(ਫਰੀਦਕੋਟ):- ਨੇੜਲੇ ਮੋਰਾਂਵਾਲੀ ‘ਚ ਪੰਜਾਬੀ ਲੈਕਚਰਾਰ ਵਜੋਂ ਸੇਵਾ ਨਿਭਾਅ ਰਹੇ ਡਾ. ਦੇਵਿੰਦਰ ਸੈਫ਼ੀ ਨੂੰ ਸਵਾਮੀ ਵਿਵੇਕਾਨੰਦ ਵਿੱਦਿਆ ਪੁਰਸਕਾਰ ਨਾਲ ਸਨਮਾਨਿਆ ਗਿਆ। ਇਹ ਪੁਰਸਕਾਰ ਉਦਾਸੀਨ ਆਸ਼ਰਮ ਇਮਾਮਗੜ੍ਹ ਦੇ ਮੁਖੀ ਮਹੰਤ ਹਰਪਾਲ ਦਾਸ, ਚੇਅਰਮੈਨ ਵਿਸ਼ਵ ਵਿਰਾਸਤ ਕਲਾ ਕੇਂਦਰ, ਚੰਡੀਗੜ੍ਹ ਅਤੇ ਉਹਨਾਂ ਦੀ ਕਮੇਟੀ ਵੱਲੋਂ ਪ੍ਰਦਾਨ ਕੀਤਾ ਗਿਆ। ਇਸ ਪੁਰਸਕਾਰ ‘ਚ ਸਨਮਾਨ ਚਿੰਨ, ਮਾਣ ਪੱਤਰ, ਸਿਰੋਪਾਉ ਅਤੇ ਸਨਮਾਨ-ਰਾਸ਼ੀ ਦਿੱਤੇ ਗਏ। ਇਸ ਮੌਕੇ ਮਹੰਤ ਹਰਪਾਲ ਦਾਸ ਨੇ ਜੁੜੀ ਹੋਈ ਸੰਗਤ ਨੂੰ ਦੱਸਿਆ ਕਿ ਸਿੱਖਿਆ ਅਣਮੋਲ ਧਨ ਹੈ ਪਰ ਇਸ ਧਨ ਨੂੰ ਸਹੀ ਢੰਗ ਨਾਲ ਹਾਸਲ ਕਰਨਾ ਅਤੇ ਵੰਡਣਾ ਕਿਸੇ ਵਿਰਲੇ ਦੇ ਹਿੱਸੇ ਹੀ ਆਉਂਦਾ ਹੈ। ਉਹਨਾਂ ਡਾ. ਸੈਫ਼ੀ ਦੀ ਸਿੱਖਿਆ ਸਬੰਧੀ ਭਾਵਨਾ ਅਤੇ ਕਾਰਜਾਂ ਨੂੰ ਗਿਣਾਉਂਦਿਆਂ ਦੱਸਿਆ ਕਿ ਇਹਨਾਂ ਨੇ ਸਿੱਖਿਆ-ਸੇਵਾ ਦੇ ਨਾਲ-ਨਾਲ ਉੱਚੇ ਪੱਧਰ ਦੀਆਂ ਲਿਖਤਾਂ ਲਿਖ ਕੇ ਵੀ ਵੱਡਾ ਯੋਗਦਾਨ ਪਾਇਆ ਹੈ। ਇਸੇ ਲਈ ਸਵਾਮੀ ਵਿਵੇਕਾਨੰਦ ਜਿਹੇ ਮਹਾਂਪੁਰਸ਼ ਦੇ ਨਾਮ ‘ਤੇ ਇਹ ਪੁਰਸਕਾਰ ਪ੍ਰਦਾਨ ਕਰ ਰਹੇ ਹਾਂ। ਇਹ ਪੁਰਸਕਾਰ ਸੰਤ ਰਾਮਾਨੰਦ ਦੀ ਬਰਸੀ-ਸਮਾਗਮਾਂ ਦੌਰਾਨ ਦਿੱਤਾ ਗਿਆ। ਜਿਸ ‘ਚ ਉਚੇਚੇ ਤੌਰ ‘ਤੇ ਸ਼ਾਮਲ ਹੋਏ ਬਾਬਾ ਅਮਰੀਕ ਸਿੰਘ ਪੁੜੈਣ ਵਾਲੇ, ਬਾਬਾ ਹਰੀ ਸਿੰਘ ਨਾਨਕਸਰ, ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ, ਕੇ.ਐੱਸ. ਗਰੁੱਪ ਦੇ ਐੱਮ.ਡੀ. ਇੰਦਰਜੀਤ ਸਿੰਘ ਮੁੰਡੇ ਅਤੇ ਗੁਰਬਖਸ਼ ਸਿੰਘ ਧੂਰੀ ਨੇ ਡਾ. ਸੈਫੀ ਨੂੰ ਵਧਾਈ ਦਿੰਦਿਆਂ ਇਮਾਮਗੜ ਡੇਰੇ ਦੁਆਰਾ ਅਧਿਆਪਕਾਂ ਦੇ ਸਤਿਕਾਰ ਹਿਤ ਸ਼ੁਰੂ ਕੀਤੇ ਇਸ ਵਿਲੱਖਣ ਪੁਰਸਕਾਰ ਲਈ ਬਾਬਾ ਹਰਪਾਲ ਦਾਸ ਦੀ ਉਸਾਰੂ ਸੋਚ ਦੀ ਮਹਿਮਾ ਕੀਤੀ। ਡੇਰੇ ਦੇ ਮੀਡੀਆ ਸਲਾਹਕਾਰ ਮਨਦੀਪ ਸਿੰਘ ਖੁਰਦ ਨੇ ਡੇਰੇ ਵੱਲੋਂ ਸਾਹਿਤਕਾਰਾਂ ਨੂੰ ਦਿੱਤੇ ਜਾਂਦੇ ਮਾਣ ਸਤਿਕਾਰ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਸੈਫ਼ੀ ਨੇ ਆਪਣੇ ਸਿੱਖਿਆ ਬਾਰੇ ਵਿਚਾਰ ਸਾਂਝੇ ਕਰਦਿਆਂ ਆਪਣੀਆਂ ਕਵਿਤਾਵਾਂ ਵੀ ਪੇਸ਼ ਕੀਤੀਆਂ। ਫਰੀਦਕੋਟ ਇਲਾਕੇ ਦੀਆਂ ਵਿੱਦਿਅਕ ਸ਼ਖ਼ਸ਼ੀਅਤਾਂ, ਸਮਾਜਸੇਵੀਆਂ, ਸਾਹਿਤਕ ਅਤੇ ਵਾਤਾਵਰਣ ਪ੍ਰੇਮੀਆਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਇਮਾਮਗੜ੍ਹ ਡੇਰੇ ਦੀ ਇਸ ਵਿਸ਼ੇਸ਼ ਪ੍ਰਥਾ ਦੇ ਸੰਚਾਲਕਾਂ ਅਤੇ ਡਾ. ਸੈਫ਼ੀ ਨੂੰ ਵਿਸ਼ੇਸ਼ ਵਧਾਈ ਦਿੱਤੀ।