈ ਸੁਰੱਖਿਅਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਅਜਿਹਾ ਕੀਤਾ ਜਾ ਰਿਹਾ ਹੈ ਅਤੇ ਜਿੱਥੇ ਕਿਤੇ ਵੀ ਸਰਕਾਰੀ ਇਮਾਰਤਾਂ ਆਦਿ ਵਿੱਚ ਅਜਿਹੇ ਕੈਮਰੇ ਲੱਗੇ ਹਨ, ਸਭ ਨੂੰ ਹਟਾ ਲਿਆ ਜਾਵੇਗਾ।
ਇੱਕ ਆਡਿਟ ਰਿਪੋਰਟ ਵੱਲੋਂ ਦਰਸਾਇਆ ਗਿਆ ਹੈ ਕਿ ਦੇਸ਼ ਅੰਦਰ ਪ੍ਰਧਾਨ ਮੰਤਰੀ, ਕੈਬਨਿਟ ਅਤੇ ਖੇਤੀਬਾੜੀ ਵਿਭਾਗ ਆਦਿ ਨੂੰ ਛੱਡ ਕੇ ਹਰ ਵਿਭਾਗ ਵਿਚ ਹੀ ਸੀ.ਸੀ.ਟੀ.ਵੀ. ਕੈਮਰੇ ਅਤੇ ਹੋਰ ਸੁਰੱਖਿਆ ਸਬੰਧੀ ਸਾਜੋ ਸਾਮਾਨ ਲਗਾਏ ਹੋਏ ਹਨ। ਅਟਾਰਨੀ ਜਨਰਲ ਵਿਭਾਗ ਦੇ 29 ਹਿੱਸਿਆਂ ਵਿੱਚ ਅਜਿਹੇ 195 ਕੈਮਰੇ ਲੱਗੇ ਹੋਏ ਹਨ।
ਜ਼ਿਕਰਯੋਗ ਹੈ ਕਿ ਹਾਲ ਵਿੱਚ ਹੀ ਆਸਟ੍ਰੇਲੀਆਈ ਵਾਰ ਮੈਮੋਰੀਅਲ (ਕੈਨਬਰਾ) ਵੱਲੋਂ ਵੀ ਅਜਿਹਾ ਹੀ ਫੈਸਲਾ ਲਿਆ ਗਿਆ ਹੈ ਅਤੇ ਇਸ ਵਿੱਚ ਵੀ ਸੁਰੱਖਿਆ ਕਾਰਨ ਹੀ ਦੱਸੇ ਗਏ ਹਨ।