ਨਿਊਜ਼ੀਲੈਂਡ ‘ਚ ਪੰਜਾਬੀ ਦਾ ਕਤਲ: ਪਾਪਾਟੋਏਟੋਏ ਵਿਖੇ ਆਪਣੀ ਪਤਨੀ ਨਾਲ ਜਾ ਰਹੇ ਪੰਜਾਬੀ ਨੌਜਵਾਨ ਦਵਿੰਦਰ ਸਿੰਘ ਦੀ ਚਾਕੂ ਮਾਰ ਕੇ ਹੱਤਿਆ

DAVINDER SINGH murdered in nz 140808– ਆਪਣਿਆਂ ਦੇ ਉਤੇ ਹੀ ਘੁੰਮ ਰਹੀ ਹੈ ਸ਼ੰਕੇ ਦੀ ਸੂਈ
– ਪਤਨੀ ਨੂੰ ਪਿੱਕ-ਅਪ ਕਰਕੇ ਪਰਤ ਰਹੇ ਨੇ ਰਸਤੇ ਵਿਚ ਰੋਕੀ ਸੀ ਕਾਰ
– ਕਈ ਸਾਲਾਂ ਤੋਂ ਰਹਿ ਰਿਹਾ ਸੀ ਨਿਊਜ਼ੀਲੈਂਡ – ਇੰਡੀਆ ਭੇਜਿਆ ਜਾਵੇਗਾ ਮ੍ਰਿਤਕ ਸਰੀਰ
– ਪੁਲਿਸ ਨੂੰ ਦਵਿੰਦਰ ਸਿੰਘ ਦੀ ਇਕ ਨਿੱਜੀ ਵਸਤੂ ਕੈਂਡਰਿਨ ਰੋਡ ਦੇ ਇਕ ਘਰ ਵਿਚੋਂ ਮਿਲੀ
– 20 ਪੁਲਿਸ ਅਫਸਰਾਂ ਦੀ ਟੀਮ ਲੱਗੀ ਜਾਂਚਪੜ੍ਹਾਤਲ ਵਿਚ- ਲਾਗੇ ਦੇ ਰੱਬਿੱਸ਼ ਬਿਨ ਵੀ ਖੰਗਾਲੇ ਗਏ

ਔਕਲੈਂਡ- 8 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਭਾਰਤੀ ਮੂਲ ਦੇ ਲੋਕਾਂ ਨੂੰ ਲੁੱਟ ਅਤੇ ਜਾਨੋਂ ਮਾਰਨ ਲਈ ਸ਼ਿਕਾਰ ਬਣਾਇਆ ਜਾ ਰਿਹਾ ਹੈ। ਬੀਤੀ ਰਾਤ ਇਕ 35 ਸਾਲਾ ਨੌਜਵਾਨ ਦਵਿੰਦਰ ਸਿੰਘ ਜੋ ਕਿ ਇਕ ਪੈਟਰੋਲ ਸਟੇਸ਼ਨ ਉਤੇ ਕੰਮ ਕਰਦਾ ਸੀ, ਬੀਤੀ ਰਾਤ 7.45 ਵਜੇ ਆਪਣੀ ਪਤਨੀ ਨੂੰ ਕੰਮ ਤੋਂ ਪਿੱਕ-ਅਪ ਕਰਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਉਸਦੀ ਪਤਨੀ ਨੇ ਕਿਸੀ ਹੋਰ ਦੁਕਾਨ ਉਤੇ ਵੀ ਜਾਣ ਦੀ ਗੱਲ ਕੀਤਾ ਅਤੇ ਪੀਜ਼ਾ ਖਰੀਦਣ ਦੀ ਵੀ ਗੱਲ ਕੀਤੀ। ਦਵਿੰਦਰ ਸਿੰਘ ਨੇ ਇਸ ਕਰਕੇ ਕਾਰ ਰੋਕ ਲਈ ਕਿ ਸਲਾਹ ਕਰ ਲਈ ਜਾਵੇ ਕਿ ਪਹਿਲਾਂ ਕਿਹੜੇ ਪਾਸੇ ਜਾਣਾ ਹੈ। ਐਨੀ ਦੇਰ ਨੂੰ ਕਾਰ ਦਾ ਸ਼ੀਸ਼ਾ ਖੁੱਲ੍ਹਾ ਵੇਖ ਕੇ ਇਕ ਲੁਟੇਰੇ ਨੇ ਪਹਿਲਾਂ ਪੈਸੇ ਮੰਗੇ ਅਤੇ ਫਿਰ ਮੋਬਾਇਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਪਤਾ ਲੱਗਾ ਹੈ ਕਿ ਘਟਨਾ ਵੇਲੇ ਦਵਿੰਦਰ ਸਿੰਘ ਨੇ ਲੁਟੇਰੇ ਦੀ ਬਾਂਹ ਫੜ ਲਈ ਸੀ ਜਿਸ ਦੇ ਚਲਦੇ ਉਸਨੇ ਪਲਟ ਵਾਰ ਕਰਦਿਆਂ ਚਾਕੂ ਨਾਲ ਉਸਦਾ ਗਲਾ ਕੱਟ ਦਿੱਤਾ। ਮੌਕੇ ‘ਤੇ ਮੌਜੂਦ ਪਤਨੀ ਨੇ ਬਚਾਉਣ ਦੀ ਕੋਸ਼ਿਸ ਕੀਤੀ ਪਰ ਉਹ ਕਾਰਾ ਕਰਕੇ ਭੱਜਣ ਵਿਚ ਸਫਲ ਹੋ ਗਿਆ। ਪੁਲਿਸ ਅਤੇ ਐਂਬੂਲੈਂਸ ਨੂੰ ਤੁਰੰਤ ਸੂਚਿਤ ਕੀਤਾ ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਪਰਿਵਾਰਕ ਮੈਂਬਰ ਪਹੁੰਚ ਗਏ ਸਨ। ਉਸ ਸਮੇਂ ਦਵਿੰਦਰ ਸਿੰਘ ਆਖਰੀ ਸਾਹ ਲੈ ਰਿਹਾ ਸੀ ਅਤੇ ਐਂਬੂਲੈਂਸ ਸਟਾਫ ਆ ਕੇ ਉਸਨੂੰ ਬਚਾ ਨਹੀਂ ਸਕਿਆ। ਦਵਿੰਦਰ ਸਿੰਘ ਪਿਛਲੇ 5-6 ਸਾਲ ਤੋਂ ਇਥੇ ਰਹਿ ਰਿਹਾ ਸੀ। ਮੂਲ ਰੂਪ ਵਿਚ ਇਹ ਪਰਿਵਾਰ ਪੰਜਾਬੀ ਹੈ ਅਤੇ ਇਸ ਵੇਲੇ ਗੰਗਾਨਗਰ ਰਾਜਸਥਾਨ ਵਿਖੇ ਰਹਿ ਰਿਹਾ ਸੀ। ਪਤਨੀ ਅਮਨਦੀਪ ਕੌਰ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿਚ ਛੁੱਟੀ ਦਿੱਤੀ ਗਈ। ਇਸ ਜੋੜੇ ਦਾ ਇਕ 10 ਕੁ ਸਾਲਾ ਬੇਟਾ ਵੀ ਹੈ ਜੋ ਕਿ ਇੰਡੀਆ ਪੜ੍ਹਨ ਲਾਇਆ ਹੋਇਆ ਹੈ। 

ਘਟਨਾ ਦੇ ਵਿਚ ਨਵਾਂ ਮੋੜ: ਜਾਣਕਾਰੀ ਮਿਲੀ ਹੈ ਕਿ ਇਸ ਕਤਲ ਕੇਸ ਦੇ ਵਿਚ ਦਵਿੰਦਰ ਸਿੰਘ ਦੇ ਆਪਣਿਆਂ ਦੇ ਉਤੇ ਹੀ ਸ਼ੱਕ ਦੀ ਸੂਈ ਘੁੰਮ ਰਹੀ ਹੈ। ਜਿਸ ਨੇ ਕਤਲ ਕੀਤਾ ਹੈ ਪਤਾ ਲੱਗਾ ਹੈ ਕਿ ਉਹ ਦਵਿੰਦਰ ਸਿੰਘ ਦੀ ਪਤਨੀ ਨੂੰ ਜਾਣਦਾ ਸੀ। ਇਸ ਸਾਰੀ ਘਟਨਾ ਬਾਰੇ ਕੱਲ੍ਹ ਸੱਚ ਸਾਹਮਣੇ ਆਉਣ ਦੀ ਸੰਭਾਵਨਾ ਹੈ।

ਸੁਪਰੀਮ ਸਿੱਖ ਸੁਸਾਇਟੀ ਵੱਲੋਂ ਦੁੱਖ ਪ੍ਰਗਟ: ਸੁਸਾਇਟੀ ਵੱਲੋਂ ਜਿੱਥੇ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿਚ ਨਿਖੇਧੀ ਕੀਤੀ ਗਈ ਹੈ ਉਥੇ ਪਰਿਵਾਰ ਨੂੰ ਸੁਸਾਇਟੀ ਵੱਲੋਂ ਪੂਰਾ ਸਹਿਯੋਗ ਅਤੇ ਮਦਦ ਦੇਣ ਦਾ ਵਾਅਦਾ ਕੀਤਾ ਗਿਆ ਹੈ। ਸੁਸਾਇਟੀ ਵੱਲੋਂ ਸ. ਦਸਲਜੀਤ ਸਿੰਘ ਉਸਦੇ ਪਰਿਵਾਰ ਨੂੰ ਮਿਲੇ ਅਤੇ ਘਟਨਾ ਸਬੰਧੀ ਜਾਣਕਾਰੀ ਲਈ। ਉਨ੍ਹਾਂ ਉਸਦੇ ਮ੍ਰਿਤਕ ਸਰੀਰ ਨੂੰ ਇੰਡੀਆ ਭੇਜਣ ਵਾਸਤੇ ਵੀ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।

ਕਾਂਗਰਸ ਇਕਾਈ ਨਿਊਜ਼ੀਲੈਂਡ ਵੱਲੋਂ ਅਫਸੋਸ ਪ੍ਰਗਟ: ਇੰਡੀਅਨ ਕਾਂਗਰਸ ਨਿਊਜ਼ੀਲੈਂਡ ਇਕਾਈ ਦੇ ਪ੍ਰਧਾਨ ਹਰਮਿੰਦਰ ਪ੍ਰਤਾਪ ਸਿੰਘ ਚੀਮਾ (ਆਸਟਰੇਲੀਆ) ਨੇ ਇਸ ਘਟਨਾ ਉਤੇ ਨਿੱਜੀ ਤੌਰ ਅਤੇ ਪਾਰਟੀ ਤੌਰ ‘ਤੇ ਗਹਿਰਾ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਦਵਿੰਦਰ ਸਿੰਘ ਉਨ੍ਹਾਂ ਦਾ ਚੰਗਾ ਦੋਸਤ ਸੀ ਤੇ ਉਨ੍ਹਾਂ ਨਾਲ ਪਰਿਵਾਰਕ ਸਾਂਝ ਸੀ। ਨਿਊਜ਼ੀਲੈਂਡ ਦੇ ਵਿਚ ਵਧਦੀਆਂ ਕਤਲ ਦੀਆਂ ਘਟਨਾਵਾਂ ਉਤੇ ਉਨ੍ਹਾਂ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਥੇ ਵਸ ਰਹੀਆਂ ਘੱਟ ਗਿਣਤੀ ਕੌਮਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਦੋਸ਼ੀਆਂ ਨੂੰ ਫੜ ਕੇ ਸਖਤ ਸਜ਼ਾ ਦਿੱਤੀ ਜਾਵੇ।

ਯੂਥ ਕਾਂਗਰਸ ਇਕਾਈ ਨਿਊਜ਼ੀਲੈਂਡ ਵੱਲੋਂ ਵੀ ਅਫਸੋਸ ਪ੍ਰਗਟ: ਯੂਥ ਕਾਂਗਰਸ ਇਕਾਈ ਨਿਊਜ਼ੀਲੈਂਡ ਤੋਂ ਪ੍ਰਧਾਨ ਅਮਰੀਕ ਸਿੰਘ ਸੰਘਾ ਅਤੇ ਸਾਰੇ ਅਹੁਦੇਦਾਰ/ਮੈਂਬਰਾਂ ਨੇ ਵੀ ਪੰਜਾਬੀ ਨੌਜਵਾਨ ਦਵਿੰਦਰ ਸਿੰਘ ਦੇ ਕੀਤੇ ਗਏ ਕਤਲ ਉਤੇ ਗਹਿਰਾ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਹਰ ਪੱਖੋਂ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਹੈ।

ਸੁਪਰੀਮ ਸਿੱਖ ਸੁਸਾਇਟੀ ਦੇ ਕੀਤੇ ਗਏ ਉਪਰਾਲੇ ਤੋਂ ਬਾਅਦ ਲੇਬਰ ਪਾਰਟੀ ਦੇ ਕਈ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਫਿੱਲ ਗੌਫ, ਪੁਲਿਸ ਮੰਤਰੀ ਅਤੇ ਨੈਸ਼ਨਲ ਪਾਰਟੀ ਤੋਂ ਸਾਂਸਦ ਕੰਵਲਜੀਤ ਸਿੰਘ ਬਖਸ਼ੀ ਪਹੁੰਚੇ ਅਤੇ ਉਨ੍ਹਾਂ ਇਸ ਘਟਨਾ ਦਾ ਸੱਚ ਸਾਹਮਣੇ ਲਿਆਉਣ ਦਾ ਵਾਅਦਾ ਕੀਤਾ।

Install Punjabi Akhbar App

Install
×