‘ਦਰਬਾਰ-ਏ-ਖਾਲਸਾ’ ਵਲੋਂ 14 ਅਕਤੂਬਰ ਨੂੰ ‘ਲਾਹਨਤ ਦਿਹਾੜੇ’ ਵਜੋਂ ਮਨਾਉਣ ਦਾ ਫੈਸਲਾ

08gsc fdk(1)
ਚਾਰ ਸਾਲ ਪਹਿਲਾਂ ਸੰਗਤਾਂ ‘ਤੇ ਢਾਹੇ ਹਕੂਮਤੀ ਕਹਿਰ ਨੂੰ ਕਰਾਵਾਂਗੇ ਯਾਦ : ਮਾਝੀ
ਫਰੀਦਕੋਟ, 8 ਅਕਤੂਬਰ ( ਗੁਰਭੇਜ ਸਿੰਘ ਚੌਹਾਨ ) :- ਬੇਅਦਬੀ ਕਾਂਡ ਤੋਂ ਬਾਅਦ 14 ਅਕਤੂਬਰ 2015 ਨੂੰ ਸ਼ਾਂਤਮਈ ਧਰਨਾ ਦੇ ਰਹੀਆਂ ਸੰਗਤਾਂ ਉੱਪਰ ਬਾਦਲ ਸਰਕਾਰ ਵਲੋਂ ਢਾਹੇ ਗਏ ਅਣਮਨੁੱਖੀ ਅੱਤਿਆਚਾਰ ਦੇ ਵਿਰੋਧ ‘ਚ ‘ਦਰਬਾਰ-ਏ-ਖਾਲਸਾ’ ਜਥੇਬੰਦੀ ਨੇ 14 ਅਕਤੂਬਰ ਨੂੰ ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਲਾਹਨਤ ਦਿਹਾੜੇ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਮਾਮਲੇ ‘ਚ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦਰਬਾਰ-ਏ-ਖਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਨੇ ਦਾਅਵਾ ਕੀਤਾ ਕਿ ਉਸ ਦਿਨ ਅੰਮ੍ਰਿਤ ਵੇਲੇ 5:00 ਵਜੇ 8:00 ਵਜੇ ਤੱਕ ਬੱਤੀਆਂ ਵਾਲਾ ਚੋਂਕ ਕੋਟਕਪੂਰਾ ਵਿਖੇ ਨਿਤਨੇਮ ਕਰਨ ਉਪਰੰਤ 4 ਸਾਲ ਪਹਿਲਾਂ ਵਾਪਰੇ ਹਕੂਮਤੀ ਕਹਿਰ ਦੀ ਜਿੰਮੇਵਾਰ ਬਾਦਲ ਸਰਕਾਰ ਨੂੰ ਲਾਹਣਤਾਂ ਪਾਈਆਂ ਜਾਣਗੀਆਂ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ “ਗ਼ਦਾਰ-ਇ-ਕੌਮ” ‘ਲਕਬ’ ਨਾਲ਼ ਦੁਰਕਾਰਿਆ ਜਾਵੇਗਾ। ਉਨਾ ਦੱਸਿਆ ਕਿ ਪਿਛਲੇ ਵਰ੍ਹੇ ਇੱਕ “ਲਾਹਣਤ ਪੱਤਰ” ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਪੜ੍ਹਿਆ ਗਿਆ ਸੀ ਤੇ ਇਸ ਵਾਰ ਉਸੇ ਲਾਹਣਤ ਪੱਤਰ ਦਾ ਦੂਜਾ ਐਡੀਸ਼ਨ ਜਾਰੀ ਕੀਤਾ ਜਾਵੇਗਾ। ਉਨਾਂ ਯਾਦ ਕਰਾਇਆ ਕਿ ਲਗਭਗ 4 ਸਾਲ ਪਹਿਲਾਂ 14 ਅਕਤੂਬਰ ਵਾਲੇ ਦਿਨ ‘ਗੁਰੂ ਗ੍ਰੰਥ ਸਾਹਿਬ’ ਦੀ ਬੇਅਦਬੀ ਦੇ ਰੋਸ ਵਜੋਂ ਦੋਸ਼ੀਆਂ ਦੀ ਭਾਲ ਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਬੱਤੀਆਂ ਵਾਲ਼ਾ ਚੌਂਕ ‘ਚ ਅਮ੍ਰਿਤ ਵੇਲ਼ੇ ਨਿਤਨੇਮ ਕਰਦੀ ਸੰਗਤ ‘ਤੇ ਪੰਜਾਬ ਪੁਲਿਸ ਨੇ ਅਣਮਨੁੱਖੀ ਅਤੇ ਬੇਤਹਾਸ਼ਾ ਤਸ਼ੱਦਦ ਕੀਤਾ ਸੀ। ਉਸੇ ਕਹਿਰ ਤਹਿਤ ਬਹਿਬਲ ਕਲਾਂ ‘ਚ 2 ਸਿੱਖ ਨੌਜਵਾਨਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ ਸਨ। ਅਸੀਂ ਸਾਰੀਆਂ ਸਿੱਖ ਸੰਗਤਾਂ ਅਤੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਇਸ ਲਾਹਣਤ ਦਿਹਾੜੇ ‘ਚ ਸ਼ਾਮਲ ਹੋਣ ਦੀ ਬੇਨਤੀ ਕਰਦੇ ਹਾਂ। ਜੋ ਲੋਕ ਨਿੱਜੀ ਤੌਰ ‘ਤੇ ਇਸ ਸਮਾਗਮ ‘ਚ ਸ਼ਾਮਲ ਨਹੀਂ ਹੋ ਸਕਦੇ। ਉਹ ਆਪਣੇ ਕਿਸੇ ਵੀ ਤਰੀਕੇ ਜਾਂ ਸ਼ੋਸ਼ਲ ਮੀਡੀਏ ਰਾਹੀਂ ਜ਼ਿੰਮੇਵਾਰ ਧਿਰ ਦੀ ਇਸ ਕਰਤੂਤ ‘ਤੇ ਹੁਣ ਤੱਕ ਸਿੱਖ ਕੌਮ ਨੂੰ ਵਰਤ ਕੇ ਸੱਤਾ ਸੁੱਖ ਭੋਗਣ ਵਾਲ਼ੇ ਬਾਦਲ ਨੂੰ ਲਾਹਣਤਾਂ ਪਾਉਣ,।ਤਾਂ ਜੋ ਇਸ ਦਿਨ ਨੂੰ ਇਤਿਹਾਸਿਕ ਤੌਰ ‘ਤੇ ਚੇਤੇ ਰੱਖਿਆ ਜਾ ਸਕੇ। ਅਜਿਹੇ ਹਕੂਮਤੀ ਕਹਿਰ ਇਤਿਹਾਸਿਕ ਤੌਰ ‘ਤੇ ਅਭੁੱਲ ਯਾਦ ਬਣਨੇ ਚਾਹੀਦੇ ਹਨ। ਅਸੀਂ ਸਮੁੱਚੀ ਕੌਮ ਨੂੰ ਅਪੀਲ ਕਰਦੇ ਹਾਂ ਕਿ ਉਹ ਬਾਕੀ ਇਤਿਹਾਸਿਕ ਦਿਹਾੜਿਆਂ ਵਾਂਗ ਇਸ ਦਿਨ ਨੂੰ ਵੀ ‘ਲਾਹਣਤ-ਦਿਹਾੜੇ’ ਵਜੋਂ ਆਪਣੇ ਚੇਤੇ ‘ਚ ਵਸਾਉਣ ਤਾਂ ਜੋ ਭਵਿੱਖ ਵਿੱਚ ਕੋਈ ਵੀ ਹੁਕਮਰਾਨ ਕਿਸੇ ਵੀ ਮਾੜੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਬਣਨ ਵਾਲ਼ੇ ਇਤਿਹਾਸ ਤੋਂ ਜਰੂਰ ਡਰੇ! ਅੱਜ ਬੜੇ ਅਫ਼ਸੋਸ ਨਾਲ਼ ਕਹਿਣਾ ਪੈ ਰਿਹਾ ਹੈ ਕਿ ਬਾਦਲਾਂ ਦੇ ਵਿਰੋਧ ‘ਚੋਂ ਉਪਜੀ ਮੌਜੂਦਾ ਸਰਕਾਰ ਵੀ ਇਸ ਮੁੱਦੇ ਨੂੰ ਵੋਟਾਂ ‘ਚ ਤਬਦੀਲ ਕਰਨ ਤੱਕ ਹੀ ਵਰਤ ਰਹੀ ਹੈ, ਇਸ ਮੁੱਦੇ ‘ਤੇ ਇੱਕ ਦਿਨ ਦਾ ਵਿਸ਼ੇਸ਼ ਸ਼ੈਸ਼ਨ ਬੁਲਾ ਕੇ ਕੇਵਲ ਪਾਰਲੀਮੈਂਟ ਚੋਣਾਂ ਜਿੱਤਣ ਤੱਕ ਸੀਮਿਤ ਰਹੀ। ਵਿਸ਼ੇਸ਼ ਜਾਂਚ ਟੀਮ ਦੀ ਕਾਰਵਾਈ ਵੀ ਕੋਈ ਸਾਰਥਿਕ ਨਤੀਜੇ ਵੱਲ ਨਹੀਂ ਅੱਪੜੀ ਤੇ ਕਾਨੂੰਨ ਦੀਆਂ ਬਾਰੀਕੀਆਂ ਦਾ ਸਹਾਰਾ ਲੈ ਕੇ ਦੋਸ਼ੀ ਬਾਹਰ ਨਿਕਲਦੇ ਆ ਰਹੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਦੀਪ ਸਿੰਘ ਬਾਜਵਾ, ਜਥੇਦਾਰ ਮੱਖਣ ਸਿੰਘ ਨੰਗਲ, ਚਮਕੌਰ ਸਿੰਘ ਬੱਲਰਾਂ, ਸੁਖਵਿੰਦਰ ਸਿੰਘ ਬੱਬੂ, ਹਰਪਿੰਦਰ ਸਿੰਘ ਕੋਟਕਪੂਰਾ, ਹਰਦੇਵ ਸਿੰਘ ਘਣੀਏਵਾਲ਼ਾ, ਪਰਮਿੰਦਰ ਸਿੰਘ ਬਾਜਵਾ, ਜਰਨੈਲ ਸਿੰਘ ਚਹਿਲ, ਦਰਸ਼ਨ ਸਿੰਘ ਕੈਸ਼ੀਅਰ, ਬਲਕਰਨ ਸਿੰਘ ਮੋਰਾਂਵਾਲ਼ੀ, ਜਗਦੀਸ਼ ਸਿੰਘ ਮੋਰਾਂਵਾਲ਼ੀ, ਗੁਰਕੀਰਤਨ ਸਿੰਘ ਹਰੀਕੇ ਕਲਾਂ ਆਦਿ ਵੀ ਹਾਜ਼ਰ ਸਨ।
ਫੋਟੋ : ਕੈਪਸ਼ਨ : ਲਾਹਨਤ ਦਿਹਾੜੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਈ ਹਰਜਿੰਦਰ ਸਿੰਘ ਮਾਝੀ।

Install Punjabi Akhbar App

Install
×