ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਟਰਾਮਾ ਸੈਂਟਰ ਵਿੱਚ ਭਰਤੀ -ਪਸਲੀਆਂ ਟੁੱਟੀਆਂ, ਰੀੜ੍ਹ ਦੀ ਹੱਡੀ ਤੇ ਵੀ ਲੱਗੀ ਸੱਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆ ਰਾਜ ਦੇ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੂੰ ਬੀਤੇ ਦਿਨ ਗਿਰ ਜਾਣ ਕਾਰਨ ਹਸਪਤਾਲ ਭਰਤੀ ਕਰਵਾਉਣਾ ਪਿਆ ਸੀ ਅਤੇ ਹੁਣ ਹਸਪਤਾਲ ਦੀ ਰਿਪੋਰਟ ਮੁਤਾਬਿਕ ਉਨ੍ਹਾਂ ਨੂੰ ਪਸਲੀਆਂ ਟੁੱਟ ਜਾਣ ਕਾਰਨ ਅਤੇ ਰੀੜ੍ਹ ਦੀ ਹੱਡੀ ਉਪਰ ਵੀ ਸੱਟ ਲੱਗੀ ਹੋਣ ਕਾਰਨ ਮੈਲਬੋਰਨ ਦੇ ਟਰਾਮਾ ਸੈਂਟਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ 48 ਸਾਲਾਂ ਦੇ ਡੇਨੀਅਲ ਬੀਤੇ ਦਿਨ ਮੋਰਨਿੰਗਟਨ ਪੈਨਿੰਨਸੂਲਾ ਵਿਖੇ ਇੱਕ ਰਿਹਾਇਸ਼ੀ ਮਕਾਨ ਵਿੱਚ ਗਿੱਲੀਆਂ ਪੌੜੀਆਂ ਉਪਰੋਂ ਫਿਸਲ ਗਏ ਸਨ ਅਤੇ ਉਨ੍ਹਾਂ ਨੂੰ ਫੌਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਐਕਸ-ਰੇ ਤੋਂ ਬਾਅਦ ਹੁਣ ਉਨ੍ਹਾਂ ਨੂੰ ਕਈ ਤਰ੍ਹਾਂ ਦੀ ਹੱਡੀਆਂ ਦੀ ਤੋੜ-ਭੰਨ ਕਾਰਨ ਐਲਫਰਡ ਟਰਾਮਾ ਸੈਂਟਰ ਮੈਲਬੋਰਨ ਵਿੱਚ ਜ਼ੇਰੇ ਇਲਾਜ ਕੀਤਾ ਗਿਆ ਹੈ।
ਪ੍ਰੀਮੀਅਰ ਅਤੇ ਪਰਵਾਰਕ ਮੈਂਬਰਾਂ ਨੇ ਉਚੇਚੇ ਤੌਰ ਤੇ ਐਂਬੁਲੈਂਸ ਵਿਕਟੋਰੀਆ ਪੈਨਿੰਨਸੁਲਾ ਅਤੇ ਸਮੁੱਚੇ ਮੈਡੀਕਲ ਸਟਾਫ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਸਮਾਂ ਰਹਿੰਦਿਆਂ ਉਨ੍ਹਾਂ ਦੇ ਇਲਾਜ ਵਿੱਚ ਦਿਲਚਸਪੀ ਦਿਖਾਈ।
ਡੇਨੀਅਲ ਹੁਣ ਅਗਲੇ 5 ਦਿਨਾਂ ਲਈ ਮੈਡੀਕਲ ਮਾਹਿਰਾਂ ਦੀ ਦੇਖ-ਰੇਖ ਵਿੱਚ ਹੀ ਰਹਿਣਗੇ ਅਤੇ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਕਾਰਜਕਾਰੀ ਪ੍ਰੀਮੀਅਰ ਦਾ ਪਦ-ਪਾਰ ਮੌਜੂਦਾ ਵਧੀਕ ਪ੍ਰੀਮੀਅਰ ਜੇਮਜ਼ ਮਰਲੀਨੋ ਸੰਭਾਲਣਗੇ।
ਜ਼ਿਕਰਯੋਗ ਇਹ ਵੀ ਹੈ ਕਿ ਡੇਨੀਅਲ ਐਂਡ੍ਰਿਊਜ਼ ਵਿਕਟੋਰੀਆਈ ਲਿਬਰਲ ਪਾਰਟੀ ਦੇ 2010 ਤੋਂ ਹੀ ਨੇਤਾ ਰਹੇ ਹਨ ਅਤੇ 2014 ਤੋਂ ਉਹ ਰਾਜ ਦੇ ਪ੍ਰੀਮੀਅਰ ਹਨ।

Install Punjabi Akhbar App

Install
×