ਸਾਹਿਤਕ ਇਕੱਤਰਤਾ ‘ਚ ਨਾਵਲ “ਸ਼ਾਨਾ ਮੱਤੇ” ਤੇ ਚਰਚਾ ਹੋਈ ਅਤੇ ਸਾਹਿਤਕ ਦੌਰ ਚੱਲਿਆ

ਬਠਿੰਡਾ -ਕੋਰੋਨਾ ਕਾਰਨ ਲੱਗੀ ਤਾਲਾਬੰਦੀ ਖੁੱਲ੍ਹਣ ਉਪਰੰਤ ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਦੀ ਸਾਹਿਤਕ ਇਕੱਤਰਤਾ ਸਭਾ ਦੇ ਪ੍ਰਧਾਨ ਸ੍ਰੀ ਜੇ ਸੀ ਪਰਿੰਦਾ ਦੀ ਪ੍ਰਧਾਨਗੀ ਹੇਠ ਸਥਾਨਕ ਟੀਚਰਜ ਹੋਮ ਵਿਖੇ ਹੋਈ, ਜਿਸ ਵਿੱਚ ਕਰੀਬ ਚਾਲੀ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ। ਸਭ ਤੋਂ ਪਹਿਲਾਂ ਪਿਛਲੇ ਸਮੇਂ ਵਿੱਛੜੇ ਸਾਹਿਤਕਾਰਾਂ ਤੇ ਲੇਖਕਾਂ ਪ੍ਰਿੰ: ਸੁਲੱਖਣ ਮੀਤ, ਡਾ: ਹਰਨੇਕ ਕੋਮਲ, ਮਹਿੰਦਰ ਸਾਥੀ, ਡਾ: ਜੋਧ ਸਿੰਘ, ਸੁਰਿੰਦਰ ਕੌਰ ਖਰਲ ਸਮੇਤ ਲੇਖਕਾਂ ਦੇ ਪਰਿਵਾਰਿਕ ਮੈਂਬਰਾਂ ਰਣਜੀਤ ਗੌਰਵ ਦੇ ਪਿਤਾ ਸ੍ਰੀ ਜੋਰਾ ਸਿੰਘ, ਅਜੀਮ ਸੇਖ਼ਰ ਦੀ ਮਾਤਾ ਮਾਇਆ ਦੇਵੀ, ਰਣਬੀਰ ਰਾਣਾ ਦੀ ਸੁਪਤਨੀ ਸੋਮਾ ਰਾਣੀ ਅਤੇ ਕਿਸਾਨੀ ਸੰਘਰਸ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸਰਧਾਂਜਲੀ ਭੇਂਟ ਕੀਤੀ ਗਈ।
ਇਸ ਉਪਰੰਤ ਇਤਿਹਾਸਕਾਰ ਤੇ ਅਨੁਵਾਦਕ ਪ੍ਰੋ: ਅਮਨਦੀਪ ਸਿੰਘ ਸੇਖੋਂ ਨੇ ਹਾਵਰਡ ਫਾਸਟ ਦੇ ਨਾਵਲ ਮਾਈ ਗਲੋਰੀਅਸ ਬ੍ਰਦਰਜ ਦੇ ਉਹਨਾਂ ਵੱਲੋਂ ਕੀਤੇ ਪੰਜਾਬੀ ਅਨੁਵਾਦ ”ਸਾਨਾ ਮੱਤੇ” ਬਾਰੇ ਵਿਚਾਰ ਪੇਸ਼ ਕੀਤੇ। ਉਹਨਾਂ ਦੱਸਿਆ ਕਿ ਇਹ ਨਾਵਲ ਈਸਾ ਪੂਰਵ ਰੋਮਨ ਸਾਮਰਾਜ ਦੀ ਚੜ੍ਹਤ ਤੋਂ ਪਹਿਲਾਂ ਦੀ ਕਹਾਣੀ ਹੈ, ਜਦੋਂ ਯਹੂਦੀ ਕਿਸਾਨਾਂ ਨੇ ਯੂਨਾਨੀ ਸਾਮਰਾਜ ਵਿਰੁੱਧ ਹਥਿਆਰ ਚੁੱਕੇ ਸਨ। ਇਸ ਬਗਾਵਤ ਦੀ ਅਗਵਾਈ ਛੇ ਮਕਾਸ਼ੀਆਂ ਭਾਵ ਆਗੂਆਂ ਨੇ ਕੀਤੀ ਸੀ। ਇਹ ਮਕਾਬੀ ਸਨ ਆਦੋਨ ਮਟਾਬੀਆ ਅਤੇ ਉਸਦੇ ਪੰਜ ਪੁੱਤਰ ਜਿਹਨਾਂ ਦੀ ਅਮਰ ਕਹਾਣੀ ਯਹੂਦੀਆਂ ਦੀ ਇੱਕ ਪੁਰਾਤਨ ਪੋਥੀ ਦੇ ਆਧਾਰ ਉੱਤੇ ਹਾਵਰਡ ਫਾਸਟ ਨੇ ਆਪਣੇ ਇਸ ਨਾਵਲ ਦੀ ਰਚਨਾ ਕੀਤੀ। ਇਸ ਨਾਵਲ ਤੇ ਚਰਚਾ ਕਰਦਿਆਂ ਨਾਵਲਕਾਰ ਜਸਪਾਲ ਮਾਨਖੇੜਾ ਨੇ ਕਿਹਾ ਕਿ ਵਿਸ਼ਵ ਪੱਧਰੀ ਨਾਵਲ ਮਾਂ ਬੋਲੀ ਦੀ ਝੋਲੀ ਪਾਉਣ ਲਈ ਇਸਦੇ ਅਨੁਵਾਦਕ ਪ੍ਰੋ: ਅਮਨਦੀਪ ਸੇਖੋਂ ਅਤੇ ਪ੍ਰਕਾਸ਼ਕ ਪੀਪਲਜ ਫੋਰਮ ਬਰਗਾੜੀ ਵਿਸੇਸ ਧੰਨਵਾਦ ਦੇ ਹੱਕਦਾਰ ਹਨ। ਖੁਸ਼ੀ ਦੀ ਗੱਲ ਹੈ ਕਿ ਅਨੁਵਾਦਕ ਲੇਖਕ ਬਠਿੰਡਾ ਦਾ ਵਾਸੀ ਹੈ। ਇਸਤੋਂ ਇਲਾਵਾ ਪ੍ਰਿੰ: ਜਗਦੀਸ ਘਈ, ਕਹਾਣੀਕਾਰ ਅਤਰਜੀਤ, ਆਲੋਚਕ ਗੁਰਦੇਵ ਖੋਖਰ, ਡਾ: ਰਵਿੰਦਰ ਸੰਧੂ, ਨਾਵਲਕਾਰ ਜਸਵਿੰਦਰ ਜੱਸ ਨੇ ਇਸ ਵਿਚਾਰ ਚਰਚਾ ਵਿੱਚ ਭਾਗ ਲਿਆ।

ਇਸ ਮੌਕੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਨਾਵਲਕਾਰ ਜਸਪਾਲ ਮਾਨਖੇੜਾ ਨੂੰ ਅਕਾਦਮੀ ਦਾ ਐਸੋਸੀਏਟ ਮੈਂਬਰ ਨਿਯੁਕਤ ਹੋਣ ਤੇ ਸ਼ਹਿਰ ਦੀਆਂ ਸਾਹਿਤਕ ਸੰਸਥਾਵਾਂ ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ, ਸਾਹਿਤ ਸੱਭਿਆਚਾਰਕ ਮੰਚ, ਸਾਹਿਤ ਜਾਗ੍ਰਿਤੀ ਸਭਾ, ਟੀਚਰਜ ਹੋਮ ਟਰੱਸਟ, ਸੀ ਪੀ ਐੱਮ ਬਠਿੰਡਾ ਵੱਲੋਂ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਵਾਲਿਆਂ ਵਿੱਚ ਹਰਬੰਸ ਸਿੰਘ ਬਰਾੜ, ਨਾਟਕਕਾਰ ਕੀਰਤੀ ਕਿਰਪਾਲ, ਚਰਨਜੀਤ ਸੰਧੂ, ਹਰਮੰਦਰ ਸਿੰਘ ਢਿੱਲੋਂ, ਲਛਮਣ ਮਲੂਕਾ, ਹਰਬੰਸ ਲਾਲ ਗਰਗ, ਜੇ ਸੀ ਪਰਿੰਦਾ, ਦਰਸਨ ਦਰਸੀ, ਭੋਲਾ ਸਿੰਘ ਸਮੀਰੀਆ ਆਦਿ ਸਾਮਲ ਹੋਏ।
ਇਸ ਉਪਰੰਤ ਰਚਨਾਵਾਂ ਦੇ ਦੌਰ ਵਿੱਚ ਰਾਜਦੇਵ ਕੌਰ ਸਿੱਧੂ ਨੇ ਮਿੰਨੀ ਕਹਾਣੀ ‘ਨਾਸੂਰ’ ਸੇਵਕ ਸ਼ਮੀਰੀਆ ਨੇ ਵਿਅੰਗਾਤਮਕ ਟੋਟਕੇ, ਦਿਲਬਾਗ ਸਿੰਘ ਤੇ ਸੁਖਵਿੰਦਰ ਕੌਰ ਫਰੀਦਕੋਟ ਨੇ ਕਵਿਤਾ, ਅਮਰਜੀਤ ਜੀਤ ਨੇ ਗ਼ਜ਼ਲ, ਬਲਵਿੰਦਰ ਸਿੰਘ ਭੁੱਲਰ ਨੇ ਕਵਿਤਾ ‘ਆ ਨੀ ਭੈਣੇ ਡੇਰੇ ਚੱਲੀਏ’ ਅਮਰਜੀਤ ਸਿੱਧੂ ਨੇ ਲੋਕ ਬੋਲੀਆਂ, ਪ੍ਰਿੰ: ਅਮਰਜੀਤ ਸਿੰਘ ਸਿੱਧੂ ਨੇ ਸੇਅਰ, ਕੰਵਲਜੀਤ ਕੁਟੀ, ਮਨਜੀਤ ਬਠਿੰਡਾ, ਰਣਬੀਰ ਰਾਣਾ, ਕੁਲਦੀਪ ਬੰਗੀ ਨੇ ਗ਼ਜ਼ਲਾਂ, ਅੰਮ੍ਰਿਤਪਾਲ ਬੰਗੇ ਤੇ ਲੀਲਾ ਸਿੰਘ ਰਾਏ ਨੇ ਗੀਤ, ਜੇ ਸੀ ਪਰਿੰਦਾ ਨੇ ਵਿਅੰਗਾਤਮਕ ਕਵਿਤਾ ‘ਦਾਹੜੀ ਵਿੱਚ ਤਿਣਕਾ’ ਅਤੇ ਅਮਨ ਦਾਤੇਵਾਸੀਆ ਨੇ ‘ਮੇਰੀ ਮੌਤ ਤੇ ਨਾ ਰੋਇਓ’ ਗੀਤ ਬਾਖੂਬੀ ਪੇਸ਼ ਕੀਤਾ। ਸਾਹਿਤਕ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰਣਜੀਤ ਗੌਰਵ, ਦਮਜੀਤ ਦਰਸ਼ਨ, ਧਰਮਪਾਲ, ਅਗਾਜਵੀਰ, ਗੁਰਮੀਤ ਸਿੰਘ, ਮਾ: ਗਿਆਨ ਸਿੰਘ, ਵਿਕਾਸ ਕੌਂਸਲ, ਗੁਰਅਵਤਾਰ ਸਿਘ ਗੋਗੀ, ਅਮਨਦੀਪ ਆਦਿ ਵੀ ਹਾਜਰ ਸਨ, ਸਟੇਜ ਸੰਚਾਲਨ ਦੀ ਕਾਰਵਾਈ ਸਭਾ ਦੇ ਸਕੱਤਰ ਸ੍ਰੀ ਰਣਬੀਰ ਰਾਣਾ ਨੇ ਨਿਭਾਈ।

Welcome to Punjabi Akhbar

Install Punjabi Akhbar
×
Enable Notifications    OK No thanks