ਮੇਰੀ ਡਾਇਰੀ ਦਾ ਪੰਨਾ-3

ਫਸਲ ਮਰੇ ਤਾਂ ਜੱਟ ਮਰ ਜਾਂਦਾ……………..

damaged crops

23 ਸਤੰਬਰ ਦੀ ਰਾਤ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਾਰਕਰ ਗੈਸਟ-ਹਾਉਸ ਅੰਦਰ ਆਪਣੇ ਕਮਰੇ ‘ਚ ਬੈਠਾ ਮੈਂ ਡਾਇਰੀ ਦਾ ਪੰਨਾ ਵੀ ਪਾਰਕਰ ਪੈੱਨ ਨਾਲ ਹੀ ਲਿਖ ਰਿਹਾ ਹਾਂ, ਇਹ ਪਾਰਕਰ ਦਾ ਪੈੱਨ ਮੈਨੂੰ ਲੇਖਕ ਮਿੱਤਰ ਗੁਰਪਾਲ ਸਿੰਘ ਨੇ 2010 ਵਿੱਚ ਲੰਡਨ ਫੇਰੀ ਸਮੇਂ ਆਪਣੇ ਘਰੋਂ ਦਿੱਤਾ ਸੀ। ਅੱਠ ਸਾਲ ਬੀਤਣ ਲੱਗੇ ਹਨ, ਇਸ ਪੈੱਨ ਨਾਲ ਬੜਾ ਕੁਛ ਲਿਖਿਆ ਹੈ। ਬੜਾ ਰਵਾਂ ਹੈ ਇਹ ਪੈੱਨ ਕਾਲੀ ਸਿਆਹੀ ਭਰਦਾ ਰਹਿੰਦਾ ਹਾਂ! ਏਹਨੂੰ ਸਾਂਭ-ਸਾਂਭ ਰਖਦਾ ਹਾਂ, ਰਤਾ ਵਿਸਾਹ ਨਹੀਂ ਖਾਂਦਾ ਇਹਦਾ। ਇੱਕ ਵਾਰ ਬੱਸ ਵਿਚ ਬੈਠਾ ਕੁਝ ਲਿਖਦਾ-ਲਿਖਦਾ ਸੌਂ ਗਿਆ ਸਾਂ। ਪੈੱਨ ਡਾਇਰੀ ਵਿਚ ਸੀ ਤੇ ਉਤਰਨ੍ਹ ਲੱਗੇ ਨੇ ਡਾਇਰੀ ਚੁੱਕ ਲਈ, ਪੈੱਨ ਸੀਟ ਉਤੇ ਹੀ ਰਹਿ ਗਿਆ ਸੀ। ਪਤਾ ਉਦੋਂ ਹੀ ਲੱਗ ਗਿਆ, ਜਦ ਬੱਸ ਦੇ ਡਰੈਵਰ ਦੇ ਬੱਸ ਅਗਾਂਹ ਤੋਰੀ ਤੇ ਰੇਸ ਦੱਬੀ ਸੀ। ਇੱਕ ਆਟੋ ਵਾਲੇ ਨੂੰ ਬੇਨਤੀ ਕੀਤੀ ਕਿ ਪੈਸੇ ਜਿੰਨੇ ਮਰਜ਼ੀ ਲੈ ਲਵੀਂ, ਬਸ਼ ਓਸ ਬੱਸ ਦੇ ਮਗਰ ਲਾ ਲੈ, ਮੇਰਾ ਪੈੱਨ  ਰਹਿ ਗਿਆ ਸੀਟ ‘ਤੇਯਾਰ ਮਿੰਨਤ ਆਲੀ ਗੱਲ ਈ ਐ। ਆਟੋ ਸੀ ਤਾਂ ਭਾਵੇਂ ਸਰੀਰੋ ਮਾੜਾ ਪਰ ਤੋੜ ਨਿਭਾਈ ਓਸ ਨੇ, ਤੇ ਤੀਜੇ ਅੱਡੇ ਬਸ ਜਾ ਫੜੀ। ਸੀਟ ਉਤੋਂ ਪੈੱਨ ਚੁੱਕਿਆ। ਕੰਡੈਕਟਰ ਬੜਾ ਹੈਰਾਨ ਸੀ। ਆਟੋ ਵਾਲੇ ਨੂੰ ਖੁਸ਼ ਹੋ ਕੇ ਚਿੜੇ ਦੇ ਕੰਨ ਵਰਗੇ ਦੋ ਦਿੱਤੇ ਸੌ ਸੌ ਦੇ!
*************
ਅੱਜ ਜਦ ਦੁਪਹਿਰੈ ਇਸ ਗੈਸਟ-ਹਾਊਸ ਆਇਆ, ਤਾਂ ਅੱਸੀ ਨੰਬਰ ਕਮਰਾ ਦਿੱਤਾ ਗਿਆ। ਥੋੜਾ ਸੁਸਤਾਉਣ ਲਈ ਲੇਟਿਆ। ਅੱਖ ਲੱਗ ਗਈ ਸੀ। ਜਦ ਉੱਠਿਆ ਤਾਂ ਆਥਣ ਸੀ। ਕਮਰੇ ‘ਚੋਂ ਅਜੀਬ ਤਰਾਂ ਗੰਧ ਆ ਰਹੀ ਸੀ, ਇਵੇਂ ਦੀ ਗੰਧ, ਜਿਵੇਂ ਮੀਂਹ ‘ਚ ਭਿੱਜੇ ਕੁੱਤੇ ਏਸ ਕਮਰੇ ‘ਚ ਲੜਦੇ ਰਹੇ ਹੋਣ ਤੇ ਭੌਂਕਦੇ-ਭੌਂਕਦੇ ਹੌਂਕਦੇ-ਹੌਂਕਦੇ ਭੱਜ ਗਏ ਹੋਣ! ਹੁਣ ਇਕ ਪਲ ਵੀ ਇਸ ਕਮਰੇ ਵਿਚ ਹੋਰ ਰੁਕਣ ਲਈ ਦਿਲ ਨਹੀਂ ਸੀ ਕਰ ਰਿਹਾ। ਜਲਦ ਹੀ ਕੇਅਰ ਟੇਕਰ ਨੇ ਤੀਜੀ ਮੰਜਿਲ ਉਤੇ ਹੋਰ ਵਧੀਆ ਕਮਰਾ ਦੇ ਦਿੱਤਾ।
19 ਸਤੰਬਰ ਦੀ ਆਥਣ ਸੀ, ਵੈਟਸ-ਐਪ ਉਤੇ ਸੁਨੇਹਾ ਸੀ ਕਿ  22 ਤੋਂ 24 ਸਤੰਬਰ ਤੱਕ ਪੰਜਾਬ ਵਿਚ ਭਾਰੀ ਮੀਂਹ ਪੈਣਗੇ। ਪੰਜਾਬ ਦੇ ਜਿਲਿਆਂ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਮੌਸਮ ਵਿਭਾਗ ਦੇ ਡਾਇਰੈਕਟਰ ਨੇ ਅਲਰਟ ਦੀ ਚਿੱਠੀ ਕੱਢੀ। ਅੱਜ ਸਾਰਾ ਦਿਨ ਮੀਂਹ ਪਈ ਗਿਆ ਹੈ, ਮੀਂਹ ਤਾਂ ਕੱਲ੍ਹ ਤੋਂ ਹੀ ਸ਼ੁਰੂ ਹੋ ਗਿਆ ਸੀ। ਕਮਰੇ ਵਿਚ ਬੈਠੇ ਨੇ ਖਿੜਕੀ ਵਿਚੋਂ ਦੇਖਿਆ, ਕਾਲੇ-ਘਨਘੋਰ ਬੱਦਲ। ਕਿਣਮਿਣ ਕਦੇ ਤੇਜ਼ ਹੋ ਜਾਂਦੀ ਤੇ ਕਦੇ ਭੋਰਾ ਮੱਧਮ। ਕਦੇ ਹਵਾ ਵਗਦੀ ਤਾਂ ਰੁੱਖ ਹਿਲਦੇ ਦੇਖ ਮਨ ਮਸੋਸਦਾ ਕਿ ਹੁਣ ਝੋਨਾ ਕਿੱਥੋਂ ਬਚੇਗਾ? ਪੱਕਿਆ ਖੜ੍ਹਾ, ਮੁੰਜਰਾਂ ਕੱਢੀ, ਸੁਨੈਹਰੀ ਭਾਅ ਮਾਰਦਾ ਤੇ ਹੁਣ ਬੁਰੀ ਤਰਾਂ ਭਿੱਜ ਕੇ ਡਿੱਗ ਪਵੇਗਾ। ਕਿਸਾਨਾਂ ਦੇ ਟੁੱਟੇ ਲੱਕ ਤਾਂ ਪਹਿਲਾਂ ਹੀ ਠੀਕ ਨਹੀਂ ਹੋ ਰਹੇ। ਸੋਚ ਰਿਹਾ ਹਾਂ। ਮੈਂ ਚਾਹੇ ਕਿਸਾਨ ਨਹੀਂ ਵੀ ਹਾਂ, ਤੇ ਝੋਨਾ ਤਾਂ ਕੀ ਲਾਉਣਾ?ਪਰ ਲੋਕਾਂ ਦੇ ਖੇਤੀਂ ਖੜ੍ਹਾ ਝੋਨਾ ਕਦੇ ਮੈਨੂੰ ਬਿਗਾਨਾ ਲੱਗਿਆ ਹੀ ਨਹੀਂ। ਖਾਸ ਕਰ, ਮੇਰੇ ਪਿੰਡ ਦੇ ਖੇਤਾਂ ਵਿਚ।
****************
24 ਸਤੰਬਰ ਦੀ ਅੱਧੀ ਰਾਤ ਤੀਕ ਮੀਂਹ ਨੇ ਕੋਈ ਕਸਰ ਨਹੀਂ ਛੱਡੀ। ਪਰ ਹਵਾ ਨੂੰ ਕਿਸਾਨਾਂ ‘ਤੇ ਜਿਵੇਂ ਤਰਸ ਆਉਦਾ ਰਿਹਾ ਹੋਵੇ! ਮੌਸਮ ਦੇ ਜੋæਰ ਪਾਉਣ ‘ਤੇ ਵੀ ਨਹੀਂ ਵਗੀ ਹਵਾ! ਬਹੁਤੇ ਥਾਂਈ ਬਚਾਅ ਹੋ ਗਿਆ। 25 ਸਤੰਬਰ ਨੂੰ ਪਿੰਡ ਆਇਆ ਤਾਂ ਰਾਜ਼ੀ-ਬਾਜ਼ੀ ਖਲੋਤੇ ਝੋਨੇ ਦੇਖ ਮਨੋਂ-ਮਨੀਂ ਉਪਰ ਵਾਲੇ ਦਾ ਧੰਨਵਾਦ ਕਰਨੋਂ ਨਾ ਰਹਿ ਸਕਿਆ। ਮੇਰਾ ਇੱਕ ਆੜ੍ਹਤੀਆ ਮਿੱਤਰ ਆਖ ਰਿਹਾ ਸੀ ਕਿ ਦਿਲ ਸਾਡਾ ਵੀ ਡਰਦਾ ਸੀ, ਜੇ ਕਿਸਾਨ ਦੀ ਫਸਲ ਮਾਰੀ ਜਾਂਦੀ ਐ ਤਾਂ ਸਾਡਾ ਵੀ ਕੁਛ ਨਹੀਂ ਬਚਦਾ, ਜੇ ਕਿਸਾਨ ਜੀਂਦਾ ਐ ਤਾਂ ਅਸੀਂ ਜੀਂਦੇ ਆਂ। ਆੜ੍ਹਤੀਏ ਮਿੱਤਰ ਦੀ ਗੱਲ ਸੁਣਦੇ-ਸੁਣਦੇ ਮੈਨੂੰ ਚੇਤਾ ਆਇਆ ਕਿ ਕੱਲ੍ਹ ਹੀ ਕਿਸੇ ਨੇ ਵਟਸ-ਐਪ ‘ਤੇ ਲਿਖਿਆ ਸੀ ਕਿ ਅੱਜ ਮੌਸਮ ਬੜਾ ਸੁਹਾਵਣਾ ਹੈ, ਇੰਜੁਆਏ ਕਰਨ ਵਾਲਾ। ਇਹ ਮੈਸਿਜ਼ ਲਿਖਣ ਵਾਲਾ ਬੰਦਾ ਸ਼ਹਿਰੀ ਸੀ। ਇਹ ਸੱਚ ਹੈ ਕਿ ਇਹੋ-ਜਿਹਾ ਮੌਸਮ ਕਿਸੇ ਲਈ ਮਾਨਣ ਵਾਲਾ ਹੁੰਦੈ ਤੇ ਕਿਸੇ ਲਈ ਮਾਰ ਸੁੱਟ੍ਹਣ ਵਾਲਾ! ਮਿੱਤਰ ਗਾਇਕ ਹਰਿੰਦਰ ਸੰਧੂ ਗਾਉਂਦਾ ਹੁੰਦੈ: ‘ਫਸਲ ਮਰੇ ਤਾਂ ਜੱਟ ਮਰ ਜਾਂਦਾ ਰਾਤ ਮਰੇ ਤਾਂ ਤਾਰਾ’। ਜਿੱਥੇ-ਕਿਤੇ ਫਸਲ ਨੂੰ ਪਾਣੀ ਗਟ-ਗਟ ਕਰ ਕੇ ਪੀ ਗਿਆ ਹੈ, ਉਥੋਂ ਉਹਨਾਂ ਲੋਕਾਂ ਦੇ ਦਿਲ ਦਾ ਹਾਲ ਜਾਣੇ ਤੋਂ ਹੀ ਪਤਾ ਲਗਦਾ ਹੈ। ਖੁਦਾ ਖੈਰ ਕਰੇ! (26 ਸਤੰਬਰ, ਦੀ ਆਥਣ)

(ਨਿੰਦਰ ਘੁਗਿਆਣਵੀ)

ninder_ghugianvi@yahoo.com

Welcome to Punjabi Akhbar

Install Punjabi Akhbar
×
Enable Notifications    OK No thanks