‘ਬੈਸਟ ਆਨ ਗ੍ਰਾਊਂਡ’ ਅਵਾਰਡ ਨਾਲ ਸਨਮਾਨਿਤ
ਛੋਟੀ ਜਿਹੀ ਉਮਰ ਵਿੱਚ ਹੀ ਵੱਡੀਆਂ ਮੱਲ੍ਹਾਂ ਮਾਰ ਕੇ ਮਹਿਜ਼ 13 ਸਾਲਾਂ ਦਾ ਦਾਨਵੀਰ ਫੂਟੀ ਦੀ ਦੁਨੀਆ ਵਿੱਚ ਆਪਣਾ ਹੀ ਨਹੀਂ ਸਗੋਂ ਆਪਣੇ ਮਾਂ-ਬਾਪ ਦਾ ਅਤੇ ਨਾਲ ਹੀ ਆਪਣੇ ਪਿਛੋਕੜ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਆਸਟ੍ਰੇਲੀਆ ਵਿੱਚ ਰੌਸ਼ਨ ਕਰ ਰਿਹਾ ਹੈ।
ਸਾਲ 2008 ਵਿੱਚ, ਪੰਜਾਬ ਤੋਂ ਇੱਕ ਨਵਾਂ ਵਿਆਹਿਆ ਜੌੜਾ -ਜਗਦੀਪ ਸਿੰਘ ਰੰਧਾਵਾ ਅਤੇ ਸਰਨਜੀਤ ਕੌਰ ਰੰਧਾਵਾ -ਬਟਾਲਾ ਅਤੇ ਜਲੰਧਰ ਦਾ ਪਿਛੋਕੜ ਰੱਖਣ ਵਾਲੇ, ਹੋਰ ਪੰਜਾਬੀਆਂ ਦੀ ਤਰ੍ਹਾਂ ਹੀ ਆਪਣੇ ਭਵਿੱਖ ਨੂੰ ਉਜਵਲ ਕਰਨ ਖਾਤਰ ਆਸਟ੍ਰੇਲੀਆ ਆਏ ਸਨ ਅਤੇ ਦੱਖਣੀ-ਆਸਟ੍ਰੇਲੀਆ ਦੇ ਐਡੀਲੇਡ ਨੂੰ ਆਪਣੀ ਕਰਮ-ਭੂਮੀ ਦੇ ਤੌਰ ਤੇ ਦੋਹਾਂ ਨੇ ਅਪਣਾਇਆ।
ਇੱਥੇ ਹੀ ਉਨ੍ਹਾਂ ਦੀ ਪਹਿਲੀ ਸੰਤਾਨ ‘ਦਾਨਵੀਰ’ ਦਾ ਜਨਮ ਹੋਇਆ। ਪੜ੍ਹਾਈ ਦੇ ਨਾਲ ਨਾਲ ਦਾਨਵੀਰ ਨੂੰ ਖੇਡਾਂ ਵਿੱਚ ਰੂਚੀ ਵੀ ਮਾਪਿਆਂ ਵੱਲੋਂ ਹੀ ਮਿਲੀ। ਦਾਨਵੀਰ ਵਾਸਤੇ ਖੇਡਾਂ ਦੇ ਸੰਸਾਰ ਵਿੱਚੋਂ ਪਹਿਲਾਂ ਕ੍ਰਿਕਟ ਨੂੰ ਚੁਣਿਆ ਗਿਆ ਅਤੇ ਛੋਟੇ ਹੁੰਦਿਆਂ ਹੀ ਉਸਦੇ ਛੋਟੇ ਛੋਟੇ ਹੱਥਾਂ ਵਿੱਚ ਕ੍ਰਿਕਟ ਦਾ ਬੈਟ ਆ ਗਿਆ ਅਤੇ ਉਹ ਮਾਈਲੋ ਕ੍ਰਿਕਟ ਦਾ ਚੰਗਾ ਖਿਡਾਰੀ ਬਣ ਗਿਆ।
ਕ੍ਰਿਕਟ ਵਿੱਚ ਦਾਨਵੀਰ ਆਲਰਾਉਂਡਰ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ ਅਤੇ ਹੁਣ ਵੀ ਨਿਭਾ ਰਿਹਾ ਹੈ।
ਸਮੁੱਚੇ ਆਸਟ੍ਰੇਲੀਆ ਵਿੱਚ ਹੀ ਖੇਡਾਂ, ਸੀਜ਼ਨ ਮੁਤਾਬਿਕ ਹੀ ਚੱਲਦੀਆਂ ਹਨ ਅਤੇ ਸੀਜ਼ਨ ਦਾ ਸਮਾਂ ਛੇ-ਛੇ ਮਹੀਨਿਆਂ ਦਾ ਹੀ ਹੁੰਦਾ ਹੈ। ਦੱਖਣੀ-ਆਸਟ੍ਰੇਲੀਆ ਵਿੱਚ ਰਹਿੰਦਿਆਂ, ਦਾਨਵੀਰ ਦੇ ਮਾਪਿਆਂ ਨੇ ਫੈਸਲਾ ਇਹ ਲਿਆ ਕਿ ਦਾਨਵੀਰ ਦੀ ਖੇਡ, ਸੀਜ਼ਨ ਬਦਲਣ ਦੇ ਨਾਲ ਬੰਦ ਨਹੀਂ ਹੋਣੀ ਚਾਹੀਦੀ। ਇਸ ਵਾਸਤੇ ਪਹਿਲਾਂ ਛੇ ਮਹੀਨਿਆਂ ਦਾ ਸਮਾਂ ਉਸ ਦਾ ਕ੍ਰਿਕਟ ਵਿੱਚ ਨਿਕਲਦਾ ਅਤੇ ਫੇਰ ਸੀਜ਼ਨ ਦੇ ਬਦਲਣ ਨਾਲ ਉਸਦੀ ਖੇਡ ਵੀ ਬਦਲ ਜਾਂਦੀ ਅਤੇ ਕ੍ਰਿਕਟ ਦੀ ਥਾਂ ਤੇ ਦਾਨਵੀਰ ਫੂਟੀ ਖੇਡਣ ਲੱਗ ਜਾਂਦਾ। ਇਸੇ ਤਰ੍ਹਾਂ ਦੋਹਾਂ ਖੇਡਾਂ ਵਿੱਚ ਹੀ ਦਾਨਵੀਰ ਮੁਹਾਰਤ ਹਾਸਿਲ ਕਰ ਗਿਆ।
ਐਡੀਲੇਡ ਵਿੱਚ ਹੀ ਥਾਂ ਦੀ ਬਦਲੀ ਕਾਰਨ ਜੱਗੀ ਜੀ ਅਤੇ ਸਰਨ ਨੇ ਹੋਪਵੈਲੀ ਸਬਅਰਬ ਨੂੰ ਚੁਣਿਆ ਅਤੇ ਦੋਹਾਂ ਨੇ ਇੱਥੇ ਰਿਹਾਇਸ਼ ਕੀਤੀ। ਘਰ ਦੇ ਨਜ਼ਦੀਕ ਹੀ ਮੋਦਬਰੀ ਹਾਕਸ ਕਲੱਬ ਹੋਣ ਕਾਰਨ, ਦਾਨਵੀਰ ਨੂੰ ਇੱਥੇ ਐਂਟਰੀ ਕਰਵਾ ਦਿੱਤੀ ਗਈ ਅਤੇ ਇਸੇ ਕਲੱਬ ਦੇ ਕੋਚਾਂ ਦੀ ਨਿਗਰਾਨੀ ਹੇਠ, ਦਾਨਵੀਰ ਕ੍ਰਿਕਟ ਅਤੇ ਫੂਟੀ ਦੋਹਾਂ ਖੇਡਾਂ ਦੀ ਤਿਆਰੀ ਕਰਦਾ ਰਿਹਾ।
ਫੂਟੀ ਖੇਡ ਨੂੰ ਖੇਡਦਿਆਂ ਦਾਨਵੀਰ ਛੋਟੀਆਂ ਛੋਟੀਆਂ ਮੱਲ੍ਹਾਂ ਹਮੇਸ਼ਾ ਹੀ ਮਾਰਦਾ ਰਿਹਾ ਹੈ। ਅਤੇ ਇਸੇ ਦੇ ਚੱਲਦਿਆਂ, ਬੀਤੇ ਸਾਲ ਡਿਵਿਜ਼ਨ 3 ਦਾ ਕੈਪਟਨ ਵੀ ਰਿਹਾ ਹੈ। ਖੇਡਾਂ ਦੀ ਪ੍ਰਾਪਤੀਆਂ ਅਤੇ ਸਮਾਂ ਬਦਲਦਿਆਂ ਦਾਨਵੀਰ ਨੂੰ ਡਿਵਿਜ਼ਨ 2 ਵਿੱਚ ਲਿਆਂਦਾ ਗਿਆ ਅਤੇ ਇਸੇ ਵਿੱਚ ਰਹਿੰਦਿਆਂ, ਅੱਜ, ਦਾਨਵੀਰ ਨੇ SANF ਦੀ ਅੰਡਰ – 13 ਡਿਵੀਜ਼ਨ 2 ਦੇ ਮੁਕਾਬਲਿਆਂ ਵਿੱਚ ਆਪਣੀ ਟੀਮ ਨਾਲ ਖੇਡਦਿਆਂ, ਅੰਡਰ 13 ਮੁਕਾਬਲਿਆਂ U13 Modbury Gold” ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਬਦਲੇ ਫਾਈਨਲ ਮੈਚ ਵਿੱਚ U13 Phantoms” ਟੀਮ ਨੂੰ ਇੱਕ ਵੱਡੇ ਅੰਤਰ ਨਾਲ ਮਾਤ ਦਿੱਤੀ ਹੈ। ਆਪਣੀ ਬੇਹਤਰੀਨ ਖੇਡ ਦੇ ਚਲਦੇ ਦਾਨਵੀਰ ਨੂੰ Best On Ground ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਸਦੀ ਛੋਟੀ ਜਿਹੀ ਉਮਰ ਮੁਤਾਬਿਕ, ਇਹ ਖ਼ਿਤਾਬ ਉਸ ਵਾਸਤੇ ਬਹੁਤ ਵੱਡੀ ਪ੍ਰਾਪਤੀ ਹੈ।
ਇਸ ਸਮੇਂ ਦਾਨਵੀਰ, ਐਡੀਲੇਡ ਦੇ ਐਂਡੇਵਰ ਕਾਲਜ ਐਡੀਲੇਡ ਵਿਖੇ ਆਪਣੀ ਪੜ੍ਹਾਈ ਕਰ ਰਿਹਾ ਹੈ ਅਤੇ 7ਵੇਂ ਸਾਲ ਵਿੱਚ ਹੈ।
ਦਾਨਵੀਰ ਦੀ ਇੱਕ ਛੋਟੀ ਭੈਣ ‘ਅਨਹਦ’ ਹੈ ਜੋ ਕਿ ਆਪਣੇ ਭਰਾ ਵਾਂਗ ਹੀ, ਛੋਟੀ ਜਿਹੀ ਉਮਰ ਵਿੱਚ ਹੀ ਖੇਡਾਂ ਵਿੱਚ ਕਾਫੀ ਦਿਲਚਸਪੀ ਲੈ ਰਹੀ ਹੈ ਅਤੇ ਬਾਸਕਟ ਬਾਲ ਦੀ ਖੇਡ ਰਾਹੀਂ ਵਧੀਆ ਪ੍ਰਦਰਸ਼ਨ ਨਾਲ ਸਭ ਦੀਆਂ ਨਜ਼ਰਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ।
ਮੌਜੂਦਾ ਸਮੇਂ ਵਿੱਚ ਦਾਨਵੀਰ ਦੀ ਜ਼ਿਲ੍ਹੇ ਦੀ ਕ੍ਰਿਕਟ ਟੀਮ ਵਿੱਚ ਵੀ ਸਿਲੈਕਸ਼ਨ ‘ਅੰਡਰ 14’ ਵਿਚ ਹੋ ਗਈ ਹੈ ਅਤੇ ਸਭ ਨੂੰ ਉਮੀਦ ਹੈ ਕਿ ਦਾਨਵੀਰ ਹਮੇਸ਼ਾ ਦੀ ਤਰ੍ਹਾਂ ਹੀ ਇਸ ਖੇਡ ਵਿੱਚ ਵੀ ਨਵੀਆਂ ਮੱਲ੍ਹਾਂ ਮਾਰੇਗਾ ਅਤੇ ਇੱਕ ਵਾਰੀ ਫੇਰ ਤੋਂ ਅਖ਼ਬਾਰਾਂ ਅਤੇ ਮੀਡੀਆ ਦੀਆਂ ਸੁਰਖੀਆਂ ਬਣੇਗਾ ਅਤੇ ਇਹ ਸਿਲਸਿਲਾ ਲਗਾਤਾਰ, ਆਉਣ ਵਾਲੇ ਭਵਿੱਖ ਵਿੱਚ ਚੱਲਦਾ ਰਹੇਗਾ।
ਦਾਨਵੀਰ ਦੇ ਮਾਪਿਆਂ -ਜੱਗੀ ਰੰਧਾਵਾ ਜੀ ਅਤੇ ਉਨ੍ਹਾਂ ਦੀ ਪਤਨੀ ਸਰਨਜੀਤ ਕੌਰ ਜੀ, ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਪੂਰਾ ਮਨ ਹੈ ਕਿ ਦੋਨੋਂ ਬੱਚੇ ਖੇਡ ਦੀ ਦੁਨੀਆ ਵਿੱਚ ਆਪਣਾ ਭਵਿੱਖ ਬਣਾਉਣ ਅਤੇ ਦੁਨੀਆ ਦੀਆਂ ਹਰ ਬੁਲੰਦੀਆਂ ਨੂੰ ਹਾਸਿਲ ਕਰਨ। ਇਸ ਵਾਸਤੇ ਉਹ ਦੋਹਾਂ ਬੱਚਿਆਂ ਨੂੰ ਹਮੇਸ਼ਾ ਹੱਲਾਸ਼ੇਰੀ ਦਿੰਦੇ ਰਹਿਣਗੇ ਅਤੇ ਉਹ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਦੀ ਕ੍ਰਿਪਾ ਇਨ੍ਹਾਂ ਬੱਚਿਆਂ ਉਪਰ ਹੀ ਨਹੀਂ ਸਗੋਂ ਦੁਨੀਆ ਦੇ ਹਰ ਉਸ ਬੱਚੇ ਉਪਰ ਜੋ ਕਿ ਆਪਣੇ ਜੀਵਨ ਨੂੰ ਵਧੀਆ ਬਣਾਉਣ ਵਾਸਤੇ ਹਮੇਸ਼ਾ ਕਿਰਿਆ ਸ਼ੀਲ ਰਹਿੰਦਾ ਹੈ, ਉਸ ਉਪਰ, ਹਮੇਸ਼ਾ ਹੀ ਬਣੀ ਰਹੇ।