ਪਵਿੱਤਰ ਨਦੀਆਂ ‘ਚ ਲਾਸ਼ਾਂ ਤੈਰ ਰਹੀਆਂ ਹਨ, ਪ੍ਰਧਾਨ ਮੰਤਰੀ ਸਤ੍ਹਾ ਦੇ ਨਸ਼ੇ ‘ਚ ਗਲਤਾਨ ਹੈ -ਕਾ: ਸੇਖੋਂ

ਪ੍ਰਾਈਵੇਟ ਡਾਕਟਰ ਤੇ ਐਂਬੂਲੈਂਸ ਮਾਲਕ ਲੁੱਟ ਕਰਨ ਲੱਗੇ ਹਨ

ਬਠਿੰਡਾ -ਭਾਰਤ ਦੀਆਂ ਪਵਿੱਤਰ ਮੰਨੀਆਂ ਜਾਂਦੀਆਂ ਨਦੀਆਂ ਗੰਗਾ ਜਮਨਾ ਵਿੱਚ ਮਨੁੱਖੀ ਲਾਸ਼ਾਂ ਤੈਰ ਰਹੀਆਂ ਹਨ, ਪ੍ਰਾਈਵੇਟ ਡਾਕਟਰ ਤੇ ਐਂਬੂਲੈਂਸ ਮਾਲਕ ਪੀੜ੍ਹਤਾਂ ਦੀ ਲੁੱਟ ਕਰਨ ਲੱਗੇ ਹੋਏ ਹਨ, ਪ੍ਰਧਾਨ ਮੰਤਰੀ ਸੱਤ੍ਹਾ ਦੇ ਨਸ਼ੇ ‘ਚ ਗਲਤਾਨ ਹੈ। ਇਹ ਦੋਸ਼ ਲਾਉਂਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਮੋਦੀ ਸਰਕਾਰ ਕੋਵਿਡ ਮਹਾਂਮਾਰੀ ਦੀ ਰੋਕਥਾਮ ਵਿੱਚ ਨਾਕਾਮ ਰਹਿਣ ਸਦਕਾ ਬਦਨਾਮ ਹੋ ਚੁੱਕੀ ਹੈ ।
ਅੱਜ ਇੱਥੇ ਸਾਡੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਾ: ਸੇਖੋਂ ਨੇ ਕਿਹਾ ਕਿ ਦੇਸ਼ ਦੀਆਂ ਨਦੀਆਂ ਗੰਗਾ ਤੇ ਜਮਨਾ ਨੂੰ ਬਹੁਤ ਪਵਿੱਤਰ ਮੰਨਿਆਂ ਜਾਂਦਾ ਹੈ। ਅੱਜ ਇਹਨਾਂ ਨਦੀਆਂ ਵਿੱਚ ਕੋਵਿਡ ਬੀਮਾਰੀ ਸਦਕਾ ਮੌਤ ਦੇ ਮੂੰਹ ‘ਚ ਗਏ ਮਰਦਾਂ ਔਰਤਾਂ ਦੀਆਂ ਲਾਸ਼ਾਂ ਤੈਰਦੀਆਂ ਦਿਖਾਈ ਦਿੰਦੀਆਂ ਹਨ। ਜੋ ਕੇਂਦਰ ਦੀ ਮੋਦੀ ਸਰਕਾਰ ਲਈ ਸ਼ਰਮ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਕੋਵਿਡ ਤੋਂ ਪੀੜ੍ਹਤ ਮਰੀਜਾਂ ਨੂੰ ਦਵਾਈਆਂ ਆਕਸੀਜਨ ਨਹੀਂ ਮਿਲ ਰਹੀ। ਕੇਂਦਰ ਨੇ ਜੋ ਵੈਟੀਂਲੇਟਰ ਭੇਜੇ ਹਨ ਉਹ ਬੇਕਾਰ ਪਏ ਹਨ, ਉਹ ਮਰੀਜਾਂ ਨੂੰ ਸਾਹ ਨਹੀ ਦਿਵਾ ਰਹੇ,ਪ੍ਰਾਈਵੇਟ ਡਾਕਟਰ ਸਰੇਆਮ ਲੁੱਟ ਕਰ ਰਹੇ ਹਨ। ਂਿੲਸਤੋਂ ਵੀ ਦੁਖਦਾਈ ਗੱਲ ਹੈ ਕਿ ਕੋਵਿਡ ਮਰੀਜ਼ ਦੀ ਮੌਤ ਹੋਣ ਤੇ ਐਂਬੂਲੈਂਸ ਮਾਲਕ ਮਨਮਰਜੀ ਦਾ ਕਿਰਾਇਆ ਲੈ ਕੇ ਦੁਖੀਆਂ ਨੂੰ ਲੁੱਟਣ ਲੱਗੇ ਹਨ। ਗੁੜਗਾਓ ਤੋਂ ਲੁਧਿਆਣਾ ਦਾ ਇੱਕ ਲੱਖ ਵੀਹ ਹਜ਼ਾਰ ਰੁਪਏ ਐਂਬੂਲੈਂਸ ਦਾ ਵਸੂਲਿਆ ਕਿਰਾਇਆ ਇਸ ਤੱਥ ਦਾ ਸਬੂਤ ਹੈ। ਉਹਨਾਂ ਕਿਹਾ ਕਿ ਇਹ ਸਭ ਕੁੱਝ ਮੀਡੀਆ ਰਾਹੀਂ ਸਪਸ਼ਟ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਨਾ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਠੋਸ ਕਦਮ ਚੁੱਕ ਰਹੀ ਹੈ ਅਤੇ ਨਾ ਹੀ ਲੁੱਟ ਰੋਕਣ ਲਈ ਕੋਈ ਕਾਰਵਾਈ ਕੀਤੀ ਜਾ ਰਹੀ ਹੈ।
ਕਾ: ਸੇਖੋਂ ਨੇ ਕਿਹਾ ਕਿ ਮੋਦੀ ਸਰਕਾਰ ਇੱਕ ਪਾਸੇ ਮੋਦੀ ਸਰਕਾਰ ਇਨਸਾਨੀ ਲਾਸ਼ਾਂ ਤੇ ਸਿਆਸਤ ਕਰ ਰਹੀ ਹੈ, ਦੂਜੇ ਪਾਸੇ ਵਿਰੋਧੀ ਵਿਚਾਰਾਂ ਨੂੰ ਦਬਾਉਣ ਲਈ ਦੂਜੀਆਂ ਪਾਰਟੀਆਂ ਤੇ ਅਗਾਂਹਵਧੂ ਲੋਕਾਂ ਤੇ ਹਮਲੇ ਕਰਵਾ ਕੇ ਖਤਮ ਕਰਨ ਦੀਆਂ ਸਾਜਿਸ਼ਾਂ ਰਚ ਰਹੀ ਹੈ। ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਮਾਨਕ ਸਰਕਾਰ ਤੇ ਹਮਲਾ ਭਾਜਪਾ ਤੇ ਆਰ ਐੱਸ ਐੱਸ ਦੀ ਸਾਜਿਸ਼ ਤਹਿਤ ਹੀ ਕੀਤਾ ਗਿਆ ਹੈ, ਜੋ ਖੱਬੀ ਤੇ ਵਿਗਿਆਨਕ ਸੋਚ ਤੇ ਹਮਲਾ ਹੈ। ਉਹਨਾਂ ਦੱਸਿਆ ਕਿ ਸ੍ਰੀ ਸਰਕਾਰ ਲੋਕਾਂ ਦੇ ਹਰਮਨ ਪਿਆਰੇ ਆਗੂ ਹਨ, ਜੋ ਵੀਹ ਸਾਲ ਆਪਣੇ ਰਾਜ ਦੇ ਮੁੱਖ ਮੰਤਰੀ ਰਹੇ, ਸੀ ਪੀ ਆਈ ਐੱਮ ਦੇ ਪੋਲਿਟ ਬਿਓਰੋ ਮੈਂਬਰ ਹਨ ਅਤੇ ਹੁਣ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ। ਉਹਨਾਂ ਦੱਸਿਆ ਕਿ ਇਹਨਾਂ ਅਹੁਦਿਆਂ ਤੇ ਰਹਿਣ ਦੇ ਬਾਵਜੂਦ ਅੱਜ ਵੀ ਉਹਨਾਂ ਦਾ ਆਪਣਾ ਨਿੱਜੀ ਕੋਈ ਮਕਾਨ ਨਹੀਂ ਹੈ, ਉਹ ਪਾਰਟੀ ਦਫ਼ਤਰ ਦੇ ਕਮਰੇ ਵਿੱਚ ਰਹਿ ਕੇ ਜੀਵਨ ਬਸਰ ਕਰ ਰਹੇ ਹਨ। ਉਹਨਾਂ ਕਿਹਾ ਅਜਿਹੇ ਸੱਚੇ ਸੁੱਚੇ ਕਮਿਊਨਿਟ ਆਗੂ ਨੂੰ ਖਤਮ ਕਰਨ ਲਈ ਹਮਲਾ ਕੀਤਾ ਗਿਆ, ਸੁਰੱਖਿਆ ਕਰਮੀਆਂ ਨੇ ਭਾਵੇਂ ਉਹਨਾਂ ਬਚਾਅ ਲਿਆ, ਪਰ ਉਹਨਾਂ ਦੇ ਕਈ ਸਾਥੀ ਫੱਟੜ ਹੋ ਗਏ। ਉਹਨਾਂ ਕਿਹਾ ਕਿ ਬੁੱਧੀਜੀਵੀਆਂ ਤੇ ਕਮਿਉਨਿਸਟਾਂ ਦੇ ਕੀਤੇ ਹਮਲੇ ਭਾਜਪਾ ਦੀਆਂ ਜੜ੍ਹਾਂ ਹਿਲਾਉਣ ਲਈ ਸਹਾਈ ਹੋਣਗੇ।
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੇ ਵਰ੍ਹਦਿਆਂ ਸੂਬਾ ਸਕੱਤਰ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਵਾਰ, ਨਸ਼ੇ ਤੇ ਅਪਰਾਧ ਰੋਕਣ ਵਿੱਚ ਰਾਜ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਬੀਤੇ ਦਿਨੀਂ ਜਗਰਾਓ ਵਿਖੇ ਗੈਂਗਸਟਰਾਂ ਵੱਲੋਂ ਦੋ ਥਾਨੇਦਾਰਾਂ ਨੂੰ ਸਰੇਆਮ ਗੋਲੀਆਂ ਮਾਰ ਕੇ ਮਾਰਨ ਦੀ ਘਟਨਾ ਨੇ ਸਾਬਤ ਕਰ ਦਿੱਤਾ ਕਿ ਜੇ ਪੰਜਾਬ ਵਿੱਚ ਪੁਲਿਸ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕ ਕੀ ਉਮੀਦ ਰੱਖ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦੀ ਕੈਪਟਨ ਸਰਕਾਰ ਅਮਨ ਕਾਨੂੰਨ ਦੀ ਰਾਖੀ ਲਈ ਸੁਹਿਰਦ ਹੈ ਤਾਂ ਗੈਂਗਸਟਰਾਂ ਤੇ ਨਸ਼ਿਆਂ ਦੇ ਵੱਡੇ ਵਪਾਰੀਆਂ ਨੂੰ ਫੜ ਕੇ ਜੇਲ੍ਹਾਂ ਵਿੱਚ ਸੁੱਟੇ।
ਇਸ ਉਪਰੰਤ ਜਿਲ੍ਹਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾ: ਸੇਖੋਂ ਨੇ ਕਿਹਾ ਕਿ ਸ੍ਰੀ ਮਾਨਕ ਸਰਕਾਰ ਤੇ ਕੀਤੇ ਹਮਲੇ ਦੀ ਜੁਡੀਸੀਅਲ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਨੂੰ ਫੜ ਕੇ ਕਟਹਿਰੇ ਵਿੱਚ ਖੜਾ ਕੀਤਾ ਜਾਵੇ। ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਕਰਕੇ ਕਿਸਾਨ ਅੰਦੋਲਨ ਖਤਮ ਕਰਵਾਇਆ ਜਾਵੇ, ਜਿਸ ਵਿੱਚ ਹੁਣ ਤੱਕ 4 ਸੌ ਕਿਸਾਨ ਸਹੀਦ ਹੋ ਚੁੱਕੇ ਹਨ। ਮੀਟਿੰਗ ਨੂੰ ਕਾ: ਗੁਰਦੇਵ ਸਿੰਘ ਬਾਂਡੀ ਜਿਲ੍ਹਾ ਸਕੱਤਰ, ਕੁਲਜੀਤਪਾਲ ਸਿੰਘ ਭੁੱਲਰ ਨੇ ਵੀ ਸੰਬੋਧਨ ਕੀਤਾ, ਇਸ ਮੌਕੇ ਹੋਰਨਾ ਤੋਂ ਇਲਾਵਾ ਸਰਵ ਸ੍ਰੀ ਮੇਘ ਨਾਥ, ਗੁਰਚਰਨ ਸਿੰਘ ਚੌਹਾਨ, ਹਰਮਿੰਦਰ ਸਿੰਘ ਢਿੱਲੋਂ, ਹਰਦੇਵ ਸਿੰਘ ਜੰਡਾਂਵਾਲਾ, ਬਲਕਾਰ ਸਿੰਘ ਆਦਿ ਵੀ ਹਾਜਰ ਸਨ।

Install Punjabi Akhbar App

Install
×