ਇੱਕ ਵਾਰੀ ਫੇਰ ਤੋਂ ਅਮਰੀਕਾ ਵਿੱਚ ਹਥਿਆਰਾਂ ਅਤੇ ਦਹਿਸ਼ਤਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋਂ ਇੱਕ ਸਿਰਫਿਰੇ ਨੇ ਟੈਕਸਾਸ ਦੇ ਯੂਵਾਲਡੇ ਖੇਤਰ ਦੇ ਰਾਬ ਐਲੀਮੈਂਟਰੀ ਸਕੂਲ ਅੰਦਰ ਵੜ੍ਹ ਕੇ ਮਾਸੂਮ ਬੱਚਿਆਂ ਉਪਰ ਗੋਲੀਆਂ ਦੀ ਮੀਂਹ ਵਰ੍ਹਾ ਦਿੱਤਾ। ਇਸ ਅੰਧਾਧੁੰਦ ਗੋਲੀਬਾਰੀ ਵਿੱਚ 18 ਸਕੂਲੀ ਵਿਦਿਆਰਥੀ ਅਤੇ 3 ਹੋਰ ਸਕੂਲ ਦੇ ਸਟਾਫ ਦੇ ਮੈਂਬਰ ਹਲਾਕ ਹੋ ਗਏ ਹਨ। ਮਰਨ ਵਾਲਿਆਂ ਦੀ ਸੰਖਿਆ ਵੱਧ ਵੀ ਸਕਦੀ ਹੈ, ਪੁਲਿਸ ਵੱਲੋਂ ਇਹ ਸ਼ੰਕਾਵਾਂ ਵੀ ਜਤਾਈਆਂ ਜਾ ਰਹੀਆਂ ਹਨ।
ਬੇਸ਼ਕ ਸੁਰੱਖਿਆ ਦਸਤਿਆਂ ਨੇ ਗੋਲੀਬਾਰੀ ਕਰਨ ਵਾਲੇ ਸ਼ਖ਼ਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਹੈ, ਪਰੰਤੂ ਉਹ ਕਿੱਥੋਂ ਆਇਆ, ਕਿਉਂ ਆਇਆ ਅਤੇ ਇਸ ਤਰ੍ਹਾਂ ਦੀ ਗੋਲੀਬਾਰੀ ਉਸਨੇ ਕਿਉਂ ਕੀਤੀ….? ਇਸ ਦਾ ਖੁਲਾਸਾ ਤਾਂ ਪੂਰੀ ਪੜਤਾਲ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ।
ਪੁਲਿਸ ਨੇ ਹਾਲ ਦੀ ਘੜੀ ਇੰਨਾ ਹੀ ਕਿਹਾ ਹੈ ਕਿ ਟੈਕਸਾਸ ਪ੍ਰਾਇਮਰੀ ਸਕੂਲ ਵਿੱਚ ਗੋਲੀਬਾਰੀ ਕਰਨ ਵਾਲਾ ਸ਼ਖ਼ਸ 18 ਕੁ ਸਾਲ ਦਾ ਸੀ ਜਿਸ ਨੂੰ ਕਿ ਪੁਲਿਸ ਵੱਲੋਂ ਮਾਰ ਗਿਰਾਇਆ ਗਿਆ ਹੈ। ਮੁੱਢਲੀ ਪੜਤਾਲ ਦੌਰਾਨ ਉਸ ਹਮਲਾਵਰ ਦਾ ਨਾਮ ਸੈਲਵੇਡੋਰ ਰੈਮੋਸ ਹੈ ਅਤੇ ਉਸਨੇ ਸਕੂਲ ਅੰਦਰ ਵੜ੍ਹ ਕੇ -ਇੱਕ ਹੈਂਡਗਨ ਅਤੇ ਸ਼ਾਇਦ ਉਸ ਕੋਲ ਇੱਕ ਰਾਇਫ਼ਲ ਵੀ ਸੀ, ਨਾਲ ਗੋਲੀਆਂ ਚਲਾ ਕੇ ਦਰਜਨਾਂ ਮਾਸੂਮਾਂ ਅਤੇ ਹੋਰਨਾਂ ਦੀ ਹੱਤਿਆ ਕਰ ਦਿੱਤੀ।