ਸਮਾਜ ਨੂੰ ਸੇਧ -ਨੂੰਹ ਨੂੰ ਧੀ ਬਣਾ ਕੇ ਆਪਣੇ ਹੱਥੀ ਡੋਲੀ ‘ਚ ਬਿਠਾ ਕੇ ਮਿਸਾਲ ਕਾਇਮ ਕੀਤੀ

ਬਠਿੰਡਾ/ 13 ਫਰਵਰੀ/ — ਜਦੋਂ ਵੀ ਕੋਈ ਵਿਅਕਤੀ ਆਪਣੀ ਨੂੰਹ ਦੀ ਗੱਲ ਦੂਜੇ ਨਾਲ ਕਰਦਾ ਹੈ ਤਾਂ ਅੱਗੋਂ ਇਹੋ ਕਿਹਾ ਜਾਂਦਾ ਹੈ ਕਿ ‘ਭਾਈ ਨੂੰਹ ਧੀ ‘ਚ ਕੋਈ ਫ਼ਰਕ ਨਹੀਂ ਹੁੰਦਾ।’ ਇਹ ਗੱਲ ਭਾਵੇਂ ਆਮ ਹੀ ਸੁਣਨ ਨੂੰ ਮਿਲਦੀ ਹੈ, ਪਰ ਅਮਲ ਦੇ ਤੌਰ ਤੇ ਸਮਾਜ ਵਿੱਚ ਫ਼ਰਕ ਦਿਖਾਈ ਦਿੰਦਾ ਹੈ। ਇਹ ਉਦਾਹਰਣ ਦੇਣੀ ਬਹੁਤ ਅਸਾਨ ਹੈ, ਪਰ ਇਸਤੇ ਅਮਲ ਕਰਨਾ ਅਤੀ ਮੁਸਕਿਲ। ਦੇਸ ਵਿੱਚ ਦਾਜ ਦਹੇਜ ਲਈ ਨੂੰਹਾਂ ਤੇ ਅੱਤਿਆਚਾਰ ਹੁੰਦੇ ਹਨ, ਨੂੰਹਾਂ ਦੇ ਕਤਲ ਹੁੰਦੇ ਹਨ, ਕਚਿਹਰੀਆਂ ਵਿੱਚ ਮੁਕੱਦਮੇ ਚਲਦੇ ਹਨ ਅਤੇ ਤਲਾਕ ਹੁੰਦੇ ਵੀ ਆਮ ਦੇਖੇ ਜਾਂਦੇ ਹਨ। ਸਮਾਜ ਵਿਚਲੀਆਂ ਅਜਿਹੀਆਂ ਕੁਰੀਤੀਆਂ ਤੇ ਪੋਚਾ ਫੇਰ ਕੇ ਜਿਲ੍ਹਾ ਬਰਨਾਲਾ ਦੇ ਇੱਕ ਗੁਰਸਿੱਖ ਬਜੁਰਗ ਸ੍ਰ: ਮੱਘਰ ਸਿੰਘ ਨੇ ਨੂੰਹ ਨੂੰ ਧੀ ਬਣਾ ਕੇ ਆਪਣੇ ਹੱਥੀਂ ਉਸਦੀ ਡੋਲੀ ਤੋਰ ਕੇ ਸਦੀਆਂ ਤੋਂ ਚਲਦੀ ਇਸ ਕਹਾਵਤ ਤੇ ਮੋਹਰ ਲਾ ਦਿੱਤੀ ਹੈ, ਜੋ ਸਮਾਜ ਲਈ ਸੇਧ ਦੇਣ ਵਾਲਾ ਕਾਰਜ ਹੈ।
ਜਾਣਕਾਰੀ ਅਨੁਸਾਰ ਮੱਘਰ ਸਿੰਘ ਨੇ ਕਰੀਬ ਚਾਰ ਸਾਲ ਪਹਿਲਾਂ ਆਪਣੇ ਪੁੱਤਰ ਸੁਰਜੀਤ ਸਿੰਘ ਦਾ ਵਿਆਹ ਇਸੇ ਜਿਲ੍ਹੇ ਦੇ ਪਿੰਡ ਗੁਰਮ ਦੇ ਗੁੱਡੂ ਸਿੰਘ ਦੀ ਪੁੱਤਰੀ ਸੰਦੀਪ ਕੌਰ ਨਾਲ ਬੜੀਆਂ ਰੀਝਾਂ ਨਾਲ ਕੀਤਾ ਸੀ। ਘਰ ਵਿੱਚ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਤੇ ਰੌਣਕਾਂ ਰਹੀਆਂ। ਕੁਦਰਤ ਨੂੰ ਕੀ ਮਨਜੂਰ ਹੁੰਦੈ ਕੋਈ ਨਹੀਂ ਜਾਣ ਸਕਦਾ, ਇਸ ਵਿਆਹ ਨੂੰ ਅਜੇ ਇੱਕ ਸਾਲ ਹੀ ਹੋਇਆ ਸੀ ਕਿ ਸੁਰਜੀਤ ਸਿੰਘ ਦੀ ਅਚਾਨਕ ਮੌਤ ਜਾਣ ਸਦਕਾ ਜਿੱਥੇ ਮਾਪਿਆਂ ਦੇ ਬੁਢੇਪੇ ਦਾ ਸਹਾਰਾ ਖੁੱਸ ਗਿਆ, ਉੱਥੇ ਬੀਬੀ ਸੰਦੀਪ ਕੌਰ ਦੀ ਜਿੰਦਗੀ ਤੇ ਪਹਾੜ ਟੁੱਟ ਪਿਆ ਅਤੇ ਉਸ ਲਈ ਵਿਧਵਾ ਵਾਲਾ ਇੱਕ ਇੱਕ ਦਿਨ ਵਰ੍ਹਿਆਂ ਵਾਂਗ ਬਤੀਤ ਹੋਣ ਲੱਗਾ।
ਮੱਘਰ ਸਿੰਘ ਦਾ ਪਰਿਵਾਰ ਧਾਰਮਿਕ ਰੁਚੀ ਵਾਲਾ ਹੋਣ ਸਦਕਾ ਉਹਨਾਂ ਸੰਦੀਪ ਦੇ ਸਿਰ ਤੇ ਹੱਥ ਰਖਦਿਆਂ ਉਸਨੂੰ ਨੂੰਹ ਦੀ ਥਾਂ ਧੀ ਬਣਾਉਣਾ ਸਵੀਕਾਰ ਕਰਕੇ ਉਸਦੀ ਜਿੰਦਗੀ ਨੂੰ ਸਵਾਰਨ ਦਾ ਬੀੜਾ ਚੁੱਕ ਲਿਆ। ਉਹਨਾਂ ਸੰਦੀਪ ਕੌਰ ਨੂੰ ਬੀ ਐੱਸ ਸੀ ਨਰਸਿੰਗ ਦੀ ਪੜ੍ਹਾਈ ਕਰਵਾਈ। ਪੜ੍ਹਾਈ ਪੂਰੀ ਹੋ ਜਾਣ ਤੇ ਸੱਸ ਸਹੁਰੇ ਤੋਂ ਬਣੇ ਮਾਪਿਆਂ ਨੇ ਯੋਗ ਵਰ ਲੱਭਣਾ ਸੁਰੂ ਕੀਤਾ ਅਤੇ ਬੀਤੇ ਦਿਨ ਉਹਨਾਂ ਛੀਨੀਵਾਲ ਦੇ ਇੱਕ ਨੌਜਵਾਨ ਲਖਵੀਰ ਸਿੰਘ, ਜੋ ਡੁਬਈ ਵਿੱਚ ਟਰੱਕ ਚਲਾਉਂਦਾ ਹੈ, ਨਾਲ ਸੰਦੀਪ ਕੌਰ ਦੀ ਸਾਦੀ ਕਰ ਦਿੱਤੀ, ਮੱਘਰ ਸਿੰਘ ਨੇ ਖੁਦ ਬਾਪ ਵਾਲੀਆਂ ਜੁਮੇਵਾਰੀਆਂ ਨਿਭਾਈਆਂ ਅਤੇ ਆਪਣੇ ਹੱਥੀਂ ਡੋਲੀ ਵਿੱਚ ਬਿਠਾਇਆ।
ਮੱਘਰ ਸਿੰਘ ਦੇ ਪਰਿਵਾਰ ਨੇ ਨੂੰਹ ਨੂੰ ਧੀ ਬਣਾ ਕੇ ਇੱਕ ਵੱਡੀ ਮਿਸਾਲ ਪੈਦਾ ਕਰ ਦਿੱਤੀ ਹੈ ਅਤੇ ਇਸ ਗੁਰੂਆਂ ਪੀਰਾਂ ਦੀ ਧਰਤੀ ਤੇ ਨੂੰਹ ਨੂੰ ਧੀ ਸਮਝਣ ਦੇ ਮੁਹਾਵਰੇ ਤੇ ਮੋਹਰ ਲਗਾਈ ਹੈ, ਜਿਸਦੀ ਇਲਾਕੇ ਵਿੱਚ ਚਰਚਾ ਛਿੜੀ ਹੋਈ ਹੈ। ਸੰਦੀਪ ਕੌਰ ਨੇ ਵੀ ਮੱਘਰ ਸਿੰਘ ਦੇ ਪਰਿਵਾਰ ਨਾਲ ਜਿੰਦਗੀ ਭਰ ਆਪਣੇ ਪੇਕਿਆਂ ਵਾਂਗ ਵਰਤਣ ਦਾ ਅਹਿਦ ਕਰਦਿਆਂ ਮਾਪਿਆਂ ਦਾ ਅਹਿਸਾਨ ਕਬੂਲ ਕੀਤਾ ਹੈ। ਇਹ ਵਿਆਹ ਸਮਾਜ ਲਈ ਸੇਧ ਦੇਣ ਵਾਲਾ ਹੈ, ਇਸਤੋਂ ਸਬਕ ਲੈਣ ਦੀ ਜਰੂਰਤ ਹੈ।