ਵੈਨਕੂਵਰ ਵਿਚਾਰ ਮੰਚ ਵੱਲੋਂ ਮਹਿੰਦਰਪਾਲ ਪਾਲ ਦੇ ਗ਼ਜ਼ਲ ਸੰਗ੍ਰਹਿ ‘ਤ੍ਰਿਵੇਣੀ’ ਉਪਰ ਵਿਚਾਰ ਗੋਸ਼ਟੀ

(ਸਰੀ)-ਵੈਨਕੂਵਰ ਵਿਚਾਰ ਮੰਚ ਵੱਲੋਂ ਪ੍ਰਸਿੱਧ ਸ਼ਾਇਰ ਮਹਿੰਦਰਪਾਲ ਸਿੰਘ ਪਾਲ ਦੇ ਗ਼ਜ਼ਲ ਸੰਗ੍ਰਹਿ ‘ਤ੍ਰਿਵੇਣੀ’ ਉਪਰ ਵਿਚਾਰ ਚਰਚਾ ਕਰਨ ਲਈ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਨਾਮਵਰ ਵਿਦਵਾਨ ਡਾ. ਸਾਧੂ ਸਿੰਘ, ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮਹਿੰਦਰਪਾਲ ਸਿੰਘ ਪਾਲ ਅਤੇ ਸ਼ਾਇਰ ਮੋਹਨ ਗਿੱਲ ਨੇ ਕੀਤੀ।

ਸਮਾਗਮ ਦੀ ਸ਼ੁਰੂਆਤ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਕੈਨੇਡੀਅਨ ਸਾਹਿਤਕਾਰ ਅਮਨਪਾਲ ਸਾਰਾ ਅਤੇ ਯੂ.ਕੇ. ਦੇ ਲੇਖਕ ਗੁਰਨਾਮ ਗਿੱਲ ਨੂੰ ਸ਼ਰਧਾਂਜਲੀ ਦੇਣ ਨਾਲ ਹੋਈ। ਉਪਰੰਤ ਜਰਨੈਲ ਸਿੰਘ ਆਰਟਿਸਟ ਨੇ ਵੈਨਕੂਵਰ ਵਿਚਾਰ ਮੰਚ ਦੇ ਮਨੋਰਥ ਅਤੇ ਕਾਰਜਾਂ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਮੀਨੂੰ ਬਾਵਾ ਨੇ ਆਪਣੀ ਸੁਰੀਲੀ ਆਵਾਜ਼ ਵਿਚ ਮਹਿੰਦਰਪਾਲ ਦੀ ਇਕ ਗ਼ਜ਼ਲ ਪੇਸ਼ ਕੀਤੀ।

ਸ਼ਾਇਰਾ ਅਮਨ ਸੀ ਸਿੰਘ ਨੇ ਤ੍ਰਿਵੇਣੀ ਉਪਰ ਆਪਣਾ ਪਰਚਾ ਪੜ੍ਹਿਆ ਜਿਸ ਵਿਚ ਉਨ੍ਹਾਂ ਇਕ ਪਾਠਕ ਦੀ ਨਜ਼ਰ ਤੋਂ ‘ਤ੍ਰਿਵੇਣੀ’ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਪੁਸਤਕ ਬਾਰੇ ਬੋਲਦਿਆਂ ਜਰਨੈਲ ਸਿੰਘ ਸੇਖਾ ਨੇ ਜਿੱਥੇ ‘ਤ੍ਰਿਵੇਣੀ’ ਸ਼ਬਦ ਦੇ ਅਰਥਾਂ ਨੂੰ ਤਿੰਨ ਦਰਿਆਵਾਂ ਦਾ ਸੰਗਮ ਅਤੇ ਤਿੰਨ ਰੁੱਖਾਂ ਦਾ ਸੁਮੇਲ ਦਰਸਾਇਆ ਉੱਥੇ ਹੀ ਮਹਿੰਦਰਪਾਲ ਦੀ ਪ੍ਰਹੁਣਾਚਾਰੀ ਦੀ ਸਿਫਤ ਵੀ ਕੀਤੀ। ਪ੍ਰਸਿੱਧ ਸ਼ਾਇਰ ਰਾਜਵੰਤ ਰਾਜ ਨੇ ਅਰੂਜ਼ ਪੱਖ ਦੀ ਗੱਲ ਕਰਦਿਆਂ ਮਹਿੰਦਰਪਾਲ ਦੀਆਂ ਗ਼ਜ਼ਲਾਂ ਨੂੰ ਪਰਪੱਕ ਦੱਸਿਆ ਅਤੇ ਕਿਹਾ ਕਿ ਅਰਥ ਭਰਪੂਰ ਖੁੱਲ੍ਹੀਆਂ ਕਵਿਤਾਵਾਂ ਵੀ ਮਨ ਨੂੰ ਟੁੰਬਦੀਆਂ ਹਨ।

ਡਾ. ਹਰਜੋਤ ਕੌਰ ਖਹਿਰਾ ਨੇ ਕਵਿਤਾਵਾਂ ਵਿਚ ਲੇਖਕ ਦੀ ਬੀਤੇ ਕਾਲ, ਵਰਤਮਾਨ ਅਤੇ ਭਵਿੱਖ ਬਾਰੇ ਸੁਚੇਤ ਬਿਰਤੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮਾਜ ਲਈ ਸੇਧ ਦੇਣ ਵਾਲੀ ਦੱਸਿਆ। ਨਦੀਮ ਪਰਮਾਰ ਨੇ ਮਹਿੰਦਰਪਾਲ ਦੀਆਂ ਕਵਿਤਾਵਾਂ ਨੂੰ ਹਾਂ-ਪੱਖੀ ਕਿਹਾ। ਪੁਸਤਕ ਦੇ ਪ੍ਰਕਾਸ਼ਕ ਸਤੀਸ਼ ਗੁਲਾਟੀ ਨੇ ਕਿਹਾ ਕਿ ਮਹਿੰਦਰਪਾਲ ਨੇ ਇਸ ਪੁਸਤਕ ਰਾਹੀਂ ਪੰਜਾਬੀ ਸਾਹਿਤ ਵਿਚ ਹਾਂ-ਪੱਖੀ ਵਾਧਾ ਕੀਤਾ ਹੈ। ਡਾ. ਪਿਰਥੀਪਾਲ ਸਿੰਘ ਸੋਹੀ ਨੇ ਕੁਝ ਕਵਿਤਾਵਾਂ ਦੇ ਹਵਾਲੇ ਦਿੰਦਿਆਂ ਕਿਹਾ ਕਿ ਇਨ੍ਹਾਂ ਕਵਿਤਾਵਾਂ ਵਿਚ ਲੇਖਕ ਦਾ ਪ੍ਰੋਗਰੈਸਿਵ ਹੋਣਾ ਪ੍ਰਸੰਸਾਯੋਗ ਹੈ। ਭਾਰਤ ਤੋਂ ਆਏ ਹਰਭਗਵਾਨ ਸਿੰਘ ਭੀਖੀ ਅਤੇ ਡਾ. ਸੁਖਵਿੰਦਰ ਸਿੰਘ ਵਿਰਕ ਨੇ ਸਾਹਿਤਕ ਅਤੇ ਸੱਭਿਆਚਾਰਕ ਸਰਗਰਮੀਆਂ ਦੇ ਨਿਰੰਤਰ ਕਾਰਜ ਲਈ ਵੈਨਕੂਵਰ ਵਿਚਾਰ ਮੰਚ ਦੀ ਸ਼ਲਾਘਾ ਕੀਤੀ।

ਪੁਸਤਕ ਦੇ ਲੇਖਕ ਮਹਿੰਦਰਪਾਲ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਪੁਸਤਕ ਵਿੱਚੋਂ ਗ਼ਜ਼ਲ, ਰੁਬਾਈ, ਕਵਿਤਾਵਾਂ ਅਤੇ ਗੀਤ ਨਾਲ ਆਪਣੀ ਸ਼ਾਇਰੀ ਦੀ ਸਾਂਝ ਪੁਆਈ। ਸ਼ਾਇਰ ਪਾਲ ਢਿੱਲੋਂ, ਕਵਿੰਦਰ ਚਾਂਦ, ਇੰਦਰਜੀਤ ਧਾਮੀ ਨੇ ਮਹਿੰਦਰਪਾਲ ਨੂੰ ਇਸ ਪੁਸਤਕ ਲਈ ਮੁਬਾਰਕਬਾਦ ਦਿੱਤੀ।

ਡਾ. ਸਾਧੂ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਮਹਿੰਦਰਪਾਲ ਦੀ ਸਿਰਜਣਾ ਅਤੇ ਸ਼ਖ਼ਸੀਅਤ ਦਾ ਪ੍ਰਭਾਵ ਹੈ ਕਿ ਭਾਰੀ ਮੀਂਹ ਦੇ ਬਾਵਜੂਦ ਉਹ ਸਮਾਗਮ ਵਿਚ ਹਾਜਰ ਹੋਏ ਹਨ। ਇਸ ਸਮਾਗਮ ਵਿਚ ਮਹਿੰਦਰਪਾਲ ਦੀ ਪਤਨੀ ਸਰਬਜੀਤ ਕੌਰ ਅਤੇ ਪੁੱਤਰ ਨਵਦੀਪ ਸਿੰਘ ਤੋਂ ਇਲਾਵਾ ਕਾਮਰੇਡ ਨਵਰੂਪ ਸਿੰਘ, ਹਰਦੇਵ ਸਿੰਘ ਸਿੱਧੂ, ਪਰਮਿੰਦਰ ਸਵੈਚ, ਡਾ. ਲਖਵਿੰਦਰ ਸਿੰਘ, ਸ਼ਬਨਮ ਮੱਲ੍ਹੀ, ਡਾ. ਚਰਨਜੀਤ ਸਿੰਘ, ਅਮਰੀਕ ਪਲਾਹੀ ਅਤੇ ਡਾ. ਬਲਜਿੰਦਰ ਸਿੰਘ ਸ਼ਾਮਲ ਸਨ।

(ਹਰਦਮ ਮਾਨ) +1 604 308 6663

maanbabushahi@gmail.com