ਦੋ ਦਿਨਾਂ ਤੋਂ ਲਾਪਤਾ ਵਿਅਕਤੀ ਦੀ ਭਾਲ਼ ਵਿੱਚ ਮੈਲਬੋਰਨ ਪੁਲਿਸ, ਯਾਰਾ ਨਦੀ ਵਿੱਚੋਂ ਇੱਕ ਮ੍ਰਿਤਕ ਦੇਹ ਬਰਾਮਦ

ਬੀਤੇ ਦਿਨ, ਜਨਵਰੀ 14 ਨੂੰ ਕੁੱਝ ਦੋਸਤ ਟਰੂਨਾ ਰਿਜ਼ਰਵ (ਵਾਰਨਡਾਈਟ) ਵਿਖੇ ਸ਼ੁਗਲ ਕਰ ਰਹੇ ਸਨ ਕਿ ਇਨ੍ਹਾਂ ਵਿੱਚੋਂ ਇੱਕ 39 ਸਾਲਾਂ ਦਾ ਵਿਅਕਤੀ ਨਦੀ ਦੇ ਨਾਲ ਨਾਲ ਹੀ ਸੈਰ ਕਰਦਾ ਕਿਤੇ ਲੰਘ ਗਿਆ ਅਤੇ ਲਾਪਤਾ ਹੋ ਗਿਆ।
ਪੁਲਿਸ ਉਸ ਦੀ ਭਾਲ਼ ਕਰ ਰਹੀ ਸੀ ਕਿ ਯਾਰਾ ਨਦੀ ਵਿੱਚੋਂ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਬਰਾਮਦ ਹੋਈ। ਹਾਲਾਂਕਿ ਹਾਲੇ ਤੱਕ ਇਸ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ ਪਰੰਤੂ ਪੁਲਿਸ ਦਾ ਮੰਨਣਾ ਹੈ ਕਿ ਉਕਤ ਬਰਾਮਦ ਕੀਤੀ ਗਈ ਮ੍ਰਿਤਕ ਦੇਹ ਉਸੀ ਵਿਅਕਤੀ ਦੀ ਹੋ ਸਕਦੀ ਹੈ ਜੋ ਕਿ ਸ਼ਨਿਚਰਵਾਰ ਨੂੰ ਲਾਪਤਾ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ ਵਿਕਟੌਰੀਆ ਪੁਲਿਸ ਨੇ ਲਾਪਤਾ ਵਿਅਕਤੀ ਦੀ ਭਾਲ਼ ਵਾਸਤੇ ਏਅਰ ਵਿੰਗ ਅਤੇ ਗੋਤਾਖੋਰਾਂ ਦੀ ਸਹਾਇਤਾ ਵੀ ਲਈ ਸੀ।
ਪੁਲਿਸ ਇਸ ਮਾਮਲੇ ਬਾਬਤ ਰਿਪੋਰਟ ਤਿਆਰ ਕਰ ਰਹੀ ਹੈ ਅਤੇ ਜਲਦੀ ਹੀ ਰਿਪੋਰਟ ਨੂੰ ਕੋਰੋਨਰ ਨੂੰ ਸੌਂਪ ਦਿੱਤਾ ਜਾਵੇਗਾ।