ਹੰਟਰ ਰਿਜਨ ਵਿੱਚ ਡਿਫੈਂਸ ਅਤੇ ਏਅਰੋਸਪੇਸ ਤਕਨਾਲੋਜੀ ਪਾਰਕ ਦਾ ਪਹਿਲਾ ਹਿੱਸਾ ਬਣ ਕੇ ਤਿਆਰ

ਨਿਊ ਸਾਊਥ ਵੇਲਜ਼ ਦੇ ਸਿਡਨੀ ਦੇ ਉਤਰ ਵੱਲ ਨੂੰ ਸਥਿਤ ਹੰਟਰ ਖੇਤਰ ਜਿੱਥੇ ਕਿ ਇੱਕ ਅਜਿਹਾ ਡਿਫੈਂਸ ਅਤੇ ਏਅਰੋਸਪੇਸ ਤਕਨਾਲੋਜੀ ਦਾ ਪਾਰਕ ਬਣਾਇਆ ਜਾ ਰਿਹਾ ਹੈ ਜਿੱਥੇ ਕਿ ਘੱਟੋ ਘੱਟ ਵੀ 4,300 ਰੌਜ਼ਗਾਰ ਮਿਲਣਗੇ ਅਤੇ ਆਸਟ੍ਰੇਲੀਆਈ ਲੜਾਕੂ ਜੈਟਾਂ ਦੀ ਸਾਂਭ ਸੰਭਾਲ ਅਤੇ ਮੁਰੰਮਤ ਦਾ ਕੰਮ ਕੀਤਾ ਜਾਵੇਗਾ ਅਤੇ ਹੁਣ ਇਸ ਪ੍ਰਾਜੈਕਟ ਦਾ ਪਹਿਲਾ ਪੜਾਅ ਪੂਰਾ ਕਰ ਲਿਆ ਗਿਆ ਹੈ ਜਿਸ ਅਧੀਨ ਇੱਥੇ ਸੜਕਾਂ, ਬਿਜਲੀ, ਪਾਣੀ, ਗੈਸ, ਸੀਵਰੇਜ ਅਤੇ ਡਾਟਾ ਕਨੈਕਸ਼ਨ ਦਾ ਪੂਰਨ ਇੰਤਜ਼ਾਮ ਕਰ ਲਿਆ ਗਿਆ ਹੈ ਅਤੇ ਇਸ ਵਾਸਤੇ ਰਾਜ ਸਰਕਾਰ ਨੇ 11.7 ਮਿਲੀਅਨ ਡਾਲਰ ਖਰਚੇ ਹਨ। ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਨਿਊ ਕਾਸਲ ਦੇ ਸੀ.ਈ.ਓ. ਡਾ. ਪੀਟਰ ਕੋਕ ਨਾਲ ਮਿਲ ਕੇ ਇਹ ਐਲਾਨ ਕੀਤੇ ਅਤੇ ਕਿਹਾ ਕਿ ਬਣਨ ਵਾਲੇ ਇਸ ਆਧੁਨਿਕ ਪ੍ਰਾਜੈਕਟ ਵਾਸਤੇ ਮੁੱਢਲੇ ਢਾਂਚੇ ਨੂੰ ਤਿਆਰ ਕਰ ਲਿਆ ਗਿਆ ਹੈ। ਇਸ ਨਾਲ ਸਥਾਨਕ ਲੋਕਾਂ ਨੂੰ ਰੌਜ਼ਗਾਰ ਵੀ ਮਿਲ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਸ ਨਾਲ ਇਨ੍ਹਾਂ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਫਾਇਦਾ ਹੋਵੇਗਾ ਕਿਉਂਕਿ ਇਸ ਪ੍ਰਾਜੈਕਟ ਦੇ ਪੂਰਾ ਹੋ ਜਾਣ ਨਾਲ ਹਜ਼ਾਰਾਂ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰੌਜ਼ਗਾਰ ਮਿਲਦਾ ਹੀ ਰਹੇਗਾ। ਪਹਿਲੇ ਪੜਾਅ ਨੂੰ ਪੂਰਨ ਲਈ 18 ਮਹੀਨਿਆਂ ਦਾ ਸਮਾਂ ਲੱਗਿਆ ਹੈ। ਹੁਣ ਅਸੀਂ ਏਵੀਏਸ਼ਨ ਕੰਪਨੀਆਂ ਨੂੰ ਸੱਦਾ ਦੇਣ ਜਾ ਰਹੇ ਹਾਂ ਕਿ ਉਹ ਆਉਣ ਅਤੇ ਇੱਥੇ ਆਪਣੀਆਂ ਆਪਣੀਆਂ ਇਕਾਈਆਂ ਸਥਾਪਿਤ ਕਰਨ। ਸ੍ਰੀ ਬੈਰੀਲੈਰੋ ਨੇ ਇਹ ਵੀ ਕਿਹਾ ਕਿ ਉਹ ਨਿਊ ਕਾਸਲ ਏਅਰਪੋਰਟ ਦੇ ਸਮੁੱਚੇ ਸਟਾਫ, ਨਿਊਕਾਸਲ ਸ਼ਹਿਰ ਅਤੇ ਪੋਰਟ ਸਟੀਫਨ ਕਾਂਸਲ ਦੇ ਧੰਨਵਾਦੀ ਹਨ ਕਿ ਉਨ੍ਹਾਂ ਦੇ ਸਹਿਯੋਗ ਅਤੇ ਅਣਥੱਕ ਮਿਹਨਤ ਸਦਕਾ ਉਕਤ ਪੜਾਅ ਪੂਰਾ ਹੋਇਆ ਅਤੇ ਹੁਣ ਅਸੀਂ ਅਗਲੇ ਕਦਮ ਪੁੱਟਣ ਦੀ ਤਿਆਰੀ ਕਰ ਰਹੇ ਹਾਂ। ਡਾ. ਕੋਕ ਨੇ ਕਿਹਾ ਕਿ ਇੱਥੇ ਬਣਨ ਵਾਲੀ ਐਸਰਾ ਏਅਰੋ ਲੈਬ ਜਿੱਥੇ ਕਿ ਆਧੁਨਿਕ ਤਰੀਕਿਆਂ ਨਾਲ ਡਿਫੈਂਸ, ਖੋਜ, ਏਅਰੋਸਪੇਸ ਅਤੇ ਉਦਯੋਗਿਕ ਪਾਰਟਨਰ ਨਵੀਆਂ ਤਕਨਾਲੋਜੀਆਂ ਦਾ ਵਿਕਾਸ ਕਰਨਗੇ ਉਥੇ ਹਜ਼ਾਰਾਂ ਲੋਕਾਂ ਨੂੰ ਇਸ ਨਾਲ ਰੌਜ਼ਗਾਰ ਦੀ ਪ੍ਰਾਪਤੀ ਹੋਵੇਗੀ ਅਤੇ ਰਾਜ ਦੀ ਅਰਥ-ਵਿਵਸਥਾ ਨੂੰ ਵੀ ਫਾਇਦਾ ਹੋਵੇਗਾ। ਇੱਥੇ ਤਿਆਰ ਹੋਣ ਵਾਲੇ ਬੀ.ਏ.ਈ. ਸਿਸਟਮ ਦੇ ਐਮ.ਡੀ. ਐਂਡ੍ਰਿਊ ਗ੍ਰੇਸ਼ਮ ਨੇ ਕਿਹਾ ਕਿ ਕੰਪਨੀ ਵਿੱਚ ਸਿੱਧੇ ਤੌਰ ਤੇ 400 ਪੂਰੀ ਤਰ੍ਹਾਂ ਸਿਖਿਅਤ ਅਤੇ ਤਜੁਰਬੇਕਾਰ ਲੋਕ ਇੱਥੇ ਸਥਾਪਿਤ ਕੀਤੇ ਜਾਣਗੇ ਜੋ ਕਿ ਅਗਲੇ ਘੱਟੋ ਘੱਟ 30 ਸਾਲਾਂ ਤੱਕ ਦੇਸ਼ ਦੇ ਲੜਾਕੂ ਜਹਾਜ਼ਾਂ ਦੀ ਸਾਂਭ ਸੰਭਾਲ ਅਤੇ ਮੁਰੰਮਤ ਆਦਿ ਲਈ ਕੰਮ ਕਰਦੇ ਰਹਿਣਗੇ।

Install Punjabi Akhbar App

Install
×