ਗੁਰਬਚਨ ਝਨੇੜ੍ਹੀ ਦੀ ਪੁਸਤਕ ”ਹੱਸਦੇ ਜ਼ਖ਼ਮ” ਉਤੇ ਵਿਚਾਰ ਚਰਚਾ

July-06-03ਕਵਿਤਾ ਚੀਕ, ਹੌਕਾ ਜਾਂ ਹਾਵਾ ਨਹੀਂ ਸਗੋਂ ਹੋਕਾ, ਹਾਕ ਅਤੇ ਹੁੰਗਾਰਾ ਹੋਣੀ ਚਾਹੀਦੀ ਹੈ-ਡਾ. ਤੇਜਵੰਤ ਮਾਨ
ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ:) ਵੱਲੋਂ ਪ੍ਰਸਿੱਧ ਪੰਜਾਬੀ ਕਵੀ ਗੁਰਬਚਨ ਝਨੇੜੀ ਦੀ ਕਾਵਿ ਪੁਸਤਕ ”ਹਸਦੇ ਜ਼ਖ਼ਮ” ਉਤੇ ਵਿਚਾਰ ਚਰਚਾ ਕਰਦਿਆ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਪ੍ਰਧਾਨ ਸ਼੍ਰੌਮਣੀ ਪੰਜਾਬੀ ਸਾਹਿਤਕਾਰ ਡਾ. ਤੇਜਵੰਤ ਮਾਨ ਨੇ ਕਿਹਾ ਕਿ ਕਾਵਿ ਰਚਨਾ ਚੀਕ, ਹੌਕਾ ਜਾਂ ਹਾਵਾ ਨਹੀਂ ਸਗੋਂ ਹੋਕਾ, ਹਾਕ ਅਤੇ ਹੁੰਗਾਰਾ ਹੋਣੀ ਹੁਮਦਿ ਹੈ। ਡਾ. ਬਚਨ ਝਨੇੜ੍ਹੀ ਦੀ ਕਵਿਤਾ ਸਵਾਦਲਾ ਰੱਸਗੁਲਾ ਨਹੀਂ ਸਗੋਂ ਕੁਸੈਲਾ ਆਉਲਾ ਹੈ ਜੋ ਮਾਨਵੀ ਸਮਾਜ ਦੀ ਸਿਹਤਮੰਦ ਉਸਾਰੀ ਲਈ ਮੁਫ਼ੀਦ ਹੈ। ਸ਼ਾਇਰ ਝਨੇੜ੍ਹੀ ਦੀ ਕਵਿਤਾ ਬੇਸ਼ੱਕ ”ਗ” ਧੁਨੀ ਦੀ ਉੱਤਮ ਪੱਧਰ ਗੁਲਕੰਦ ਨਾ ਵੀ ਹੋਵੇ ਪਰ ਇਹ ਗੁੜ ਅਤੇ ਗੁਲਾਬ ਜਰੂਰ ਹੈ। ਜਿਸਦੀ ਮਹਿਕ ਲੋਕ-ਕਲਿਆਣਕਾਰੀ ਹੈ।
ਇਸ ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਨੇ ਕੀਤੀ। ਉਹਨਾਂ ਨਾਲ ਪ੍ਰਧਾਨਗੀ ਮੰਡਲ ਵਿਚ ਡਾ. ਦਵਿੰਦਰ ਕੌਰ, ਡਾ. ਗੁਰਪ੍ਰੀਤ ਕੌਰ, ਡਾ. ਭਗਵੰਤ ਸਿੰਘ, ਪਵਨ ਹਰਚੰਦਪੁਰੀ, ਬੀਬਾ ਬੀਰਪਾਲ ਸ਼ਰਮਾ ਅਤੇ ਬਲਰਾਜ ਓਬਰਾਏ ਬਾਜ਼ੀ ਸ਼ਾਮਿਲ ਹੋਏ। ਸਮਾਗਮ ਦਾ ਆਰੰਭ ਪ੍ਰਸਿੱਧ ਗਜ਼ਲਗੋ ਕੁਲਵੰਤ ਕਸਕ ਦੀ ਗਜ਼ਲ ਨਾਲ ਹੋਇਆ। ਉਪਰਾਂਤ ਡਾ. ਭਗਵੰਤ ਸਿੰਘ ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ:) ਅਤੇ ਖੋਜ ਅਫਸਰ ਭਾਸ਼ਾ ਵਿਭਾਗ ਪੰਜਾਬ ਨੇ ਡਾ. ਗੁਰਬਚਨ ਝਨੇੜੀ ਦੇ ਕਾਵਿ ਅਤੇ ਪੇਪਰ ਪੜ੍ਹਨ ਵਾਲੇ ਵਿਦਵਾਨਾਂ ਦੀ ਜਾਣਕਾਰੀ ਕਰਵਾਈ। ਡਾ. ਗੁਰਪ੍ਰੀਤ ਕੌਰ ਪੰਜਾਬੀ ਯੂਨੀਵਰਸਿਟੀ ਨੇ ਗੁਰਬਚਨ ਝਨੇੜੀ ਦੀ ਪੁਸਤਕ ”ਹਸਦੇ ਜ਼ਖ਼ਮ” ਉਤੇ ਪੇਪਰ ਪੜ੍ਹਦਿਆ ਕਿਹਾ ਕਿ ਡਾ. ਝਨੇੜੀ ਸੰਘਰਸ਼ ਦਾ ਕਵੀ ਹੈ। ਉਸਦਾ ਆਸ਼ਾਵਾਦ ਵਿੱਚ ਵਿਸ਼ਵਾਸ਼ ਹੈ। ਜਿੰਦਗੀ ਦੇ ਤਲਕ ਅਨੁਭਵਾਂ ਨੂੰ ਹਢਾਉਂਦਿਆਂ ”ਹਸਦੇ ਜਖਮਾਂ ਦੀ” ਬਾਤ ਪਾਉਣਾ ਲੇਖਕ ਦੀ ਕਵਿਤਾ ਦਾ ਵੱਡਾ ਗੁਣ ਹੈ। ਡਾ. ਦਵਿੰਦਰ ਕੌਰ ਸੁਨਾਮ ਨੇ ਡਾ. ਝਨੇੜੀ ਦੀ ਪੁਸਤਕ ਉਤੇ ਪੇਪਰ ਪੜ੍ਹਦਿਆਂ ਕਵੀ ਦੀ ਸੇਧਮਈ ਲੋਕ ਹਿਤਾਇਸ਼ੀ ਭਾਵਨਾ ਦੀ ਪ੍ਰਸੰਸਾ ਕੀਤੀ। ਪੇਪਰ ਲੇਖਕ ਦਾ ਮੱਤ ਸੀ ਕਿ ਬਚਨ ਝਨੇੜੀ ਦੇ ਕਾਵਿ ਦਾ ਅੰਤਰਵੀ ਰਹੱਸ ਮਹਾਤਮੀ ਹੈ।
ਦੋਹਾਂ ਪੇਪਰਾਂ ਉਤੇ ਹੋਈ ਬਹਿਸ ਉਪਰ ਪਵਨ ਹਰਚੰਦਪੁਰੀ, ਬਲਰਾਜ ਬਾਜ਼ੀ, ਜੰਗੀਰ ਸਿੰਘ ਰਤਨ, ਕਰਤਾਰ ਠੁੱਲੀਵਾਲ, ਅਮਰੀਕ ਗਾਗਾ, ਪ੍ਰੋ. ਬੂਟਾ ਸਿੰਘ ਧਾਲੀਵਾਲ, ਭੁਪਿੰਦਰ ਸਿੰਘ ਖਾਲਸਾ, ਡਾ. ਭਗਵੰਤ ਸਿੰਘ, ਡਾ. ਰਾਜ ਕੁਮਾਰ ਗਰਗ, ਗੁਰਨਾਮ ਸਿੰਘ ਨੇ ਬਹੁਤ ਹੀ ਮੂਲਵਾਨ ਨੁਕਤੇ ਪੇਸ਼ ਕੀਤੇ। ਉਪਰਾਂਤ ਡਾ. ਗੁਰਬਚਨ ਝਨੇੜੀ ਨਾਲ ਰੂ-ਬ-ਰੂ ਪ੍ਰੋਗਰਾਮ ਕੀਤਾ ਗਿਆ ਜਿਸ ਵਿਚ ਲੇਖਕ ਨੇ ਆਪਣੀ ਰਚਨ ਪ੍ਰਕਿਰਿਆ ਅਤੇ ਔਖਿਆਈ ਭਰੇ ਜੀਵਨ ਉਤੇ ਚਾਨਣਾ ਪਾਇਆ। ਡਾ. ਬਚਨ ਨੇ ਦੱਸਿਆ ਕਿ ਬਚਪਨ ਤੋਂ ਲੈ ਕੇ ਅੱਜ ਤੱਕ ਉਹ ਆਪਣੇ ਅੰਦਰ ਅਤੇ ਬਾਹਰ ਨਾਲ ਸੰਘਰਸ਼ ਕਰਦੇ ਆ ਰਹੇ ਹਨ ਜਿਸਦਾ ਪ੍ਰਗਟਾਵਾ ਉਹਨਾਂ ਨੇ ਆਪਣੀ ਕਵਿ ਰਚਨਾ ਰਾਹੀਂ ਕੀਤਾ ਹੈ।
ਉਪਰਾਂਤ ਡਾ. ਗੁਰਬਚਨ ਝਨੇੜੀ. ਢਾ. ਗੁਰਪ੍ਰੀਤ ਕੌਰ, ਡਾ. ਦਵਿੰਦਰ ਕੌਰ, ਡਾ. ਤੇਜਵੰਤ ਮਾਨ, ਦਾ ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ:) ਵੱਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਹੋਈ ਇਸ ਵਿਸ਼ਾਲ ਕਵੀ ਦਰਬਾਰ ਵਿਚ ਸਰਵ ਸ਼੍ਰੀ ਮੇਘ ਗੋਇਲ, ਸ਼ੇਰ ਸਿੰਘ ਸ਼ੇਰਪੁਰੀ, ਅਮਰਜੀਤ ਸਿੰਘ ਅਮਨ, ਪੰਮੀ ਫੱਗੂਵਾਲੀਆ, ਪਰਮਿੰਦਰ ਪੰਮੀ, ਸ਼੍ਰੀ ਦੇਸ਼ ਭੂਸ਼ਣ, ਬੀਬਾ ਬੀਰਪਾਲ ਸ਼ਰਮਾ, ਗੁਲਜ਼ਾਰ ਸਿੰਘ ਸ਼ੌਂਕੀ, ਅਮਰ ਗਰਗ ਕਲਮਦਾਨ, ਸਰਬਜੀਤ ਸੰਗਰੂਰਵੀ, ਪਰਮਜੀਤ ਸਿੰਘ, ਲੋਕ ਗਾਇਕ ਰਾਜ ਨਿਮਾਣਾ, ਕਰਮਜੀਤ ਸਿੰਘ, ਰਮਿੰਦਰ ਰੰਮੀ, ਭਾਰਤ ਭੂਸ਼ਣ, ਸ਼੍ਰੀ ਸੁਰਿੰਦਰ ਕੁਮਾਰ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਨਾਈਆਂ। ਬੀਬਾ ਬੀਰਪਾਲ ਸ਼ਰਮਾ ਨੂੰ ”ਜਟ ਦੀ ਜੂਨ ” ਬਾਰੇ ਉਤਮ ਕਵਿਤਾ ਪੇਸ਼ ਕਰਨ ਲਈ ਡਾ ਤੇਜਵੰਤ ਮਾਨ, ਡਾ. ਭਗਵੰਤ ਸਿੰਘ, ਬਲਰਾਜ ਬਾਜ਼ੀ ਹੁਰਾਂ ਨੇ ਪੁਸਤਕਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ। ਆਖਿਰ ਵਿੱਚ ਗੁਰਨਾਮ ਸਿੰਘ ਨੇ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਸਟੇਜ਼ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਬਲਰਾਜ ਓਬਰਾਏ ਬਾਜ਼ੀ ਨੇ ਬਾਖੂਬੀ ਚਲਾਈ।

Install Punjabi Akhbar App

Install
×