ਸੁਭਾਅ ‘ਚ ਤਬਦੀਲੀ ਨਾ ਲਿਆਂਦੀ ਤਾਂ ਸਾਡੀ ਅਗਲੀ ਪੀੜ੍ਹੀ ਭੁਗਤੇਗੀ ਖਮਿਆਜਾ : ਗੁਰਵਿੰਦਰ ਸਿੰਘ

ਦਸ਼ਮੇਸ਼ ਮਾਡਰਨ ਸੈਕੰ. ਸਕੂਲ ਭਾਣਾ ਵਿਖੇ ਕਰਾਇਆ ਗਿਆ ਜਾਗਰੂਕਤਾ ਸੈਮੀਨਾਰ

ਫਰੀਦਕੋਟ, 20 ਨਵੰਬਰ :- ਪੰਜਾਬ ਨੂੰ ਬਚਾਉਣ, ਤੰਦਰੁਸਤ ਸਮਾਜ ਸਿਰਜਣ ਅਤੇ ਹਰ ਇਕ ਨੂੰ ਖੁਸ਼ਹਾਲ ਬਣਾਉਣ ਤੇ ਦੇਖਣ ਲਈ ਸਾਨੂੰ ਆਪਣੀਆਂ ਆਦਤਾਂ ‘ਚ ਕੁਝ ਤਬਦੀਲੀ ਕਰਨੀ ਪਵੇਗੀ ਨਹੀਂ ਤਾਂ ਸਾਡੀਆਂ ਗਲਤੀਆਂ, ਅਣਗਹਿਲੀਆਂ ਅਤੇ ਲਾਪ੍ਰਵਾਹੀਆਂ ਦਾ ਖਮਿਆਜਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਭੁਗਤਣਾ ਪਵੇਗਾ। ਨੇੜਲੇ ਪਿੰਡ ਭਾਣਾ ਦੇ ਦਸ਼ਮੇਸ਼ ਮਾਡਰਨ ਸੀਨੀ.ਸੈਕੰ. ਸਕੂਲ ਵਿਖੇ ‘ਸਾਥ ਸਮਾਜਿਕ ਗੂੰਜ’ ਸੰਸਥਾ ਵਲੋਂ ਕਰਵਾਏ ਗਏ ਸੈਮੀਨਾਰ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰਵਿੰਦਰ ਸਿੰਘ ਜਲਾਲੇਆਣਾ ਨੇ ਦੱਸਿਆ ਕਿ ਸਾਡੀ ਸੰਸਥਾ ਦਾ ਕੋਈ ਲੁਕਵਾਂ ਏਜੰਡਾ ਨਹੀਂ ਬਲਕਿ ਪਾਰਦਰਸ਼ੀ ਤੌਰ ‘ਤੇ ਅਸੀਂ ਪੰਜਾਬ ਵਾਸੀਆਂ ਨੂੰ ਅਗਲੇ ਕੁਝ ਸਾਲਾਂ ਜਾਂ ਮਹੀਨਿਆਂ ‘ਚ ਆਉਣ ਵਾਲੀ ਕਿਸੇ ਵੀ ਮੁਸ਼ਕਿਲ, ਸਮੱਸਿਆ ਜਾਂ ਮੁਸੀਬਤ ਪ੍ਰਤੀ ਜਾਗਰੂਕ ਕਰਨਾ ਆਪਣਾ ਫਰਜ਼ ਸਮਝਦੇ ਹਾਂ। ਸੰਸਥਾ ਦੇ ਸੰਸਥਾਪਕ ਗੁਰਵਿੰਦਰ ਸਿੰਘ ਜਲਾਲੇਆਣਾ ਨੇ ਪ੍ਰੋਜੈਕਟਰ ਰਾਹੀਂ ਅੰਕੜਿਆਂ ਸਹਿਤ ਇਕ-ਇਕ ਮੁਸੀਬਤ ਅਤੇ ਚੁਣੌਤੀ ਦਾ ਵਰਨਣ ਕਰਦਿਆਂ ਦੱਸਿਆ ਕਿ ਸਾਡੀ ਦਿਨੋ ਦਿਨ ਡਿੱਗ ਰਹੀ ਸਿਹਤ, ਪ੍ਰਦੂਸ਼ਿਤ ਹੋ ਰਹੇ ਵਾਤਾਵਰਣ, ਧਰਤੀ ਹੇਠਾਂ ਡੂੰਘੇ ਹੁੰਦੇ ਜਾ ਰਹੇ ਪਾਣੀ ਦੀ ਪਰਤ, ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਸੰਤਾਪ ‘ਚੋਂ ਕੱਢਣ, ਖਾਦ ਪਦਾਰਥਾਂ ‘ਤੇ ਧੜਾਧੜ ਛਿੜਕੇ ਜਾ ਰਹੇ ਜਹਿਰੀਲੇ ਕੈਮੀਕਲ, ਜਾਣੇ ਅਨਜਾਣੇ ਖਾਧੇ ਜਾਂ ਅੰਦਰ ਲੰਘਾਏ ਜਾ ਰਹੇ ਕੈਮੀਕਲ ਯੁਕਤ ਖਾਦ ਪਦਾਰਥ ਆਦਿਕ ਸਬੰਧੀ ਜਿੱਥੇ ਨੌਜਵਾਨਾ ਤੇ ਬੱਚਿਆਂ ਨੂੰ ਜਾਗਰੂਕ ਕਰਨਾ ਜਰੂਰੀ ਹੈ, ਉੱਥੇ ਸਰਕਾਰ ਵਲੋਂ ਪਿੰਡਾਂ ਅਤੇ ਸ਼ਹਿਰਾਂ ਲਈ ਚਲਾਈਆਂ ਜਾ ਰਹੀਆਂ ਸਹੂਲਤਾਂ, ਸਕੀਮਾਂ, ਡਿਜਟੀਲਾਈਜੇਸ਼ਨ, ਸਮੇਂ ਦੀ ਬੱਚਤ ਅਤੇ ਜੈਵਿਕ ਖੇਤੀ ਬਾਰੇ ਕਿਸਾਨਾ, ਮਜਦੂਰਾਂ, ਵਪਾਰੀਆਂ ਅਤੇ ਮੁਲਾਜਮਾਂ ਨੂੰ ਉਕਤ ਗੱਲਾਂ ਤੋਂ ਜਾਣੂ ਕਰਾਉਣ ਲਈ ਸਾਥ ਸਮਾਜਿਕ ਗੂੰਜ ਸੰਸਥਾ ਨੇ ਉਕਤ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਨੌਜਵਾਨ ਵਰਗ ਨੂੰ ਕੀਟਨਾਸ਼ਕਾਂ ਦੇ ਮਨੁੱਖੀ ਸਿਹਤ ਉੱਪਰ ਪੈ ਰਹੇ ਬੁਰੇ ਪ੍ਰਭਾਵਾਂ ਬਾਰੇ ਤੱਥਾਂ ਅਤੇ ਅੰਕੜਿਆਂ ‘ਤੇ ਆਧਾਰਿਤ ਜਾਣਕਾਰੀ ਦੇ ਕੇ ਜਾਗਰੂਕ ਕਰਨ ਦਾ ਸ਼ਲਾਘਾਯੋਗ ਯਤਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਸਾਡਾ ਖਾਣ ਪੀਣ ਹੋਵੇਗਾ, ਉਸੇ ਤਰ੍ਹਾਂ ਦੀ ਸਾਡੀ ਸਿਹਤ, ਸੋਚ ਅਤੇ ਬੋਲਬਾਣੀ ਹੋਵੇਗੀ। ਉਹਨਾਂ ਅਪੀਲ ਕੀਤੀ ਕਿ ਪੱਖਪਾਤੀ ਰਵੱਈਏ ਤੋਂ ਉੱਪਰ ਉੱਠ ਕੇ ਵਿਦਿਆਰਥੀ ਵਰਗ ਨੂੰ ਹੀ ਭਾਰਤੀ ਸਿਸਟਮ ‘ਚ ਬਦਲਾਅ ਲਿਆਉਣ ਲਈ ਹੰਭਲਾ ਮਾਰਨਾ ਪਵੇਗਾ। ਨੌਜਵਾਨ ਵਰਗ ਨੂੰ ਵਿਦੇਸ਼ੀ ਵਸਤਾਂ ਵਰਤਣ ਜਾਂ ਵਿਦੇਸ਼ਾਂ ਨੂੰ ਅੰਨ੍ਹੇਵਾਹ ਦੌੜਨ ਦੀ ਥਾਂ ਆਪਣੇ ਮੁਲਕ ਦੀ ਬਿਹਤਰੀ ਵਾਸਤੇ ਚਿੰਤਨ ਕਰਨਾ ਚਾਹੀਦਾ ਹੈ ਅਤੇ ਆਪਣੀ ਪ੍ਰੰਪਰਿਕ ਵਿਚਾਰਧਾਰਾ ਨੂੰ ਬਦਲ ਕੇ ਸਮਾਜ ਨੂੰ ਬਦਲਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਅਤੇ ਪਿੰਡ ਦੇ ਸਰਪੰਚ ਬਲਵੰਤ ਸਿੰਘ ਨੇ ਸੰਸਥਾ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪ੍ਰਿੰਸੀਪਲ ਮੈਡਮ ਹਰਿੰਦਰ ਕੌਰ ਬਰਾੜ, ਹਰਮਿੰਦਰ ਸਿੰਘ ਫਰੀਦਕੋਟ, ਗੁਰਿੰਦਰ ਸਿੰਘ ਮਹਿੰਦੀਰੱਤਾ, ਸੁਭਾਸ਼ ਚੰਦਰ, ਬਲਜਿੰਦਰ ਸਿੰਘ ਵੜਿੰਗ, ਬਰਜੇਸ਼ ਕੁਮਾਰ, ਵਿਨੋਦ ਕੁਮਾਰ ਆਦਿ ਵੀ ਹਾਜਰ ਸਨ।
ਸਬੰਧਤ ਤਸਵੀਰਾਂ ਵੀ