ਗੈਰ ਮਿਆਰੀ ਫ਼ਿਲਮਾਂ ਨੇ ਘਟਾਏ- ਪੰਜਾਬੀ ਸਿਨੇਮਾ ਦਰਸ਼ਕ

images (1)
ਮੌਜੂਦਾ ਸਮੇਂ ਦੇ ਪੰਜਾਬੀ ਸਿਨੇਮਾ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਬਹੁ-ਗਿਣਤੀ ‘ਚ ਬਣਨ ਵਾਲੀਆਂ ਪੰਜਾਬੀ ਫਿਲਮਾਂ ਸਿਨੇਮਾ ਦਰਸ਼ਕਾਂ ਦੇ ਲਈ ਭਰਪੂਰ ਮੰਨੋਰੰਜਨ ਦੇਣ ਦਾ ਦਾਅਵੇ ਤਾਂ ਕਰਦੀਆਂ ਹਨ ਪਰ ਇਹ ਦਾਅਵੇ  ਉਦੋਂ ਠੁੱਸ ਹੋ ਜਾਂਦੇ ਹਨ ਜਦੋਂ ਦਰਸ਼ਕ ਫਿਲਮ  ਦੇਖ ਕੇ ਪਰਤਦੇ ਹਨ ਤੇ  ਫਿਲਮ ਬਾਰੇ  ਮਾੜੀ ਟਿਕਾ-ਟਿਪਣੀ ਕਰਦੇ ਹਨ। ਪਾਲੀਵੁੱਡ ਵਿਚ ਬਣੀਆਂ ਕਈ ਫਿਲਮਾਂ ਦਰਸ਼ਕਾਂ ਦਾ ਮਨ ਨਹੀਂ ਮੋਹ ਪਾਉਂਦੀਆਂ।

ਬਾਲੀਵੁੱਡ ਦੇ ਬਰਾਬਰ ਦਾ ਕਿਹਾ ਜਾਣ ਵਾਲਾ ਪਾਲੀਵੁੱਡ ਸਿਨੇਮਾ ਤਾਂ ਬੱਸ ਨਾਮ ਦਾ ਹੀ ਰਹਿ ਗਿਆ ਹੈ। ਭੇਡ ਚਾਲ ‘ਚ ਲੱਗ ਕੇ ਬਣਾਈਆਂ ਫਿਲਮਾਂ ਨਾ ਤਾਂ ਚੰਗਾ ਵਪਾਰ ਕਰਦੀਆਂ ਹਨ ਤੇ ਨਾ ਹੀ ਦਰਸ਼ਕਾਂ ਨੂੰ ਲੁਭਾਉਣ ‘ਚ ਕਾਮਯਾਬ ਹੁੰਦੀਆਂ ਹਨ। ਫਿਰ ਤਾਂ ਫਿਲਮਾਂ ਘਾਟੇ ਦਾ ਸੌਦਾ ਹੀ ਹੋਣਗੀਆਂ।

ਦਰਅਸਲ ਪੰਜਾਬੀ ਫਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਕਈ ਵਾਰ ਕੁਝ ਚੰਗਾ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਆਪਣੇ ਵਲੋਂ ਪੂਰੀ ਜਿੰਦ-ਜਾਨ ਲਗਾ ਕੇ ਫਿਲਮ ਤਾਂ  ਬਣਾ ਦਿੰਦੇ ਹਨ ਪਰ ਕੁਝ ਕੁ ਗਲਤੀਆਂ ਸਾਰੇ ਫਿਲਮ ਨੂੰ ਲੈ ਡੁੱਬਦੀ ਹੈ। ਪਿੱਛੇ ਜਿਹੇ ਰਿਲੀਜ਼ ਹੋਈ ਕੁਝ ਕੁ ਫਿਲਮਾਂ ਦੀ ਉਦਾਹਰਨ ਲੈ ਲਉ— ਨਿਰਦੇਸ਼ਕ ਨਵਨੀਅਤ ਸਿੰਘ ਦੁਆਰਾ ਬਣਾਈ ਫਿਲਮ ‘ਰੋਮੀਓ ਰਾਂਝਾ’ ਨੇ ਦਰਸ਼ਕਾਂ ਨੂੰ ਬੜਾ ਮਾਯੂਸ ਕੀਤਾ। ਲੋਕÎਾਂ ਦੁਆਰਾ ਸਿਨੇਮਾ ਹਾਲ ‘ਚ ਬੈਠ ਕੇ ਖਾਧੇ-ਪੀਤੇ ਪਾਪਕੌਨ ਅਤੇ ਕੋਲਡਰਿੰਕ ਦੇ ਪੈਸੇ ਵੀ ਵਸੂਲ ਨਹੀਂ ਹੋਏ।  ਬਾਲੀਵੁੱਡ/ਹਾਲੀਵੁੱਡ ਜਿਹੇ ਐਕਸ਼ਨਾਂ ਦਾ ਦਾਅਵਾ ਕਰਦੀ ਇਹ ਫਿਲਮ ਬਹੁਤ ਘੱਟ ਚੱਲੀ,ਬੇਸ਼ਕ ਗੈਰੀ ਸੰਧੂ ਤੇ ਜ਼ੈਜ਼ੀ.ਬੀ ਵਰਗੇ ਚਰਚਿਤ ਗਾਇਕ ਇਸ ਫਿਲਮ ਦੇ ਹੀਰੋ ਸਨ ਤੇ ਇਨਾਂ ਦੀ ਫੈਨ ਫੋਲੋਵਿੰਗ ਵੀ ਚੰਗੀ ਹੈ ਪਰ ਸ਼ਾਇਦ ਘਟੀਆ ਵਿਸ਼ੇ ‘ਤੇ ਬਣਾਈ ਗਈ ਇਹ ਫਿਲਮ ਇਨਾਂ ਗਾਇਕਾਂ ਦੇ ਫੈਨਸ ਨੇ ਉੱਕਾ ਹੀ ਪਸੰਦ ਨਹੀਂ ਕੀਤੀ। ਇਸ ਤੋਂ ਇਲਾਵਾ ਨਵਿੰਦਰ ਕਿਰਪਾਲ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਮੁੰਡਿਆਂ ਤੋਂ ਬਚਕੇ ਰਹੀ’ ਨੂੰ ਵੀ ਇਸੇ ਕੜੀ ਵਿਚ ਜੋੜਿਆ ਜਾ ਸਕਦਾ ਹੈ। ਪੁਰਾਣੀਆਂ ਹਿੰਦੀ ਫਿਲਮਾਂ ਦੀਆਂ ਕਹਾਣੀਆਂ ਨੂੰ ਤਰੋੜ- ਮਰੋੜ ਕੇ ਪੇਸ਼ ਕਰਨਾ ਤੇ ਦੋ ਉੱਭਰੇ ਹੋਏ ਗਾਇਕਾਂ ਨੂੰ ਅਦਾਕਾਰ ਬਣਾ,ਨਿਰਮਾਤਾ/ਨਿਰਦੇਸ਼ਕ ਨੇ ਕਿਹੋ ਜਿਹੀ ਵਾਹਾ-ਵਾਹੀ ਖੱਟੀ,ਇਹ ਦਰਸ਼ਕ ਖੁਦ ਹੀ ਜਾਣਦੇ ਹਨ। ਬੇਸ਼ਕ ਫਿਲਮ ਦਾ ਸੰਗੀਤ ‘’ਰੋਮੀਓ ਰਾਂਝਾ’ਵਾਂਗ ਚੰਗਾ ਸੀ ਪਰੰਤੂ ਸੰਗੀਤ ਦੇ ਸਿਰ ‘ਤੇ ਤਿੰਨ ਘੰਟੇ ਦਰਸ਼ਕਾਂ ਨੂੰ ਸਿਨੇਮਾ ਹਾਲ ‘ਚ ਨਹੀਂ ਬਿਠਾਇਆ ਜਾ ਸਕਦਾ।
ਇਹੋ ਜਿਹੀਆਂ ਹੀ ਕਈ ਹੋਰ ਹਾਸੋ-ਹੀਣੀਆਂ ਫਿਲਮਾਂ ਦਰਸ਼ਕਾਂ ਨੂੰ ਸਿਨੇਮਾ ਘਰਾਂ ਦੀਆਂ ਮਹਿੰਗੀਆਂ ਟਿਕਟਾਂ ਨਾ ਲੈਣ ਲਈ ਮਜ਼ਬੂਰ ਕਰਦੀਆਂ ਹਨ। ਉਂਝ ਤਾਂ ਦਰਸ਼ਕ ਵੀ ਸਿਆਣੇ ਹਨ। ਬੇਸ਼ਕ ਫਿਲਮ ਨਿਰਮਾਤਾ ਟੀ.ਵੀ. ਚੈਨਲਾਂ ‘ਤੇ ਫਿਲਮ ਅਤੇ ਗਾਣਿਆਂ ਦੇ ਮਹਿੰਗੇ ਪ੍ਰੋਮੋ ਦਿਖਾਕੇ ਦਰਸ਼ਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਹਨ ਪਰੰਤੂ ਉਹ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਅੱਜ ਦਾ ਦੌਰ ਤਕਨੀਕੀ ਹੈ ਤੇ ਲੋਕ ਇੰਟਰਨੈੱਟ ਤੋਂ ਹੀ ਫ੍ਰਰੀ ਗਾਣੇ ਤੇ ਫਿਲਮ ਡਾਊਨਲੋਡ ਕਰ ਲੈਂਦੇ ਹਨ। ਪੈਸਾ ਖਰਚ ਕੇ ਫਿਲਮ ਦੇਖਣ ਦਾ ਰਿਸਕ ਲੋਕ ਘੱਟ ਹੀ ਲੈਂਦੇ ਹਨ।

ਬੇਸ਼ਕ ਪੰਜਾਬ,ਪੰਜਾਬੀ ਤੇ ਪੰਜਾਬੀਅਤ ਦਾ ਸਹਾਰਾ ਲੈ ਕੇ ਫਿਲਮਾਂ ਦਾ ਨਿਰਮਾਣ ਤਾਂ ਹੁੰਦਾ ਹੈ ਪਰੰਤੂ ਬਹੁਤ ਘੱਟ ਫਿਲਮਾਂ ਸਭਿਆਚਾਰ ਤੇ ਵਿਰਸੇ ਦੀ ਬਾਤ ਪਾਉਂਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਕਈ ਨਿਰਮਾਤਾ/ਨਿਰਦੇਸ਼ਕ ਪੰਜਾਬ ਦੇ ਰਹਿਣ ਵਾਲੇ ਨਹੀਂ ਹੁੰਦੇ,ਦੂਜੇ ਮੁਲਕਾਂ ਤੋਂ ਆਏ ਲੋਕਾਂ ਨੂੰ ਕੀ ਪਤਾ ਕਿ ਪੰਜਾਬ ਦਾ ਆਪਣਾ ਕੀ ਇਤਿਹਾਸ ਹੈ,ਕੀ ਵਿਰਸਾ ਹੈ,ਕੀ ਰਸਮੋ-ਰਿਵਾਜ ਹਨ। ਘਟੀਆ ਮਿਆਰ ਦੀਆਂ ਫਿਲਮਾਂ ਦਾ ਨਿਰਮਾਣ ਕਰਕੇ ਇਹ ਨਿਰਮਾਤਾ/ਨਿਰਦੇਸ਼ਕ ਮੁੜ ਪਛਤਾਉਂਦੇ ਹੀ ਹਨ। ਜਿਸ ਗੱਲ ਬਾਰੇ ਤੁਸੀਂ ਲੋਕਾਂ ਨੂੰ ਦੱਸਣਾ ਹੈ ਉਸਦਾ ਥੋੜਾ ਬਹੁਤ ਗਿਆਨ ਆਪ ਨੂੰ ਹੋਣਾ ਵੀ ਜ਼ਰੂਰੀ ਹੈ। ਬਈ ਜੇ ਪੰਜਾਬ ‘ਚ ਫਿਲਮ ਦਾ ਨਿਰਮਾਣ ਕਰਨ ਲੱਗੇ ਹੋ ਤਾਂ ਘੱਟੋ-ਘੱਟ ਇਕ ਦੋ ਝਲਕ ਪੰਜਾਬੀ ਸੱਭਿਆਚਾਰ ਦੀ ਦਿਖਾਉਣੀ ਲਾਜ਼ਮੀ ਬਣਦੀ ਹੈ।

ਅੱਜ ਕੱਲ ਬਣ ਰਹੀਆਂ ਪੰਜਾਬੀ ਫਿਲਮਾਂ ਦਰਸ਼ਕਾਂ ਨੂੰ ਚੰਗੀ ਸੇਧ ਤਾਂ ਨਹੀਂ ਦਿੰਦੀਆਂ ਬਲਕਿ ਲੋਕਾਂ ਨੂੰ ਖਾਸ ਤੌਰ ‘ਤੇ ਨੌਜਵਾਨ ਪੀੜੀ ਨੂੰ ਵਿਗਾੜਨ ‘ਚ ਭਰਪੂਰ ਸਹਿਯੋਗ ਦੇ ਰਹੀਆਂ ਹਨ। ਫਿਲਮਾਂ ‘ਚ ਨੌਜਵਾਨਾਂ ਨੂੰ ਨਸ਼ੇ ਦੀ ਵਰਤੋਂ ਕਰਦੇ ਦਿਖਾਉਣਾ,ਅੱਧੀ-ਅੱਧੀ ਰਾਤ ਮੁੰਡੇ-ਕੁੜੀਆਂ ਨੂੰ ਘੁੰਮਦੇ ਦਿਖਾਉਣਾ,ਦੋ-ਅਰਥੀ ਡਾਇਲਾਗ ਵਰਤਣਾ ਆਦਿ ਕਿੱਥੋਂ ਤੀਕ ਦੀ  ਸਿਆਣਪ ਹੈ।

ਪੰਜਾਬੀ ਸਿਨੇਮਾ ਦੇ ਨਿਰਮਾਤਾ/ਨਿਰਦੇਸ਼ਕ ਜਿਹੋ ਜਿਹੀਆਂ ਫਿਲਮਾਂ ਦਰਸ਼ਕਾਂ ਦੇ ਸਾਹਮਣੇ ਪਰੋਸ ਰਹੇ ਹਨ ਉਸ ਨਾਲ ਪਾਲੀਵੁੱਡ ਦਾ ਵਿਕਾਸ ਹੁੰਦਾ ਤਾਂ  ਬਿਲਕੁਲ ਵੀ ਨਹੀਂ ਜਾਪਦਾ ਸਗੋਂ ਬੜੀ ਮਿਹਨਤ ਨਾਲ ਸਿਰਜੀ ਪੰਜਾਬੀ ਫਿਲਮ ਇੰਡਸਟਰੀ ਨਿਵਾਣ ਵੱਲ ਜਾਂਦੀ ਦਿਸ ਰਹੀ ਹੈ।

ਪਾਲੀਵੁੱਡ ਦੇ ਮੌਜੂਦਾ ਦੌਰ  ‘ਚ ਗਾਇਕ/ਨਾਇਕ ਦੀ ਦੋਹਰੀ ਭੂਮਿਕਾ ਵੀ ਵਧੀ ਹੈ। ਨਿਰਮਾਤਾ/ਨਿਰਦੇਸ਼ਕ ਦੀ ਸੋਚ ਹੈ ਕਿ ਜੇਕਰ ਗਾਇਕ ਨੂੰ ਫਿਲਮ ‘ਚ ਰੋਲ ਦੇਵਾਂਗੇ ਤਾਂ ਫਿਲਮ ਚੱਲੇਗੀ ਪਰੰਤੂ ਉਨਾਂ ਦੀ ਇਹ ਤਰਕੀਬ ਕਈ ਵਾਰ ਪੰਜਾਬੀ ਸਿਨੇਮਾ ਲਈ ਮਾਰੂ ਸਿੱਧ ਹੁੰਦਾ ਹੈ ਕਿਉਂਕਿ ਗਾਇਕ ਨੂੰ ਨਾਇਕ ਬਣਾ ਕੇ ਦਰਸ਼ਕਾਂ ਸਾਹਮਣੇ ਪਰੋਸਣਾ ਤੇ ਉਸ ਗਾਇਕ ਦੀ ਪੇਸ਼ਕਾਰੀ ਚੰਗੀ ਨਾ ਹੋਣ ਕਰਕੇ ਫਿਲਮ ਘਾਟੇ ਵੱਲ ਤਾਂ ਜ਼ਰੂਰ ਜਾਵੇਗੀ ਅੱਗੋਂ ਦਰਸ਼ਕ ਉਸ ਗਾਇਕ ਨੂੰ ਕਿਹੋ ਜਿਹੀਆਂ ਗਾਲਾਂ ਕੱਢਣਗੇ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।

ਮੌਜੂਦਾ ਸਮੇਂ ‘ਚ ਹੱਥਾਂ ਦੀਆਂ ਉਂਗਲਾਂ ‘ਤੇ ਗਿਣੇ ਜਾਂਦੇ ਕੁਝ ਕੁ ਗਾਇਕ ਹੀ ਹਨ ਜੋ ਨਾਇਕ ਬਣਨ ਵਿਚ ਕਾਮਯਾਬ ਰਹੇ ਹਨ,ਬਾਕੀ ਸਾਰੇ ਭੇਡ ਚਾਲ ਵਿਚ ਫੱਸ ਕੇ ਫਿਲਮਾਂ ‘ਚ ਤਾਂ ਆ ਗਏ ਹਨ ਪਰ ਫਿਲਮ ਨਿਰਮਾਤਾ  ਇਹਨਾਂ ਦਾ ਕੁਝ ਨਹੀਂ ਵੱਟ ਸਕੇ ਸੋ ਸੌਦਾ  ਇਹ ਵੀ ਘਾਟੇ ਵਾਲਾ ਹੀ ਰਿਹਾ।

ਪਿਛਲੇ ਵਰ੍ਰੇ ਰਿਲੀਜ਼ ਹੋਈਆਂ 5 ਕੁ ਦਰਜਨ ਤੋਂ ਵੀ ਵੱਧ ਫਿਲਮਾਂ ‘ਚ 4 ਦਰਜਨ ਫਿਲਮਾਂ ਨੇ ਬਹੁਤਾ ਚੰਗਾ ਵਪਾਰ ਨਾ ਕੀਤਾ,ਕੁਝ ਕੁ ਫਿਲਮਾਂ ਹਿੱਟ ਹੋਈਆਂ ਤੇ ਨਿਰਮਾਤਾ ਨੇ ਸੁੱਖ ਦਾ ਸਾਹ ਲਿਆ। ਇਨਾਂ ‘ਚੋਂ 7-8 ਫਿਲਮਾਂ ਗਾਇਕ/ਨਾਇਕ ਦੀਆਂ ਹੀ ਸਨ ਤੇ ਉਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਕਿਉਂਕਿ ਇਹ ਬਾਕੀ ਦੇ ਗਾਇਕਾਂ ਨਾਲੋਂ ਕੁਝ ਵੱਖਰੇ ਸਨ,ਫੈਨ ਫੋਲੋਵਿੰਗ ਚੰਗੀ ਸੀ,ਅਦਾਕਾਰੀ ਦਾ ੳ, ਅ, ਇਨਾਂ ਨੇ ਜ਼ਰੂਰ ਸਿੱਖਿਆ ਹੋਣਾ ਤਾਂ ਜੋ ਫਿਲਮਾਂ ਸੁਪਰ ਹਿੱਟ ਹੋ ਗਈਆਂ।

ਬਾਕੀ ਰਹਿੰਦੀਆਂ ਫਿਲਮਾਂ ਦਾ ਤਾਂ ਨਾਂ ਹੀ ਲੋਕਾਂ ਦੇ ਮੂੰਹ ‘ਤੇ ਨਹੀਂ ਚੜਿਆ। ਇਹੋ ਜਿਹੀਆਂ ਬਚਕਾਨੀਆਂ ਹਰਕਤਾਂ ਪੰਜਾਬੀ ਸਿਨੇਮਾ ਜਗਤ ਲਈ ਘਾਤਕ ਸਿੱਧ ਹੋ ਰਹੀਆਂ ਹਨ। ਅਖੇ  ਇਨਾਂ ਨਿਰਮਾਤਾ/ਨਿਰਦੇਸ਼ਕਾਂ ਨੂੰ ਕੌਣ ਸਮਝਾਵੇ ਕਿ ਫਿਲਮਾਂ ਬਣਾਉਣਾ ‘ਕੋਈ ਖਾਲਾ ਜੀ ਦਾ ਵਾੜਾ ਨਹੀਂ ।’ ਅੱਜ ਲੋੜ ਹੈ ਸਾਰਥਕ ਤੇ ਚੰਗੇ ਵਿਸ਼ੇ ਵਾਲੀਆਂ ਫਿਲਮਾਂ ਬਣਾਉਣ ਦੀ,ਜਿਨਾਂ ਨੂੰ ਲੋਕ ਸਾਲਾ ਬੱਧੀ ਯਾਦ ਰੱਖਣ।

Install Punjabi Akhbar App

Install
×