
(ਦ ਏਜ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਬੀਤੇ ਕੱਲ੍ਹ ਰਾਜ ਅੰਦਰ ਹੋਏ 24,673 ਕੋਵਿਡ-19 ਦੇ ਟੈਸਟਾਂ ਤੋਂ ਸੰਤੁਸ਼ਟੀ ਜਤਾਉਂਦਿਆਂ ਕਿਹਾ ਹੈ ਕਿ ਸਾਰਿਆਂ ਦੀ ਮਦਦ ਨਾਲ ਹੁਣ ਅਸੀਂ ਕੋਵਿਡ-19 ਦੀ ਮਾਰ ਵਿਚੋਂ ਬਾਹਰ ਨਿਕਲ ਰਹੇ ਹਾਂ ਅਤੇ ਇਸ ਦੀ ਇੱਕ ਤਾਜ਼ਾ ਉਦਾਹਰਣ ਇਹ ਵੀ ਹੈ ਕਿ ਅੱਜ ਹੋਸਪਿਟੈਲਿਟੀ ਅਤੇ ਰਿਟੇਲ ਖੇਤਰਾਂ ਅੰਦਰ 180,000 ਦੇ ਕਰੀਬ ਵਿਕਟੋਰੀਆਈ ਕਾਮੇ ਆਪਣੇ ਆਪਣੇ ਕੰਮਾਂ ਉਪਰ ਵਾਪਿਸ ਆਏ ਹਨ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਕਰੋਨਾ ਟੈਸਟ ਕਰਵਾਉਣ ਅਤੇ ਲੋੜ ਪੈਣ ਤੇ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਗਰ ਕਿਸੇ ਨੂੰ ਕੋਈ ਮਾਮੂਲੀ ਜਿਹੇ ਲੱਛਣ ਵੀ ਹਨ ਤਾਂ ਉਹ ਵੀ ਆਪਣਾ ਕਰੋਨਾ ਟੈਸਟ ਜ਼ਰੂਰ ਕਰਵਾਉਣ ਤਾਂ ਜੋ ਅਸੀਂ ਬਿਮਾਰੀ ਨੂੰ ਫੈਲਾਉਣ ਵਾਲੇ ਵਿਸ਼ਾਣੂਆਂ ਦੀ ਜੜ੍ਹ ਤੱਕ ਵਾਕਿਫ ਰਹੀਏ ਅਤੇ ਇਸ ਨੂੰ ਹੋਰ ਫੈਲਣ ਤੋਂ ਰੋਕਣ ਵਿੱਚ ਕਾਮਯਾਬ ਹੁੰਦੇ ਰਹੀਏ। ਉਨ੍ਹਾਂ ਇਹ ਵੀ ਕਿਹਾ ਅੱਜ ਕਈ ਮਹੀਨਿਆਂ ਬਾਅਦ 16,200 ਰਿਟੇਲ ਸਟੋਰ, 5800 ਕੈਫੇ ਅਤੇ ਰੈਸਟੋਰੈਂਟ ਅਤੇ 1000 ਸੈਲੁਨ ਮੁੜ੍ਹ ਤੋਂ ਖੁੱਲ੍ਹ ਗਏ ਹਨ ਅਤੇ ਕਰੋਨਾ ਦੀਆਂ ਅਹਿਤਿਆਦਨ ਜ਼ਰੂਰਤਾਂ ਅਤੇ ਨਿਯਮਾਂ ਮੁਤਾਬਿਕ ਹੀ ਅਜਿਹੇ ਅਦਾਰਿਆਂ ਨੇ ਆਪਣਾ ਕੰਮਕਾਜ ਸ਼ੁਰੂ ਵੀ ਕਰ ਦਿੱਤਾ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਹੁਣ ਪਿੱਛੇ ਨਹੀਂ ਮੁੜਾਂਗੇ ਅਤੇ ਅਗਲਾ ਕਦਮ ਅੱਗੇ ਵੱਲ ਨੂੰ ਹੀ ਹੋਵੇਗਾ।