‘ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ’

– ਸੜਕ ਦੁਰਘਟਨਾ ‘ਚ ਜਾਨ ਗਵਾ ਗਏ ਪਰਮਿੰਦਰ ਸਿੰਘ ਜੱਬਲ ਦਾ ਮ੍ਰਿਤਕ ਸਰੀਰ ਜਾਵੇਗਾ ਇੰਡੀਆ
-ਅੰਤਿਮ ਦਰਸ਼ਨ ਵੇਲੇ ਕੀਤੀ ਗਈ ਅੱਜ ਅਰਦਾਸ
-ਫੰਡ ਰੇਜਿੰਗ ਲਈ ਸਮੁੱਚੇ ਨਿਊਜ਼ੀਲੈਂਡ ਵਾਸੀਆਂ ਦਾ ਧੰਨਵਾਦ-ਸ. ਖੜਗ ਸਿੰਘ

(ਮ੍ਰਿਤਕ ਨੌਜਵਾਨ ਪਰਮਿੰਦਰ ਸਿੰਘ ਜੱਬਲ ਦੇ ਅੰਤਿਮ ਦਰਸ਼ਨ ਮੌਕੇ ਅਰਦਾਸ ਕਰਨ ਮੌਕੇ ਇਕੱਤਰ ਭਾਰਤੀ ਭਾਈਚਾਰੇ ਦੇ ਲੋਕ)
(ਮ੍ਰਿਤਕ ਨੌਜਵਾਨ ਪਰਮਿੰਦਰ ਸਿੰਘ ਜੱਬਲ ਦੇ ਅੰਤਿਮ ਦਰਸ਼ਨ ਮੌਕੇ ਅਰਦਾਸ ਕਰਨ ਮੌਕੇ ਇਕੱਤਰ ਭਾਰਤੀ ਭਾਈਚਾਰੇ ਦੇ ਲੋਕ)

ਆਕਲੈਂਡ 22 ਜੁਲਾਈ -ਬੀਤੀ 11 ਜੁਲਾਈ ਨੂੰ ਟੌਰੰਗਾ ਨੇੜੇ ਇਕ ਕਾਰ-ਟਰੱਕ ਦੁਰਘਟਨਾ ਦੇ ਵਿਚ ਲੁਧਿਆਣਾ ਦਾ ਪੰਜਾਬੀ 27 ਸਾਲਾ ਪੰਜਾਬੀ ਨੌਜਵਾਨ ਆਪਣੀ ਜਾਨ ਗਵਾ ਬੈਠਾ ਸੀ। ਇਥੇ ਉਸਨੇ ਆਪਣੀ ਜੀਵਨ ਸਾਥਣ ਦੀ ਚੋਣ ਕਰ ਲਈ ਹੋਈ ਸੀ ਅਤੇ ਉਹ ਕੁਝ ਮਹੀਨਿਆਂ ਬਾਅਦ ਇਕ ਬੱਚੇ ਨੂੰ ਜਨਮ ਦੇਣ ਵਾਲੀ ਹੈ। ਇਸ ਲੜਕੀ ਨੇ ਉਸਦਾ ਸੰਸਕਾਰ ਇਥੇ ਹੀ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ ਜਦ ਕਿ ਉਸਦਾ ਇੰਡੀਆ ਰਹਿੰਦਾ ਪਰਿਵਾਰ ਉਸਦਾ ਮ੍ਰਿਤਕ ਸਰੀਰ ਇੰਡੀਆ ਮੰਗ ਰਿਹਾ ਸੀ। ਪਰਿਵਾਰ ਨੇ ਇਥੇ ਭਾਰਤੀ ਭਾਈਚਾਰੇ ਦੇ ਨਾਲ ਸੰਪਰਕ ਕੀਤਾ। ਸ. ਖੜਗ ਸਿੰਘ ਅਤੇ ਭਾਈ ਸਰਵਣ ਸਿੰਘ ਨੇ ਉਸਦੇ ਪਰਿਵਾਰ, ਉਸ ਦੀ ਜੀਵਨ ਸਾਥਣ, ਭਾਰਤੀ ਦੂਤਾਵਾਸ ਅਤੇ ਰੋਟੋਰੂਆ ਪੁਲਿਸ ਦੇ ਨਾਲ ਸੰਪਰਕ ਕਾਇਮ ਕਰਕੇ ਇਕ ਮੀਟਿੰਗ ਆਯੋਜਿਤ ਕੀਤੀ। ਇਸ ਮੀਟਿੰਗ ਦੇ ਵਿਚ ਇਹ ਪੱਤਰਕਾਰ ਵੀ ਸ਼ਾਮਿਲ ਹੋਇਆ। ਸ. ਖੜਗ ਸਿੰਘ ਨੇ ਇਥੇ ਅਹਿਮ ਰੋਲ ਅਦਾ ਕਰਕੇ ਇਸ ਗੱਲ ਉਤੇ ਸਹਿਮਤੀ ਬਣਾ ਲਈ ਕਿ ਮ੍ਰਿਤਕ ਪਰਮਿੰਦਰ ਸਿੰਘ ਜੱਬਲ ਦਾ ਮ੍ਰਿਤਕ ਸਰੀਰ ਇੰਡੀਆ ਭੇਜ ਦਿੱਤਾ ਜਾਵੇ। ਹੁਣ ਇਸ ਸਬੰਧੀ ਲਗਪਗ ਸਾਰੇ ਕਾਰਜ ਹੋ ਚੁੱਕੇ ਹਨ। ਮ੍ਰਿਤਕ ਸਰੀਰ ਪਹਿਲਾਂ ਰੋਟੋਰੂਆ ਅਤੇ ਫਿਰ ਹੁਣ ਆਕਲੈਂਡ ਪਹੁੰਚ ਚੁੱਕਾ ਹੈ। ਅੱਜ ਸਵੇਰੇ ਇਸ ਮ੍ਰਿਤਕ ਨੌਜਵਾਨ ਦੇ ਜਿੱਥੇ ਅੰਤਿਮ ਦਰਸ਼ਨ ਮੌਕੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ (ਵੀਰੀ ਸਟੇਸ਼ਨ ਰੋਡ) ਤੋਂ ਪਹੁੰਚੇ ਭਾਈ ਸੁਖਪ੍ਰੀਤ ਸਿੰਘ ਨੇ ਕੀਰਤਨ ਸੋਹਿਲੇ ਦਾ ਪਾਠ ਕੀਤਾ ਅਤੇ ਫਿਰ ਅਰਦਾਸ ਕੀਤੀ ਗਈ ਉਥੇ ਉਸਦੇ ਸਿਰ ਉਤੇ ਦਸਤਾਰ ਸਜਾਈ ਗਈ ਅਤੇ ਸਿਰੋਪਾ ਪਾਇਆ ਗਿਆ। ਲਗਪਗ 14,000 ਡਾਲਰ ਦਾ ਖਰਚਾ ਸਾਰੇ ਕਾਰਜ ਵਾਸਤੇ ਆਉਣਾ ਹੈ ਇਸ ਸਬੰਧ ਵਿਚ ਸ. ਖੜਗ ਸਿੰਘ ਹੋਰਾਂ ਨੇ ਫੇਸ ਬੁੱਕ ਉਤੇ ਫੰਡ ਰੇਜਿੰਗ ਖਾਤਾ ਖੋਲ੍ਹਿਆ ਗਿਆ ਜੋ ਕਿ 24 ਘੰਟਿਆਂ ਦੇ ਵਿਚ ਹੀ ਪੂਰਾ ਕਰ ਲਿਆ ਗਿਆ। ਇਸ ਦੇ ਲਈ ਸਾਰੇ ਦਾਨ ਕਰਨ ਵਾਲੇ ਭਾਰਤੀ ਵੀਰਾਂ-ਭੈਣਾ, ਨਿਊਜ਼ੀਲੈਂਡ ਦੀ ਵਾਈਡਰ ਕਮਿਊਨਿਟੀ ਦਾ ਵੀ ਧੰਨਵਾਦ ਕੀਤਾ ਗਿਆ। ਮ੍ਰਿਤਕ ਨੌਜਵਾਨ ਦਾ ਸਰੀਰ ਅਗਲੇ ਹਫਤੇ ਕਿਸੀ ਵੀ ਦਿਨ ਇੰਡੀਆ ਰਵਾਨਾ ਹੋ ਜਾਵੇਗਾ ਇਸ ਵੇਲੇ ਭਾਰਤੀ ਹਾਈ ਕਮਿਸ਼ਨ ਤੋਂ ਟ੍ਰੈਵਲਿੰਗ ਕਾਗਜ਼ ਤਿਆਰ ਹੋ ਰਹੇ ਹਨ।
ਪੰਜਾਬੀ ਪੁਲਿਸ ਅਫਸਰ ਸ. ਸ਼ੱਮੀ ਸਿੰਘ ਦੀ ਰਹੀ ਖਾਸ ਭੂਮਿਕਾ: ਰੋਟੋਰੂਆ ਵਿਖੇ ਤਾਇਨਾਤ ਪੰਜਾਬੀ ਪੁਲਿਸ ਅਫਸਰ ਸ. ਸ਼ੱਮੀ ਸਿੰਘ ਦੀ ਇਸ ਸਾਰੇ ਮਾਮਲੇ ਵਿਚ ਖਾਸ ਭੂਮਿਕਾ ਰਹੀ। ਉਨ੍ਹਾਂ ਆਪਣੇ ਸੀਨੀਅਰ ਪੁਲਿਸ ਅਫਸਰ ਸ੍ਰੀ ਸਾਇਮਨ ਦੇ ਨਾਲ ਬਰਾਬਰ ਰਾਬਤਾ ਰੱਖਿਆ ਅਤੇ ਮ੍ਰਿਤਕ ਸ. ਪਰਮਿੰਦਰ ਸਿੰਘ ਦੀ ਜੀਵਨ ਸਾਥਣ ਦੇ ਨਾਲ ਸੰਪਰਕ ਬਣਾ ਕੇ ਇਸ ਮੀਟਿੰਗ ਨੂੰ ਸਫਲ ਕੀਤਾ।
‘ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ’: ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਬਾਣੀ ਦੇ ਵਿਚ ਫੁਰਮਾਨ ਹੈ ਕਿ ‘ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ’। ਆਪਣਾ ਪਰਿਵਾਰ ਅਤੇ ਹੋਰ ਰਿਸ਼ਤੇਦਾਰ ਛੱਡ ਜਦੋਂ ਕੋਈ ਵਿਦੇਸ਼ ਰਵਾਨਾ ਹੁੰਦਾ ਹੈ ਤਾਂ ਪਰਿਵਾਰ ਦਾ ਮੋਹ ਹੋਰ ਗੂੜਾ ਹੋਣ ਲਗਦਾ ਹੈ ਪਰ ਕਿਸੇ ਨੂੰ ਕੀ ਪਤਾ ਇਹ ਗੂੜੇ ਰੰਗ ਕਦੋਂ ਫਿੱਕੇ ਪੈ ਜਾਣਗੇ। ਵਾਹਿਗੁਰੂ ਇਸ ਵਿਛੜੀ ਆਤਮਾ ਨੂੰ ਸਦੀਵੀ ਸੁੱਖ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ।

Install Punjabi Akhbar App

Install
×