ਕੁਲਵਿੰਦਰ ਦੇ ਗ਼ਜ਼ਲ ਸੰਗ੍ਰਹਿ ‘ਸ਼ਾਮ ਦੀ ਸ਼ਾਖ਼ ’ਤੇ’ ਉਪਰ ਵਿਚਾਰ ਗੋਸ਼ਟੀ

 ‘ਸ਼ਾਮ ਦੀ ਸ਼ਾਖ਼ ’ਤੇ’ ਸੁਹਜ ਅਤੇ ਚਿੰਤਨ ਦਾ ਸੁਮੇਲ-ਰਾਜਵੰਤ ਰਾਜ

(ਨਿਊਵਾਰਕ)- ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਵੱਲੋਂ ਪ੍ਰਸਿੱਧ ਸ਼ਾਇਰ ਕੁਲਵਿੰਦਰ ਦਾ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘ਸ਼ਾਮ ਦੀ ਸ਼ਾਖ਼ ’ਤੇ ਦਾ ਲੋਕ ਅਰਪਣ ਕਰਨ ਲਈ ਇਕ ਸ਼ਾਨਦਾਰ ਸਾਹਿਤਕ ਸਮਾਗਮ ਨਿਊਵਾਰਕ ਦੇ ਮਹਿਰਾਨ ਰੈਸਟੋਰੈਂਟ ਵਿਚ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਨਾਮਵਰ ਪੰਜਾਬੀ ਸ਼ਾਇਰ ਜਸਵਿੰਦਰ, ਸੁਰਜੀਤ ਸਖੀ, ਡਾ. ਸੁਖਵਿੰਦਰ ਕੰਬੋਜ, ਡਾ. ਗੁਰਪ੍ਰੀਤ ਧੁੱਗਾ ਅਤੇ ਐਸ.ਅਸ਼ੋਕ ਭੌਰਾ ਨੇ ਕੀਤੀ।

ਸਮਾਗਮ ਦਾ ਆਗਾਜ਼ ਡਾ. ਸੁਖਵਿੰਦਰ ਕੰਬੋਜ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਸ਼ਾਇਰ ਕੁਲਵਿੰਦਰ ਨੇ ਕਿਹਾ ਕਿ ਇਹ ਗ਼ਜ਼ਲ ਸੰਗ੍ਰਹਿ ਉਸ ਦੀ ਤੇਰਾਂ ਸਾਲ ਦੀ ਸਾਧਨਾ ਹੈ। ਇਸ ਅਰਸੇ ਦੌਰਾਨ ਉਸ ਨੇ ਕਈ ਬਹਾਰਾਂ ਅਤੇ ਪੱਤਝੜਾਂ ਹੰਢਾਈਆਂ ਪਰ ਉਸਦੀ ਕਲਮ ਨੂੰ ਪੱਤਝੜ ਹੀ ਰਾਸ ਆਈ। ਉਪਰੰਤ ਸੁਖਦੇਵ ਸਾਹਿਲ ਨੇ ਪੁਸਤਕ ਵਿੱਚੋਂ ਦੋ ਗ਼ਜ਼ਲਾਂ ਦਾ ਗਾਇਨ ਕਰਕੇ ਸਭ ਨੂੰ ਮੋਹ ਲਿਆ। ਮੁੱਖ ਮਹਿਮਾਨ ਜਸਵਿੰਦਰ, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਦਵਿੰਦਰ ਗੌਤਮ ਅਤੇ ਸਮੂਹ ਪ੍ਰਧਾਨਗੀ ਮੰਡਲ ਨੇ ਪੁਸਤਕ ਲੋਕ ਅਰਪਣ ਕੀਤੀ।

ਪੁਸਤਕ ਉਪਰ ਪਹਿਲਾ ਪਰਚਾ ਹਰਜਿੰਦਰ ਕੰਗ ਨੇ ਬੜੇ ਭਾਵ ਪੂਰਤ ਢੰਗ ਨਾਲ਼ ਪੇਸ਼ ਕਰਦਿਆਂ ਕਿਹਾ ਕਿ ਗ਼ਜ਼ਲ ਦੀ ਆਖਰੀ ਤਹਿ ਤੀਕ ਲਹਿਣ ਦੀ ਪਿਆਸ ਲੈ ਕੇ ਸ਼ਾਇਰ ‘ਬਿਰਖਾਂ ਅੰਦਰ ਉੱਗੇ ਖੰਡਰ’ ਅਤੇ ‘ਨੀਲੀਆਂ ਲਾਟਾਂ ਦੇ ਸੇਕ’ ਦੇ ਪੜਾਵਾਂ ਵਿੱਚੋਂ ਗੁਜ਼ਰ ਕੇ ‘ਸ਼ਾਮ ਦੀ ਸ਼ਾਖ਼ ’ਤੇ’ ਦੇ ਅਗਲੇ ਪੜਾਅ ’ਤੇ ਪੁੱਜਦਾ ਹੈ। ਪੜਾਅ ਦਰ ਪੜਾਅ ਪਿਆਸ ਦਾ ਇਹ ਸਫ਼ਰ ਹੋਰ ਵੀ ਸੂਖਮ ਤੇ ਸੰਵੇਦਨਸ਼ੀਲ ਹੋਇਆ ਹੈ। ਪਿਆਸ, ਰੇਤ ਤੇ ਪਾਣੀ ਦੀ ਇਹ ਯੁਗਾਂਤਰੀ ਕਹਾਣੀ ਕੁਲਵਿੰਦਰ ਦੇ ਸ਼ਿਅਰਾਂ ’ਚ ਵਾਰ-ਵਾਰ ਸੁਣਾਈ ਦਿੰਦੀ ਹੈ ਅਤੇ ਇਹ ਧੁਨੀ ਅੰਤਹੀਣ ਹੈ। ਰਾਜਵੰਤ ਰਾਜ ਨੇ ਕਿਹਾ ਕਿ ‘ਸ਼ਾਮ ਦੀ ਸ਼ਾਖ਼ ’ਤੇ, ਸੁਹਜ ਅਤੇ ਚਿੰਤਨ ਦਾ ਸੁਮੇਲ ਹੈ। ਇਸ ਪੁਸਤਕ ਦੀ ਸ਼ਾਇਰੀ ਨਿੱਜ ਤੋਂ ਨਿਕਲ ਕੇ ਬ੍ਰਹਿਮੰਡ ਤੋਂ ਪਾਰ ਚਲੀ ਜਾਂਦੀ ਹੈ। ਦਵਿੰਦਰ ਗੌਤਮ ਨੇ ਕਿਹਾ ਕਿ ਇਹ ਪੁਸਤਕ ਆਪਣੇ ਆਪ ਵਿਚ ਇਕ ਪ੍ਰਯੋਗਸ਼ਾਲਾ ਹੈ। ਸ਼ਿਅਰਾਂ ਦੇ ਬਹੁ-ਅਰਥੀ ਤੇ ਬਹੁ-ਪਰਤੀ ਹੋਣ ਦੇ ਨਾਲ਼ ਨਾਲ਼ ਨਵੀਨ ਸ਼ੈਲੀ ਪਾਠਕ ਦੀ ਚੇਤਨਾ ਨੂੰ ਝੰਜੋੜਦੀ ਹੈ। ਪ੍ਰੀਤ ਮਨਪ੍ਰੀਤ ਨੇ ਕਿਹਾ ਕਿ ਬਹੁ-ਪਰਤੀ ਅਤੇ ਬਹੁ-ਅਰਥੀ ਹੋ ਨਿੱਬੜਦਾ ਹੈ। ਡਾ. ਸੁਖਵਿੰਦਰ ਕੰਬੋਜ ਨੇ ਆਪਣੇ ਪੇਪਰ ਤੋਂ ਪਹਿਲਾਂ ਪ੍ਰੋ. ਸੁਰਜੀਤ ਜੱਜ ਦੇ ਪੇਪਰ ਦੀਆਂ ਕੁਝ ਸਤਰਾਂ ਪੜ੍ਹੀਆਂ। ਉਨ੍ਹਾਂ ਆਪਣੇ ਪਰਚੇ ਵਿਚ ਕਿਹਾ ਕਿ ਕੁਲਵਿੰਦਰ ਦਾ ਨਾਮ ਪੰਜਾਬੀ ਗ਼ਜ਼ਲ ਦੇ ਪੋਟਿਆਂ ’ਤੇ ਗਿਣੇ ਜਾਣ ਵਾਲੇ ਸ਼ਾਇਰਾਂ ਵਿਚ ਸ਼ੁਮਾਰ ਹੈ। ਇਸ ਪੁਸਤਕ ਵਿਚਲੇ ਸ਼ਿਅਰ ਵੱਖ-ਵੱਖ ਰਾਹਾਂ ਅਤੇ ਦਿਸ਼ਾਵਾਂ ਸਿਰਜਦੇ ਸੰਵੇਦਨਸ਼ੀਲਤਾ ਨਾਲ਼ ਪਾਠਕਾਂ ਦੇ ਸਨਮੁੱਖ ਹੁੰਦੇ ਹਨ ‘ਤੇਰੇ ਸ਼ਹਿਰ ’ਚ ਮਰਨ ਪਰਿੰਦੇ ਖਾ ਕੇ ਸ਼ਾਹੀ ਭੋਜਨ ਮੇਰੇ ਪਿੰਡ ’ਚ ਬੋਟ ਹਮੇਸ਼ਾਂ ਮਰਦੇ ਭੁੱਖਾਂ ਨਾਲ।’ ਅਮਰਜੀਤ ਕੌਰ ਪੰਨੂ, ਸੁਰਜੀਤ ਸਖੀ ਅਤੇ ਸੁਰਿੰਦਰ ਸੀਰਤ ਨੇ ਵੀ ਪੁਸਤਕ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਮੌਕੇ ਗ਼ਜ਼ਲ ਮੰਚ ਸਰੀ ਵੱਲੋਂ ਕੁਲਵਿੰਦਰ ਦਾ ਸਨਮਾਨ ਕੀਤਾ ਗਿਆ। ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਗ਼ਜ਼ਲ ਮੰਚ ਸਰੀ ਦੇ ਸਾਰੇ ਪ੍ਰਤੀਨਿਧ ਸ਼ਾਇਰਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਪ੍ਰੋਗਰਾਮ ਦਾ ਮੁਲਾਂਕਣ ਕਰਦਿਆਂ ਮੁੱਖ ਮਹਿਮਾਨ ਜਸਵਿੰਦਰ ਨੇ ਹਰ ਬੁਲਾਰੇ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਕੁਲਵਿੰਦਰ ਦੀ ਸ਼ਾਇਰੀ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਉਸ ਨੇ ਭੂਗੋਲਿਕ ਆਲ਼ੇ ਦੁਆਲੇ ਅਤੇ ਪੰਜਾਬੀ ਰਹਿਤਲ ’ਚੋਂ ਲਏ ਬਿੰਬਾਂ ਨੂੰ ਸੱਜਰੇ ਸੰਦਰਭ ’ਚ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਅਮੂਰਤ ਵਰਤਾਰੇ ਵੀ ਵਜੂਦ ਧਾਰ ਕੇ ਸਜੀਵ ਹੋ ਜਾਂਦੇ ਹਨ- ‘ਕਿਤੇ ਨੀਲੀ ਝੀਲ ਵਿਚ ਸੂਰਜ ਸਿਰ ਭਾਰ ਡਿੱਗਦਾ ਹੈ, ਕਿਤੇ ਸੂਰਜ ਮੁਸਾਫ਼ਿਰ ਦਾ ਮੁਕਟ ਬਣ ਕੇ ਉਸ ਨੂੰ ਥਲ ਤੋਂ ਪਾਰ ਲੈ ਜਾਂਦਾ ਹੈ, ਕਿਤੇ ਦਰਦ ਦੀ ਵਾਦੀ ’ਚ ਢਲਦੀ ਸ਼ਾਮ ਮਹਿਕ ਉੱਠਦੀ ਹੈ ਅਤੇ ਕਿਤੇ ਸ਼ਾਮ ਦੀ ਸ਼ਾਖ਼ ’ਤੇ ਫੁੱਲਾਂ ਦਾ ਨਗਰ ਬਲ ਰਿਹਾ ਹੁੰਦਾ ਹੈ।

ਦੂਜੇ ਸੈਸ਼ਨ ਵਿਚ, ਕੁਲਵਿੰਦਰ ਅਤੇ ਜਸਵਿੰਦਰ ਦੇ ਲਿਖੇ ਦੋਹੇ ਸੀ.ਡੀ. ਦੇ ਰੂਪ ਵਿਚ ਲੋਕ ਅਰਪਣ ਕੀਤੇ ਗਏ। ਰਾਜਵੰਤ ਰਾਜ ਨੇ ਆਪਣੀਆਂ ਗ਼ਜ਼ਲਾਂ ਨਾਲ਼ ਵਾਹ ਵਾਹ ਖੱਟੀ। ਮਿਸ਼ੀਗਨ ਤੋਂ ਆਈ ਸ਼ਾਇਰਾ ਜਗਦੀਪ ਬਰਾੜ ਨੇ ਖ਼ੂਬਸੂਰਤ ਕਵਿਤਾ ‘ਚਾਨਣ ਦੀ ਪੂਣੀ’ ਪੇਸ਼ ਕੀਤੀ ਅਤੇ ਸੁਖਦੇਵ ਸਾਹਿਲ ਵੱਲੋਂ ਸਜਾਈ ਸੰਗੀਤ ਮਹਿਫ਼ਲ ਵਿਚ ਜਸਵਿੰਦਰ ਦੀ ਗ਼ਜ਼ਲ, ਲੋਕ ਅਰਪਣ ਕੀਤੇ ਦੋਹੇ ਅਤੇ ਹੋਰ ਸੂਫ਼ੀ ਰੰਗ ਬੰਨ੍ਹ ਕੇ ਸੰਗੀਤ ਪ੍ਰੇਮੀਆਂ ਨੂੰ ਗਈ ਰਾਤ ਤੱਕ ਨਾਲ ਜੋੜੀ ਰੱਖਿਆ। ਸਮਾਗਮ ਦੌਰਾਨ ਕੁਝ ਹੋਰ ਨਵੀਆਂ ਪੁਸਤਕਾਂ; ਹਰਦੀਪ ਗਰੇਵਾਲ ਦਾ ਨਾਵਲ ‘ਰਾਧਿਕਾ’, ਹਰਦਮ ਮਾਨ ਦਾ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ’, ਅਨੂ ਬਾਲਾ ਦਾ ਗ਼ਜ਼ਲ ਸੰਗ੍ਰਹਿ ‘ਕੱਚ ਦਾ ਅੰਬਰ’ ਅਤੇ ਬਿਕਰਮ ਸੋਹੀ ਦਾ ਕਾਵਿ ਸੰਗ੍ਰਹਿ ‘ਸਰਦਲਾਂ’ ਵੀ ਲੋਕ ਅਰਪਣ ਕੀਤੀਆਂ ਗਈਆਂ। ਸਟੇਜ ਦਾ ਸੰਚਾਲਨ ਲਾਜ ਨੀਲਮ ਸੈਣੀ ਨੇ ਬਾਖੂਬੀ ਕੀਤਾ।

(ਹਰਦਮ ਮਾਨ)
+
1 604 308 6663
maanbabushahi@gmail.com

Install Punjabi Akhbar App

Install
×