ਫ਼ਖ਼ਰ-ਏ-ਕੌਮ ਗਿਆਨੀ ਦਿੱਤ ਸਿੰਘ ਐਵਾਰਡ ਲਈ ਡਾ. ਦੇਵਿੰਦਰ ਸੈਫੀ ਦੀ ਚੋਣ

(ਫਰੀਦਕੋਟ) :- ਗਿਆਨੀ ਦਿੱਤ ਸਿੰਘ ਮੈਮੋਰੀਅਲ ਅੰਤਰਰਾਸ਼ਟਰੀ ਸੁਸਾਇਟੀ ਅਤੇ ਅਦਾਰਾ ਭਾਈ ਦਿੱਤ ਸਿੰਘ ਪੱਤ੍ਰਿਕਾ ਵਲੋਂ ਦਿੱਤੇ ਜਾਣ ਵਾਲੇ ਫਖਰ-ਏ-ਕੌਮ ਗਿਆਨੀ ਦਿੱਤ ਸਿੰਘ ਐਵਾਰਡ ਲਈ ਇਸ ਵਾਰ ਫਰੀਦਕੋਟ ਜ਼ਿਲ੍ਹੇ ਦੇ ਮੋਰਾਂਵਾਲੀ ਪਿੰਡ ਦੇ ਰਹਿਣ ਵਾਲੇ ਡਾ. ਦੇਵਿੰਦਰ ਸੈਫੀ ਦੀ ਚੋਣ ਕੀਤੀ ਗਈ ਹੈ। ਇਹ ਐਵਾਰਡ ਹੁਣ ਤਕ ਉੱਘੇ ਧਰਮ ਗਿਆਤਾ ਡਾ. ਇੰਦਰਜੀਤ ਸਿੰਘ ਗੋਗੋਆਣੀ, ਉੱਘੇ ਵਾਰਤਕਕਾਰ ਕਰਨੈਲ ਸਿੰਘ ਸੋਮਲ, ਉੱਘੇ ਪ੍ਰਚਾਰਕ ਜਥੇਦਾਰ ਬਖਸ਼ੀਸ਼ ਸਿੰਘ ਕਨੌੜ ਆਦਿ ਸ਼ਖਸ਼ੀਅਤਾਂ ਨੂੰ ਦਿੱਤਾ ਜਾ ਚੁੱਕਾ ਹੈ। ਇਹ ਐਵਾਰਡ ਸਿੱਖ ਧਰਮ ਅਤੇ ਪੰਜਾਬੀ ਦਰਸ਼ਨ ਦੇ ਵੱਡੇ ਗਿਆਤਾ ਗਿਆਨੀ ਦਿੱਤ ਦੇ ਜਨਮ ਦਿਹਾੜੇ ‘ਤੇ 21 ਅਪ੍ਰੈਲ ਨੂੰ ਉਹਨਾਂ ਦੀ ਯਾਦ ‘ਚ ਵਿਸ਼ੇਸ਼ ਸਮਾਗਮ ਕਰਕੇ ਦਿੱਤਾ ਜਾਂਦਾ ਹੈ। ਵਰਣਨ ਯੋਗ ਹੈ ਕਿ ਗਿਆਨੀ ਜੀ ਨੇ ਸਵਾਮੀ ਦਯਾਨੰਦ ਸਰਸਵਤੀ ਜਿਹੇ ਪ੍ਰਚੰਡ ਪ੍ਰਚਾਰਕ ਨੂੰ ਆਪਣੇ ਗਿਆਨ ਤੇ ਤਰਕ ਨਾਲ ਲੋਹਾ ਮੰਨਵਾਇਆ ਸੀ। ਪਖੰਡਾਂ ਦਾ ਪਰਦਾਫਾਸ਼ ਕੀਤਾ ਸੀ। ਡਾ. ਸੈਫੀ ਦੀਆਂ ਪੰਜਾਬੀ ਭਾਸ਼ਾ, ਸਾਹਿਤ, ਸਿੱਖਿਆ, ਚਿੰਤਨ, ਤਰਕ ਭਰਪੂਰ ਗੋਸ਼ਟੀਆਂ ਅਤੇ ਦਲਿਤ ਸਮਾਜ ਪ੍ਰਤੀ ਕੀਤੇ ਗਏ ਕਾਰਜਾਂ ਨੂੰ ਵਿਚਾਰਦਿਆਂ, ਇਸ ਐਵਾਰਡ ਲਈ ਉਹਨਾਂ ਦੀ ਚੋਣ ਕੀਤੀ ਗਈ ਹੈ। ਇਸ ਚੋਣ ਉੱਪਰ ਖੁਸ਼ੀ ਜਾਹਰ ਕਰਦਿਆਂ ਕੈਨੇਡਾ ਤੋਂ ਸ਼ੇਰੇ ਪੰਜਾਬ ਰੇਡੀਓ, ਟੀ.ਵੀ. ਦੇ ਸੰਚਾਲਕ ਕੁਲਦੀਪ ਸਿੰਘ ਨੇ ਵੱਖ-ਵੱਖ ਦੇਸ਼ਾਂ ‘ਚ ਚਲਾਈਆਂ ਜਾ ਰਹੀਆਂ ਪੰਜਾਬੀ ਪਸਾਰ ਭਾਈਚਾਰੇ ਦੀਆਂ ਇਕਾਈਆਂ ਵਲੋਂ ਵਿਸ਼ੇਸ਼ ਵਧਾਈ ਭੇਜਦਿਆਂ ਫਖਰ-ਏ-ਕੌਮ ਦੇ ਸੰਕਲਪ ਅਤੇ ਇਤਿਹਾਸ ਸਬੰਧੀ ਆਪਣੇ ਰੇਡੀਓ ਅਤੇ ਟੈਲੀਵਿਜਨ ਉੱਪਰ ਵਿਚਾਰ ਪ੍ਰੋਗਰਾਮ ਨਿਰਧਾਰਤ ਕੀਤਾ ਹੈ।

Install Punjabi Akhbar App

Install
×