ਪੱਤਰਕਾਰੀ ਦੇ ਡਿਗ ਰਹੇ ਮਿਆਰ ਤੇ ਚਿੰਤਾ ਤੇ ਚਿੰਤਨ ਕਰਨਾ ਸਮੇਂ ਦੀ ਮੰਗ

ਕੋਈ ਸਮਾ ਸੀ ਜਦੋਂ ਪੱਤਰਕਾਰੀ ਦਾ ਖੇਤਰ ਬਹੁਤ ਹੀ ਅਦਬ ਸਤਿਕਾਰ ਵਾਲਾ ਮੰਨਿਆਂ ਜਾਂਦਾ ਸੀ। ਲੋਕ ਪੱਤਰਕਾਰ ਨੂੰ ਬਹੁਤ ਸਤਿਕਾਰਤ ਨਜ਼ਰਾਂ ਨਾਲ ਦੇਖਦੇ ਤੇ ਸਤਿਕਾਰ ਦਿੰਦੇ ਸਨ। ਹੌਲੀ ਹੌਲੀ ਸਮਾ ਬੀਤਦਾ ਗਿਆ। ਪਦਾਰਥ ਅਤੇ ਸੁਆਰਥ ਨੇ ਮਨੁੱਖ ਤੇ ਅਪਣਾ ਪ੍ਰਭਾਵ ਛੱਡਣਾ ਸ਼ੁਰੂ ਕੀਤਾ, ਤਾਂ ਦੇਖਦੇ ਦੇਖਦੇ ਬਹੁਤ ਕੁੱਝ ਬਦਲ ਗਿਆ। ਮਨੁੱਖੀ ਸਾਂਝਾਂ, ਰਿਸ਼ਤੇ, ਨਾਤੇ, ਦੋਸਤੀ ਸਭ ਪਦਾਰਥਵਾਦ ਦੀ ਭੇਟ ਚੜ ਗਏ। ਇਸ ਪਦਾਰਥਵਾਦ ਨੇ ਮਨੁੱਖ ਅੰਦਰ ਇੱਕ ਅਜਿਹੀ ਭ੍ਰਿਸ਼ਟਾਚਾਰ ਨਾਮ ਦੀ ਮਾੜੀ ਪ੍ਰਵਿਰਤੀ ਪੈਦਾ ਕਰ ਦਿੱਤੀ, ਜਿਸ ਨੇ ਮਨੁੱਖ ਦੇ ਅੰਦਰਲੀ ਇਨਸਾਨੀਅਤ ਨੂੰ ਮਾਰ ਦਿੱਤਾ। ਉਹ ਸਮਾਜਿਕ ਕਦਰਾਂ ਕੀਮਤਾਂ ਭੁੱਲ ਭੁਲਾ ਕੇ ਮੋਹ ਮਾਇਆ ਦਾ ਗ਼ੁਲਾਮ ਬਣ ਗਿਆ। ਇਹ ਮੋਹ ਮਾਇਆ ਦੀ ਜਕੜ ਜਿੱਥੇ ਸਾਡੇ ਰਿਸ਼ਤਿਆਂ, ਸਾਡੀਆਂ ਸਾਂਝਾਂ ਦੀ ਕਾਤਲ ਹੋ ਨਿੱਬੜੀ, ਓਥੇ ਇਸ ਅਲਾਮਤ ਨੇ ਮਨੁੱਖ ਹੱਥੋਂ ਮਨੁੱਖ ਦੀ ਹੋ ਰਹੀ ਲੁੱਟ ਨੂੰ ਹੋਰ ਬਲ ਦਿੱਤਾ। ਇਸ ਹਨੇਰ-ਗਰਦੀ ਨੇ ਸਮੁੱਚੇ ਭਾਰਤ ਦੀ ਆਬੋ ਹਵਾ ਨੂੰ ਬੁਰੀ ਤਰਾਂ ਦੂਸ਼ਿਤ ਕਰ ਦਿੱਤਾ। ਹਰ ਪਾਸੇ ਪੈਸੇ ਦੀ ਦੌੜ ਸ਼ੁਰੂ ਹੋ ਗਈ। ਹਰ ਕੋਈ ਰਾਤੋਂ ਰਾਤ ਅਮੀਰ ਬਣਨ ਦੇ ਸੁਪਨੇ ਲੈਣ ਲੱਗਾ। ਇਸ ਪ੍ਰਵਿਰਤੀ ਨੇ ਬਹੁਤ ਸਾਰੇ ਅਜਿਹੇ ਗੈਰ ਕਾਨੂੰਨੀ ਧੰਦਿਆਂ ਨੂੰ ਜਨਮ ਦਿੱਤਾ ਜਿਹੜੇ ਗੈਰ ਕਾਨੂੰਨੀ ਹੋਣ ਦੇ ਨਾਲ ਨਾਲ ਗੈਰ ਇਖ਼ਲਾਕੀ ਅਤੇ ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਵੀ ਸਾਬਤ ਹੋ ਰਹੇ ਹਨ। ਪੈਸੇ ਦੀ ਦੌੜ ਵਾਲੇ ਇਸ ਮਾੜੇ ਰੁਝਾਨ ਦਾ ਮੁੱਢਲਾ ਪ੍ਰਭਾਵ ਉਨ੍ਹਾਂ ਸਰਕਾਰੀ ਮਹਿਕਮਿਆਂ ਤੇ ਪਿਆ, ਜਿਨ੍ਹਾਂ ਦਾ ਸਿੱਧਾ ਸਿੱਧਾ ਸਬੰਧ ਆਮ ਲੋਕਾਂ ਨਾਲ ਪੈਂਦਾ।
ਭ੍ਰਿਸ਼ਟਾਚਾਰ ਦੀ ਅਮਰਵੇਲ ਵਾਂਗ ਵਧ ਰਹੀ ਪ੍ਰਵਿਰਤੀ ਤੋ ਭਾਵੇਂ ਕੋਈ ਵੀ ਮਹਿਕਮਾ ਅਭਿੱਜ ਨਾ ਰਿਹਾ, ਪ੍ਰੰਤੂ ਜੋ ਮਹਿਕਮੇ ਜ਼ਿਆਦਾ ਪ੍ਰਭਾਵਿਤ ਹੋਏ ਜਾਂ ਕਹਿ ਸਕਦੇ ਹਾਂ ਕਿ ਬਦਨਾਮ ਹੋਏ, ਉਨ੍ਹਾਂ ਵਿਚ ਮਾਲ ਮਹਿਕਮਾ, ਬਿਜਲੀ ਮਹਿਕਮਾ ਅਤੇ ਪੁਲਿਸ ਵਿਭਾਗ ਜ਼ਿਆਦਾ ਚਰਚਾ ਵਿਚ ਰਹੇ। ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਇੱਕ ਹੋਰ ਅਤਿ ਮਹੱਤਵਪੂਰਨ ਧਿਰ ਵੀ ਹੈ, ਉਹ ਹੈ ਪੱਤਰਕਾਰ ਭਾਈਚਾਰਾ। ਭ੍ਰਿਸ਼ਟਾਚਾਰ ਵਿਚ ਗਲੇ ਤੱਕ ਖੁੱਭ ਚੁੱਕੇ ਸਿਸਟਮ ਨੂੰ ਠੱਲ੍ਹ ਪਾਉਣ ਲਈ ਲੋਕਾਂ ਦੀ ਆਸ ਪੱਤਰਕਾਰਾਂ ਤੋ ਹੁੰਦੀ ਹੈ, ਜਿਸ ਨੂੰ ਇਸ ਖੇਤਰ ਵਿਚ ਕੰਮ ਕਰਦੇ ਲੋਕਾਂ ਨੇ ਬੜੀ ਜ਼ੁੰਮੇਵਾਰੀ ਨਾਲ ਨਿਭਾਇਆ ਵੀ ਹੈ ਅਤੇ ਮੌਜੂਦਾ ਸਮੇਂ ਵਿਚ ਵੀ ਨਿਭਾਅ ਰਹੇ ਹਨ, ਪ੍ਰੰਤੂ ਇਸ ਖੇਤਰ ਵਿਚ ਵੀ ਕੁੱਝ ਅਜਿਹੀਆਂ ਕਾਲ ਅੰਗਿਆਰੀਆਂ ਪੈਦਾ ਹੋ ਗਈਆਂ ਹਨ, ਜਿਨ੍ਹਾਂ ਨੇ ਇਸ ਪੇਸ਼ੇ ਨੂੰ ਬੁਰੀ ਤਰਾਂ ਬਦਨਾਮ ਕਰ ਦਿੱਤਾ। ਜੇ ਗੱਲ ਭਾਰਤ ਪੱਧਰ ਤੇ ਕੀਤੀ ਜਾਵੇ ਤਾਂ ਬਿਨਾਂ ਸ਼ੱਕ ਨੈਸ਼ਨਲ ਬਿਜਲਈ ਮੀਡੀਆ ਸਭ ਤੋ ਪਹਿਲਾਂ ਇਸ ਦੀ ਮਾਰੂ ਚਪੇਟ ਵਿਚ ਆਇਆ, ਜਿਸ ਨੇ ਪੱਤਰਕਾਰੀ ਦੇ ਮਾਅਨੇ ਹੀ ਬਦਲ ਦਿੱਤੇ। ਹੌਲੀ ਹੌਲੀ ਖੇਤਰੀ ਪੱਤਰਕਾਰੀ ਵਿਚ ਵੀ ਇਹ ਭ੍ਰਿਸ਼ਟ ਚਿਹਰਿਆਂ ਦੀ ਭਰਮਾਰ ਦੇਖੀ ਜਾਣ ਲੱਗੀ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਲੋਕ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਣ ਲੱਗੇ ਹਨ।
ਭਾਵੇਂ ਇਸ ਮਾੜੇ ਰੁਝਾਨ ਦੇ ਖ਼ਿਲਾਫ਼ ਪੱਤਰਕਾਰਾਂ ਵਿਚ ਵੀ ਇੱਕ ਲਹਿਰ ਚੱਲੀ ਹੋਈ ਹੈ, ਜਿਹੜੀ ਅਜਿਹੇ ਅਨਸਰਾਂ ਦੀ ਨਿਸ਼ਾਨਦੇਹੀ ਕਰਨ ਅਤੇ ਨਿਖੇੜਾ ਕਰਨ ਲਈ ਵੀ ਵਚਨਬੱਧ ਹੈ। ਪੱਤਰਕਾਰਾਂ ਵੱਲੋਂ ਚਲਾਈ ਜਾ ਰਹੀ ਇਸ ਲਹਿਰ ਦੇ ਬਾਵਜੂਦ ਵੀ ਅਜਿਹੇ ਲੋਕਾਂ ਦਾ ਬੋਲਬਾਲਾ ਬਣਿਆ ਹੋਇਆ ਹੈ, ਜਿਹੜੇ ਪੱਤਰਕਾਰੀ ਦੇ ਇਮਾਨਦਾਰ ਪੇਸ਼ੇ ਨੂੰ ਕਲੰਕਿਤ ਕਰਨ ਦੇ ਜ਼ੁੰਮੇਵਾਰ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਿਆਸੀ ਅਤੇ ਸਰਕਾਰੀ ਸਰਪ੍ਰਸਤੀ ਨੇ ਅਜਿਹੇ ਅਨਸਰਾਂ ਨੂੰ ਵਧਣ ਫੁੱਲਣ ਦੇ ਵੱਡੇ ਮੌਕੇ ਪ੍ਰਦਾਨ ਕੀਤੇ ਹਨ, ਜਿਸ ਦੇ ਸਦਕਾ ਸਮੁੱਚਾ ਪੱਤਰਕਾਰੀ ਪੇਸ਼ਾ ਪ੍ਰਭਾਵਿਤ ਹੋ ਰਿਹਾ ਹੈ। ਇਹ ਵੀ ਸੱਚ ਹੈ ਕਿ ਪ੍ਰਸ਼ਾਸਨ ਵੱਲੋਂ ਕੁੱਝ ਕੁ ਮਾੜੀ ਪ੍ਰਵਿਰਤੀ ਦੇ ਪੱਤਰਕਾਰਾਂ ਨੂੰ ਆਪਣੇ ਹੱਕ ਵਿਚ ਭੁਗਤਣ ਲਈ ਥਾਪੜਾ ਦੇ ਕੇ ਰੱਖਿਆ ਹੋਇਆ ਹੈ, ਤਾਂ ਕਿ ਜਦੋਂ ਕੋਈ ਲੋਕ ਵਿਰੋਧੀ ਫ਼ੈਸਲੇ ਕਾਰਨ ਸਮੁੱਚਾ ਪੱਤਰਕਾਰ ਭਾਈਚਾਰਾ ਆਪਣੇ ਲੋਕਾਂ ਦੇ ਹੱਕ ਚ ਆਵਾਜ਼ ਬੁਲੰਦ ਕਰ ਰਿਹਾ ਹੋਵੇ, ਤਾਂ ਅਜਿਹੀਆਂ ਕਾਲੀਆਂ ਭੇਡਾਂ ਨੂੰ ਲੋੜ ਪੈਣ ਤੇ ਆਪਣੇ ਹੱਕ ਵਿਚ ਵਰਤਿਆ ਜਾ ਸਕੇ। ਇਹ ਵੀ ਵੱਡਾ ਦੁਖਾਂਤ ਹੈ ਕਿ ਹਰ ਜ਼ਿਲ੍ਹੇ ਅੰਦਰ ਹਰ ਸਟੇਸ਼ਨ ਤੇ ਇੱਕਾ ਦੁੱਕਾ ਅਜਿਹੀਆਂ ਕਾਲੀਆਂ ਭੇਡਾਂ ਦੇਖੀਆਂ ਜਾ ਸਕਦੀਆਂ ਹਨ, ਜਿਹੜੀਆਂ ਆਪਣੇ ਭਾਈਚਾਰੇ ਨਾਲ ਖੜਨ ਨਾਲੋਂ ਅਫ਼ਸਰਸ਼ਾਹੀ ਨਾਲ ਖੜਨ ਨੂੰ ਜ਼ਿਆਦਾ ਤਰਜੀਹ ਦਿੰਦੀਆਂ ਹਨ।
ਇੱਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਪ੍ਰਸ਼ਾਸਨ ਇਮਾਨਦਾਰੀ ਨਾਲ ਕੰਮ ਕਰਨ ਦੇ ਦਾਅਵੇ ਕਰਦਾ ਹੈ, ਤਾਂ ਫਿਰ ਅਜਿਹੀ ਕੀ ਮਜਬੂਰੀ ਹੈ ਕਿ ਅਜਿਹੀ ਪਾਲਤੂ ਨਸਲ ਪਾਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਵਰਤਾਰੇ ਦਾ ਅਸਲ ਜ਼ੁੰਮੇਵਾਰ ਪਦਾਰਥਵਾਦ ਦੀ ਤੇਜ਼ ਹਨੇਰੀ ਨੂੰ ਹੀ ਮੰਨਿਆ ਜਾ ਸਕਦਾ ਹੈ। ਜੇਕਰ ਗੱਲ ਅਜਿਹੇ ਭ੍ਰਿਸ਼ਟਾਚਾਰ ਚ ਬੁਰੀ ਤਰਾਂ ਲਿੱਬੜੇ ਪੱਤਰਕਾਰਾਂ ਦੀ ਕੀਤੀ ਜਾਵੇ ਤਾਂ ਇਹਨਾਂ ਦਾ ਬੁਰਾ ਪ੍ਰਭਾਵ ਜਿੱਥੇ ਆਪਣੇ ਲੋਕਾਂ ਅਤੇ ਆਪਣੇ ਭਾਈਚਾਰੇ ਨੂੰ ਪ੍ਰਭਾਵਿਤ ਕਰਦਾ ਹੈ, ਓਥੇ ਇਹਨਾਂ ਬੇਲਗ਼ਾਮ ਹੋਈਆਂ ਕਾਲੀਆਂ ਭੇਡਾਂ ਰੂਪੀ ਅਖੌਤੀ ਪੱਤਰਕਾਰਾਂ ਦਾ ਨੁਕਸਾਨ ਕਈ ਵਾਰ ਪ੍ਰਸ਼ਾਸਨ ਦੇ ਉਨ੍ਹਾਂ ਅਧਿਕਾਰੀਆਂ ਨੂੰ ਵੀ ਝੱਲਣਾ ਪੈਂਦਾ ਹੈ, ਜਿਨ੍ਹਾਂ ਦੀ ਸਰਪ੍ਰਸਤੀ ਹੇਠ ਇਹ ਲੋਕ ਬੇ-ਡਰ ਅਤੇ ਬੇ-ਲਗਾਮ ਹੋਏ ਹੁੰਦੇ ਹਨ। ਅਜਿਹੇ ਪੱਤਰਕਾਰਾਂ ਸਬੰਧੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬੜੀ ਢੁਕਵੀਂ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਹ ਲੋਕ ਚੀਨ ਵਿਚ ਫੈਲੇ ਉਸ ਮਾਰੂ ਕਰੋਨਾ ਵਾਇਰਸ ਵਰਗੇ ਹੁੰਦੇ ਹਨ, ਜਿਸ ਤੋ ਸਮਾਜ ਦਾ ਹਰ ਵਰਗ ਹੀ ਬਚਣਾ ਚਾਹੁੰਦਾ ਹੈ। ਅਜਿਹੇ ਲੋਕ ਹਰ ਖੇਤਰ ਵਿਚ ਹੀ ਦੇਖੇ ਜਾ ਸਕਦੇ ਹਨ। ਲੇਖਕਾਂ ਵਿਚ ਵੀ ਬਹੁ ਗਿਣਤੀ ਲੇਖਕ ਸਰਕਾਰੀ ਸਨਮਾਨਾਂ ਅਤੇ ਅਹੁਦਿਆਂ ਦੇ ਲਾਲਚ ਵਿਚ ਆਪਣੇ ਫ਼ਰਜ਼ਾਂ ਤੋ ਪਾਸਾ ਵੱਟ ਕੇ ਸਰਕਾਰੀ ਗੁਣਗਾਣ ਕਰਨ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ, ਪ੍ਰੰਤੂ ਪੱਤਰਕਾਰੀ ਦੇ ਖੇਤਰ ਵਿਚ ਇਹ ਰੁਝਾਨ ਬੇਹੱਦ ਹੀ ਮੰਦਭਾਗਾ ਅਤੇ ਸ਼ਰਮਨਾਕ ਹੈ, ਜਿਸ ਦੀ ਨਿਖੇਧੀ ਕੀਤੀ ਜਾਣੀ ਬਣਦੀ ਹੈ, ਕਿਉਂਕਿ ਪੱਤਰਕਾਰਤਾ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ, ਜੇਕਰ ਬਾਕੀ ਤਿੰਨੇ ਥੰਮ੍ਹ ਕਿਸੇ ਨਾ ਕਿਸੇ ਕਮਜ਼ੋਰੀ ਕਰ ਕੇ ਡਗਮਗਾਉਂਦੇ ਜਾਪਦੇ ਹਨ ਤਾਂ ਚੌਥੇ ਥੰਮ੍ਹ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਲੋਕਾਂ ਲਈ ਅਜਿਹੇ ਕਾਰਜ ਕਰੇ, ਕਿ ਬਾਕੀ ਤਿੰਨੇ ਥੰਮ੍ਹਾਂ ਨੂੰ ਡਿੱਗਣ ਤੋ ਬਚਾਇਆ ਜਾ ਸਕੇ, ਇਹ ਨਹੀਂ ਕਿ ਉਹ ਵੀ ਭ੍ਰਿਸ਼ਟਾਚਾਰ ਵਿਚ ਓਤ-ਪੋਤ ਹੋ ਕੇ ਅਪਣਾ ਮਿਆਰ ਦੂਸਰੇ ਥੰਮ੍ਹਾਂ ਦੇ ਮੁਕਾਬਲੇ ਬੇਹੱਦ ਹੀ ਘਟੀਆ ਦਰਜੇ ਦਾ ਬਣਾ ਲਵੇ।
ਸੋ ਇਸ ਲਈ ਅਜਿਹੇ ਪੱਤਰਕਾਰਾਂ ਨੂੰ ਇਸ ਖੇਤਰ ਤੋ ਅਲੱਗ ਕਰ ਦੇਣ ਵਿਚ ਹੀ ਭਲਾਈ ਹੋ ਸਕਦੀ ਹੈ। ਹੈਰਾਨੀ ਉਸ ਮੌਕੇ ਹੋਰ ਵੱਧ ਜਾਂਦੀ ਹੈ ਜਦੋਂ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਮਾੜੇ ਅਨਸਰਾਂ ਸਬੰਧੀ ਸਾਰਾ ਕੁੱਝ ਜਾਣਦੇ ਹੋਏ ਵੀ ਅੱਖਾਂ ਤੇ ਪੱਟੀ ਬੰਨ੍ਹ ਕੇ ਮੂਕ ਦਰਸ਼ਕ ਬਣੇ ਰਹਿੰਦੇ ਹਨ, ਜਦੋਂ ਕਿ ਚਾਹੀਦਾ ਤਾਂ ਇਹ ਹੈ ਕਿ ਕਿਸੇ ਵੀ ਖੇਤਰ ਦੇ ਭ੍ਰਿਸ਼ਟ ਵਿਅਕਤੀਆਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ, ਫਿਰ ਉਹ ਭਾਵੇਂ ਕੋਈ ਅਖੌਤੀ ਪੱਤਰਕਾਰ ਹੋਵੇ ਜਾਂ ਕਿਸੇ ਮਹਿਕਮੇ ਦਾ ਕੋਈ ਭ੍ਰਿਸ਼ਟ ਅਧਿਕਾਰੀ। ਜੇਕਰ ਅਜਿਹੇ ਮਾੜੇ ਅਨਸਰਾਂ ਖ਼ਿਲਾਫ਼ ਮੁਹਿੰਮ ਵਿੱਢੀ ਜਾਂਦੀ ਹੈ ਤਾਂ ਉਸ ਦਾ ਸਾਥ ਦੇਣਾ ਜਿੱਥੇ ਹਰ ਸੱਚੇ ਸੁੱਚੇ ਨਾਗਰਿਕ ਦਾ ਫ਼ਰਜ਼ ਬਣਦਾ ਹੈ, ਓਥੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਵੀ ਅਜਿਹੇ ਕਾਰਜਾਂ ਵਿਚ ਅਪਣਾ ਸਹੀ ਤੇ ਬਣਦਾ ਫ਼ਰਜ਼ ਅਦਾ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਸਾਫ਼ ਸੁਥਰੀ ਤੇ ਇਮਾਨਦਾਰ ਛਵੀ ਵਾਲੇ ਸਮਰਪਿਤ ਪੱਤਰਕਾਰਾਂ ਨੂੰ ਪੱਤਰਕਾਰੀ ਦੀ ਆੜ ਹੇਠ ਗੈਰ ਕਾਨੂੰਨੀ ਧੰਦੇ ਕਰਨ ਵਾਲੇ ਮਾੜੇ ਅਨਸਰਾਂ ਦੀ ਬਦੌਲਤ ਨਮੋਸ਼ੀ ਨਾ ਝੱਲਣੀ ਪਵੇ। ਪੱਤਰਕਾਰ ਭਾਈਚਾਰੇ ਨੂੰ ਇੱਕ-ਜੁੱਟਤਾ ਨਾਲ ਇਹ ਮੁਹਿੰਮ ਵੱਡੇ ਪੱਧਰ ਤੇ ਛੇੜਨ ਦੀ ਲੋੜ ਹੈ ਤਾਂ ਕਿ ਪ੍ਰਸ਼ਾਸਨਿਕ ਅਧਿਕਾਰੀ ਅਜਿਹੀਆਂ ਕਾਲੀਆਂ ਭੇਡਾਂ ਦੇ ਕਾਲੇ ਕਾਰਨਾਮਿਆਂ ਨੂੰ ਰੋਕਣ ਲਈ ਤੁਰੰਤ ਹਰਕਤ ਵਿਚ ਆਉਣ। ਸਮੁੱਚੇ ਰੂਪ ਵਿਚ ਪੱਤਰਕਾਰ ਭਾਈਚਾਰੇ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੇ ਕਿਸੇ ਵੀ ਵਿਅਕਤੀ ਦਾ ਪੱਖ ਨਾ ਪੂਰਿਆ ਜਾਵੇ ਜਿਹੜਾ ਕਿਸੇ ਵੀ ਰੂਪ ਵਿਚ ਆਪਣੇ ਲੋਕਾਂ ਅਤੇ ਆਪਣੇ ਭਾਈਚਾਰੇ ਦੇ ਹਿਤਾਂ ਨੂੰ ਢਾਹ ਲਾਉਣ ਵਾਲੀਆਂ ਗਤੀਵਿਧੀਆਂ ਲਈ ਜ਼ੁੰਮੇਵਾਰ ਹੋਵੇ। ਸੋ ਪੱਤਰਕਾਰੀ ਦੇ ਦਿਨੋਂ ਦਿਨ ਹੇਠਾਂ ਡਿਗ ਰਹੇ ਮਿਆਰ ਤੇ ਚਿੰਤਾ ਤੇ ਚਿੰਤਨ ਕਰਨਾ ਸਮੇਂ ਦੀ ਮੰਗ ਹੈ ਅਤੇ ਜ਼ਰੂਰਤ ਵੀ।