ਡਾ. ਦੇਵਿੰਦਰ ਸੈਫ਼ੀ ‘ਫ਼ਖ਼ਰ-ਏ-ਕੌਮ’ ਪੰਥ ਰਤਨ ਗਿਆਨੀ ਦਿੱਤ ਸਿੰਘ ਐਵਾਰਡ ਨਾਲ ਸਨਮਾਨਿਤ

(ਫਰੀਦਕੋਟ) :- ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮੋਰਾਂਵਾਲੀ ਵਿਖੇ ਰਹਿ ਰਹੇ ਡਾ. ਦੇਵਿੰਦਰ ਸੈਫ਼ੀ ਨੂੰ ‘ਫ਼ਖ਼ਰ-ਏ-ਕੌਮ’ ਪੰਥ ਰਤਨ ਗਿਆਨੀ ਦਿੱਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਕਤ ਐਵਾਰਡ ‘ਚ ਮਾਣ ਪੱਤਰ, ਸਨਮਾਨ ਚਿੰਨ੍ਹ, ਗਿਆਨੀ ਦਿੱਤ ਸਿੰਘ ਸਵਰੂਪ, ਸ਼ਾਲ, ਸਿਰੋਪਾਓ ਅਤੇ ਅਨਮੋਲ ਪੁਸਤਕਾਂ ਵੀ ਸ਼ਾਮਲ ਸਨ, ਗਿਆਨੀ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਉਹਨਾਂ ਦੀ ਯਾਦ ‘ਚ ਬਣੇ ਗੁਰਦਵਾਰਾ ਸਾਹਿਬ, ਨੰਦਪੁਰ ਕਲੌੜ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਵੀ ਕਰਵਾਇਆ ਗਿਆ। ਗਿਆਨੀ ਦਿੱਤ ਸਿੰਘ ਮੈਮੋਰੀਅਲ ਅੰਤਰਰਾਸ਼ਟਰੀ ਸੁਸਾਇਟੀ ਅਤੇ ਅਦਾਰਾ ਭਾਈ ਦਿੱਤ ਸਿੰਘ ਪੱਤ੍ਰਿਕਾ ਦੇ ਮੁੱਖ ਸੰਚਾਲਕਾਂ ਪ੍ਰਿੰਸੀਪਲ ਨਸੀਬ ਸਿੰਘ ਸੇਵਕ, ਜਸਪਾਲ ਸਿੰਘ ਕਲੌੜ ਅਤੇ ਜਸਪਾਲ ਸਿੰਘ ਕੰਵਲ ਨੇ ਦੱਸਿਆ ਕਿ ਡਾ. ਸੈਫ਼ੀ ਦੀਆਂ ਧਾਰਮਿਕ ਪਖੰਡਾਂ, ਪੁਜਾਰੀਵਾਦ, ਜਾਤੀਵਾਦ ਖ਼ਿਲਾਫ਼ ਬੇਬਾਕ ਲਿਖ਼ਤਾਂ, ਭਾਸ਼ਣ ਅਤੇ ਸਿੱਖਿਆ ਕਾਰਜ ਗਿਆਨੀ ਜੀ ਦੀ ਸੋਚ ਅਤੇ ਭਾਵਨਾ ਨੂੰ ਪ੍ਰਫੁੱਲਿਤ ਕਰਨ ਵਾਲੇ ਹਨ। ਸਾਬਕਾ ਜਥੇਦਾਰ ਤਖ਼ਤ ਕੇਸਗੜ੍ਹ ਸਾਹਿਬ ਗਿਆਨੀ ਕੇਵਲ ਸਿੰਘ, ਇੰਗਲੈਂਡ ਤੋਂ ਗੁਰਮੀਤ ਸਿੰਘ ਗੌਰਵ (ਸਿੱਖ ਪ੍ਰਚਾਰਕ), ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊ ਅਤੇ ਅੰਤਰਰਾਸ਼ਟਰੀ ਪੰਥਕ ਕਵੀ ਗੁਰਦਿਆਲ ਸਿੰਘ ਨਿਮਰ ਯਮੁਨਾਨਗਰ ਨੇ ਸਨਮਾਨ ਦੀ ਰਸਮ ਨਿਭਾਉਣ ਉਪਰੰਤ ਡਾ. ਸੈਫ਼ੀ ਦੇ ਕ੍ਰਾਂਤੀਕਾਰੀ ਅਤੇ ਦਾਰਸ਼ਨਿਕ ਕਾਵਿ-ਰੰਗਾਂ ਦੀ ਭਰਪੂਰ ਸਰਾਹਨਾ ਕੀਤੀ। ਭੈਣੀ ਸਾਹਿਬ ਤੋਂ ਪੁੱਜੇ ਸਰਬਜੀਤ ਸਿੰਘ ਸਰਪੰਚ ਅਤੇ ਜਸਪਾਲ ਨੇ ਕਿਹਾ ਕਿ ਉਹ ਡਾ. ਸੈਫ਼ੀ ਦੀਆਂ ਕਵਿਤਾਵਾਂ ਸੁਣਨ ਲਈ ਉਚੇਚੇ ਤੌਰ ‘ਤੇ ਪੁੱਜੇ ਹਨ। ਐੱਮ.ਐੱਲ.ਏ. ਰੁਪਿੰਦਰ ਸਿੰਘ ਹੈਪੀ, ਅਮਰਜੀਤ ਜੋਸ਼ੀ ਨਾਹਨ, ਸੁਰਜਨ ਸਿੰਘ ਜੱਸਲ, ਬਾਬਾ ਸਾਧੂ ਸਿੰਘ, ਬੀਬੀ ਕੁਲਵਿੰਦਰ ਕੌਰ, ਲੇਖਿਕਾ ਸੁਖਮੀਤ ਕੌਰ, ਸਰਬਜੀਤ ਸਿੰਘ ਬਰਾੜ, ਪ੍ਰਿੰਸੀਪਲ ਕਮਲਗੀਤ ਆਦਿ ਨੇ ਗਿਆਨੀ ਦਿੱਤ ਸਿੰਘ ਦੀ ਯਾਦ ‘ਚ ਕਰਵਾਏ ਸ਼ਾਨਦਾਰ ਸਮਾਗਮ ਦੀ ਮਹਿਮਾ ਕਰਦਿਆਂ ਫ਼ਖ਼ਰ-ਏ-ਕੌਮ ਲਈ ਸੁਚੱਜੀ ਚੋਣ ਦੀ ਮਹਿਮਾ ਕੀਤੀ। ਇਹ ਸਨਮਾਨ ਮਿਲਣ ‘ਤੇ ਫਰੀਦਕੋਟ ਇਲਾਕੇ ਦੀਆਂ ਵੱਖ-ਵੱਖ ਸਿੱਖਿਅਕ, ਸਾਹਿਤਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਵੱਡੀ ਖੁਸ਼ੀ ਜਾਹਰ ਕੀਤੀ।

Install Punjabi Akhbar App

Install
×