ਦਵਿੰਦਰ ਸਿੰਘ ਕਤਲ: ਪਤਨੀ ਅਮਨਦੀਪ ਕੌਰ ਅਤੇ ਨੌਜਵਾਨ ਗੁਰਜਿੰਦਰ ਸਿੰਘ ਨੂੰ ਪੁਲਿਸ ਨੇ ਦੋਸ਼ੀ ਮੰਨਿਆ: ਉਨ੍ਹਾਂ ਦੋਸ਼ਾਂ ਤੋਂ ਕੀਤਾ ਇਨਕਾਰ

NZ PIC 20 Aug-1
ਬੀਤੀ 7 ਅਗਸਤ ਨੂੰ ਇਥੇ ਇਕ 35 ਸਾਲਾ ਪੰਜਾਬੀ ਨੌਜਵਾਨ ਦਵਿੰਦਰ ਸਿੰਘ ਗੰਗਾਨਗਰ ਦਾ ਪਾਪਾਟੋਏਟੋਏ (ਔਕਲੈਂਡ) ਵਿਖੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਸਬੰਧ ਵਿਚ ਜਾਂਚ ਪੜ੍ਹਤਾਲ ਕਰਦਿਆਂ 31 ਸਾਲਾ ਔਰਤ ਅਤੇ 28 ਸਾਲਾ ਪੁਰਸ਼ ਨੂੰ ਗ੍ਰਿਫਤਾਰ ਕੀਤਾ ਸੀ ਪਰ ਨਾਂਅ ਅਤੇ ਪਹਿਚਾਣ ਗੁਪਤ ਰੱਖੀ ਹੋਈ ਸੀ। ਅੱਜ ਇਨ੍ਹਾਂ ਦੋਹਾਂ ਨੂੰ ਔਕਲੈਂਡ ਹਾਈਕੋਰਟ ਦੇ ਵਿਚ ਸਵੇਰੇ 9 ਵਜੇ ਪੇਸ਼ ਕੀਤਾ ਗਿਆ ਤੇ ਮਾਣਯੋਗ ਅਦਾਲਤ ਨੇ ਇਨ੍ਹਾਂ ਦੇ ਨਾਂਅ ਜੱਗ ਜ਼ਾਹਿਰ ਕਰਨ ਦੀ ਆਗਿਆ ਦੇ ਦਿੱਤੀ। ਜੋ 31 ਸਾਲਾ ਔਰਤ ਸੀ ਉਹ ਮ੍ਰਿਤਕ ਦਵਿੰਦਰ ਸਿੰਘ ਦੀ ਪਤਨੀ ਅਮਨਦੀਪ ਕੌਰ ਹੀ ਨਿਕਲੀ ਅਤੇ ਇਕ ਹੋਰ ਜੋ 28 ਸਾਲਾ ਨੌਜਵਾਨ ਸੀ ਉਸਦੀ ਪਹਿਚਾਣ ਗੁਰਜਿੰਦਰ ਸਿੰਘ ਵੱਜੋਂ ਹੋਈ ਹੈ। ਇਹ ਦੋਵੇਂ ਜਣੇ ਇਥੇ ਇਕ ਪਲਾਸਟਿਕ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ ਦੇ ਵਿਚ ਇਕੱਠਿਆਂ ਕੰਮ ਕਰਦੇ ਸੀ। ਪੁਲਿਸ ਅਨੁਸਾਰ ਜਿਸ ਵੇਲੇ ਕਾਰ ਦੇ ਵਿਚ ਇਹ ਕਤਲ ਕੀਤਾ ਗਿਆ ਉਸ ਵੇਲੇ ਮ੍ਰਿਤਕ ਦਵਿੰਦਰ ਸਿੰਘ ਦੀ ਪਤਨੀ ਵੀ ਉਥੇ ਮੌਜੂਦ ਸੀ। ਘਟਨਾ ਵੇਲੇ ਇਹ ਦੱਸਿਆ ਗਿਆ ਹੈ ਕਿ ਇਹ ਜੋੜਾ ਕਾਰ ਰੋਕ ਕੇ ਰਾਤ ਦਾ ਖਾਣਾ (ਟੇਕਅਵੇਅ) ਖਾ ਰਹੇ ਸਨ। ਪੁਲਿਸ ਨੇ ਜਾਂਚ ਦਾ ਘੇਰਾ ਵਧਦਿਆਂ ਜਲਦੀ ਹੀ ਕਹਿ ਦਿੱਤਾ ਸੀ ਕਿ ਇਹ ਲੁੱਟ-ਖੋਹ ਦਾ ਮਾਮਲਾ ਨਹੀਂ ਹੈ ਸਗੋਂ ਮਾਨਵ ਹੱਤਿਆ ਦਾ ਮਾਮਲਾ ਹੈ ਜਦ ਕਿ ਪਹਿਲਾਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪ੍ਰਤੀਤ ਹੁੰਦਾ ਸੀ ਕਿ ਲੁੱਟ-ਖੋਹ ਵੇਲੇ ਇਹ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਦੋਸ਼ੀ ਮੰਨਿਆ ਜਾ ਰਿਹਾ ਗੁਰਜਿੰਦਰ ਸਿੰਘ ਕਤਲ ਤੋਂ ਬਾਅਦ ਮ੍ਰਿਤਕ ਦੇ ਦੋਸਤਾਂ ਦੇ  ਨਾਲ ਹਮਦਰਦੀ ਜਿਤਾਉਣ ਵਾਸਤੇ ਵੀ ਪਹੁੰਚਿਆ ਹੋਇਆ ਸੀ ਤਾਂ ਕਿ ਕਿਸੇ ਨੂੰ ਉਸ ਉਤੇ ਸ਼ੱਕ ਵੀ ਪੈਦਾ ਨਾ ਹੋ ਸਕੇ। ਇਨ੍ਹਾਂ ਦੋਸ਼ੀਆਂ ਨੇ ਅਜੇ ਆਪਣਾ ਦੋਸ਼ ਕਬੂਲ ਕਰਨ ਤੋਂ ਇਨਕਾਰ ਕੀਤਾ ਹੈ। 22 ਅਕਤੂਬਰ ਨੂੰ ਇਨ੍ਹਾਂ ਦੋਹਾਂ ਨੂੰ ਅਗਲੇਰੀ ਕਾਰਵਾਈ ਲਈ ਅਦਾਲਤ ਵਿਚ ਲਿਆਂਦਾ ਜਾਵੇਗਾ ਜਦ ਕਿ ਜਿਰਾਹ ਆਦਿ ਤਾਂ ਅਗਲੇ ਸਾਲ 3 ਅਗਸਤ ਤੱਕ ਸ਼ੁਰੂ ਹੋ ਸਕਣਗੇ।

Install Punjabi Akhbar App

Install
×