
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਦਿਨੀਂ ਮਾਰਚ 9 ਨੂੰ, ਵਿਕਟੋਰੀਆ ਦੇ ਪ੍ਰੀਮੀਅਰ, ਜੋ ਕਿ ਪੋੜੀਆਂ ਵਿਚੋਂ ਫਿਸਲ ਕੇ ਗਿਰ ਜਾਣ ਕਾਰਨ ਆਪਣੀਆਂ ਪਸਲੀਆਂ ਅਤੇ ਰੀੜ੍ਹ ਦੀ ਹੱਡੀ ਉਪਰ (ਟੀ-7 ਵਰਟੈਬਰਾ) ਚੋਟ ਖਾ ਬੈਠ ਸਨ ਅਤੇ ਹਸਪਤਾਲ ਅੰਦਰ ਜ਼ੇਰੇ ਇਲਾਜ ਸਨ, ਨੂੰ ਅੱਜ ਅਲਫਰਡ ਹਸਪਤਾਲ ਦੇ ਟਰਾਮਾ ਸੈਂਟਰ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਉਹ ਹੁਣ ਆਪਣੇ ਘਰ ਵਿੱਚ ਹੀ ਆਰਾਮ ਕਰਨਗੇ ਜਦੋਂ ਤੱਕ ਕਿ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਪੂਰੀ ਤਰ੍ਹਾਂ ਦਰੁਸਤ ਨਹੀਂ ਹੋ ਜਾਂਦੀ।
ਹਸਪਤਾਲ ਦੇ ਟਰਾਮਾ ਸੇਵਾਵਾਂ ਵਾਲੇ ਵਿਭਾਗ ਦੇ ਡਾਇਰੈਕਟਰ ਪ੍ਰੋਫੈਸਰ ਮਾਰਕ ਫਿਜ਼ਰਾਲਡ ਨੇ ਕਿਹਾ ਕਿ ਪ੍ਰੀਮੀਅਰ ਦੀ ਰਿਕਵਰੀ ਤੋਂ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰ ਸੰਤੁਸ਼ਟ ਹਨ ਪਰੰਤੂ ਇਹ ਵੀ ਸੱਚ ਹੈ ਕਿ 48 ਸਾਲਾ ਡੇਨੀਅਲ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਕਾਫੀ ਸਮਾਂ ਲੱਗ ਸਕਦਾ ਹੈ ਅਤੇ ਉਨ੍ਹਾਂ ਨੂੰ ਪੂਰਨ ਧਿਆਨ ਰੱਖਣ ਦੀ ਵੀ ਜ਼ਰੂਰਤ ਹੈ। ਸਰਜਰੀ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਸਰਜਰੀ ਦੀ ਹਾਲ ਦੀ ਘੜੀ ਤਾਂ ਕੋਈ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਅਤੇ ਮਰੀਜ਼ ਦੀ ਰਿਕਵਰੀ ਠੀਕ ਹੋ ਰਹੀ ਹੈ ਪਰੰਤੂ ਉਹ ਜ਼ੇਰੇ ਇਲਾਜ ਹਨ ਅਤੇ ਡਾਕਟਰਾਂ ਦੀ ਦੇਖਰੇਖ ਵਿੱਚ ਹੀ ਹਨ।
ਡੇਨੀਅਲ ਐਂਡ੍ਰਿਊਜ਼ ਦੀ ਰੀੜ੍ਹ ਦੀ ਹੱਡੀ ਨੂੰ ਸਪੋਰਟ ਦੇਣ ਲਈ ਬੈਕ ਬ੍ਰੇਸ (ਬੈਲਟ) ਲਗਾਈ ਗਈ ਹੈ ਅਤੇ ਹਸਪਤਾਲ ਦੀਆਂ ਘਰੇਲੂ ਸੇਵਾਵਾਂ (Better@Home service) ਤਹਿਤ ਨਿਰੰਤਰ ਉਨ੍ਹਾਂ ਨੂੰ ਫਿਜ਼ਿਓਥੈਰੇਪੀ ਟ੍ਰੀਟਮੈਂਟ ਦਿੱਤਾ ਜਾ ਜਾਵੇਗਾ।
ਅਧਿਕਾਰਿਕ ਸੂਤਰਾਂ ਦਾ ਮੰਨਣਾ ਹੈ ਕਿ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੂੰ ਹਾਲੇ ਘੱਟੋ ਘੱਟ 6 ਹਫ਼ਤਿਆਂ ਲਈ ਛੁੱਟੀ ਉਪਰ ਰਹਿਣਾ ਪੈ ਸਕਦਾ ਹੈ ਅਤੇ ਜੇਕਰ ਉਨ੍ਹਾਂ ਦੀ ਸਰਜਰੀ ਦਾ ਪ੍ਰਾਵਧਾਨ ਬਣਦਾ ਹੈ ਤਾਂ ਫੇਰ ਘੱਟੋ ਘੱਟ ਵੀ 3 ਮਹੀਨਿਆਂ ਲਈ ਉਹ ਛੁੱਟੀ ਉਪਰ ਰਹਿਣਗੇ।