ਆਓ ਵਿਚਾਰ ਕਰੀਏ: ਗ਼ੁਰਬਤ ਦੂਰ ਕਰਨ ਦਾ ਕਾਨੂੰਨ ਬਣਾਓ….. ਵੋਟਾਂ ਪਾ ਦਿਆਂਗੇ

ਸਦੀਆਂ ਦੀ ਗ਼ੁਲਾਮੀ ਨੇ ਸਾਨੂੰ ਇਹ ਸਮਝਾ ਦਿੱਤਾ ਸੀ ਕਿ ਸਾਡੇ ਲੋਕਾਂ ਦੀਆਂ ਜਿਤਨੀਆਂ ਵੀ ਸਮੱਸਿਆਵਾਂ ਹਨ ਇਹ ਸਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਨੇ ਇਸ ਮੁਲਕ ਦੇ ਲੋਕਾਂ ਦੀ ਗ਼ੁਰਬਤ ਵਿਚੋਂ ਜਨਮ ਲਿਆ ਸੀ। ਇਹ ਗ਼ੁਰਬਤ ਕੋਈ ਰੱਬ ਦੀ ਦੇਣ ਨਹੀਂ ਹੈ ਅਤੇ ਨਾਂ ਹੀ ਅਸੀਂ ਸਾਰੇ ਦੇ ਸਾਰੇ ਉਹ ਲੋਕ ਹਾਂ ਜਿਹੜੇ ਪਿਛਲੇ ਜਨਮਾਂ ਵਿੱਚ ਪਾਪ ਕਰਦੇ ਰਹੇ ਹਾਂ ਅਤੇ ਰੱਬ ਨੇ ਸਜ਼ਾ ਵਜੋਂ ਸਾਨੂੰ ਇਸ ਮੁਲਕ ਵਿੱਚ ਸਜ਼ਾ ਭੁਗਤਣ ਲਈ ਭੇਜ ਦਿੱਤਾ ਹੈ। ਅਸਾਂ ਸਾਰਿਆਂ ਨੇ ਰਲ ਕੇ ਇਹ ਆਜ਼ਾਦੀ ਲਿਆਂਦੀ ਸੀ ਅਤੇ ਇਹ ਅੰਗਰੇਜ਼ ਜਾਣ ਲੱਗਿਆਂ ਇਸ ਮੁਲਕ ਦੀ ਜ਼ਿੰਮੇਵਾਰੀ ਸਾਰੀ ਦੀ ਸਾਰੀ ਰਾਜਸੀ ਲੋਕਾਂ ਹੱਥ ਦੇ ਗਏ ਸਨ ਅਤੇ ਇਹ ਵੀ ਆਖ ਗਏ ਸਨ ਕਿ ਜਿਵੇਂ ਦਾ ਰਾਜ ਅਸਾਂ ਬਣਾ ਦਿੱਤਾ ਹੈ ਇਸ ਨਾਲ ਅਸੀਂ ਪੂਰੀ ਇੱਕ ਸਦੀ ਰਾਜ ਕਰ ਚਲੇ ਹਾਂ ਅਤੇ ਅਗਰ ਇਹ ਰਾਜ ਇਸੇ ਤਰ੍ਹਾਂ ਚੱਲਦਾ ਰੱਖੋਗੇ ਤਾਂ ਤੁਸੀਂ ਵੀ ਕਈ ਸਦੀਆਂ ਰਾਜ ਕਰ ਜਾਉਗੇ। ਅਤੇ ਰਾਜਸੀ ਲੋਕਾਂ ਨੇ ਇਹ ਸੁਝਾਉ ਮਨ ਲਿਆ ਸੀ ਅਤੇ ਅੰਗਰੇਜ਼ਾਂ ਦਾ ਸਾਜਿਆ ਇਹ ਰਾਜ ਅੱਜ ਪੋਣੀ ਸਦੀ ਬੜੀ ਹੀ ਕਾਮਯਾਬੀ ਨਾਲ ਚਲਾਈ ਆ ਰਹੇ ਹਨ।
ਰਾਜਸੀ ਲੋਕਾਂ ਨੇ ਇਹ ਪਰਜਾਤੰਤਰ ਬਣਾਕੇ ਦੁਨੀਆਂ ਨਾਲ ਚੱਲਣ ਦਾ ਇਹ ਜਿਹੜਾ ਢੰਗ ਅਪਣਾਇਆ ਹੈ ਇਹ ਵੀ ਇਨ੍ਹਾਂ ਰਾਜਸੀ ਲੋਕਾਂ ਦੀ ਵੱਡੀ ਕਾਢ ਹੈ। ਹਰ ਪੰਜਾਂ ਸਾਲਾਂ ਬਾਅਦ ਇਸ ਮੁਲਕ ਵਿੱਚ ਵੋਟਾਂ ਪਵਾਈਆਂ ਜਾਂਦੀਆਂ ਹਨ ਅਤੇ ਜਿਸ ਵੀ ਪਾਰਟੀ ਜਾਂ ਧੜੇ ਵਿੱਚ ਜ਼ਿਆਦਾ ਉਮੀਦਵਾਰ ਚੁਣ ਲਏ ਜਾਂਦੇ ਹਨ ਉਹ ਮੁਲਕ ਦਾ ਪ੍ਰਧਾਨ ਮੰਤਰੀ ਬਣ ਬੈਠਦਾ ਹੈ ਅਤੇ ਜਿਹੜੇ ਘੱਟ ਵੋਟਾਂ ਨਾਲ ਸਦਨ ਤਕ ਆ ਜਾਂਦੇ ਹਨ ਉਹ ਵਿਰੋਧੀ ਧਿਰਾਂ ਬਣਕੇ ਇਹ ਸਦਨ ਪੰਜ ਸਾਲਾਂ ਲਈ ਚਲਾ ਜਾਂਦੇ ਹਨ। ਅਰਥਾਤ ਜਿਹੜੇ ਜਿੱਤ ਜਾਂਦੇ ਹਨ ਉਹ ਹਕੂਮਤ ਕਰਦੇ ਹਨ ਅਤੇ ਜਿਹੜੇ ਹਾਰ ਜਾਂਦੇ ਹਨ ਚੁੱਪ ਕਰ ਕੇ ਪੰਜ ਸਾਲ ਹਾਕਮਾਂ ਦੀਆਂ ਗ਼ਲਤੀਆਂ ਨੋਟ ਕਰਦੇ ਰਹਿੰਦੇ ਹਨ ਅਤੇ ਆਪਣੀ ਵਾਰੀ ਦੀ ਉਡੀਕ ਕਰਦੇ ਹਨ। ਇਹ ਵਾਰੀ ਅੱਜ ਜਾਂ ਕਲ ਆ ਵੀ ਜਾਂਦੀ ਹੈ।
ਇਸ ਮੁਲਕ ਵਿੱਚ ਆਜ਼ਾਦੀ ਬਾਅਦ ਖ਼ਾਨਦਾਨੀ ਰਾਜ ਵੀ ਆਇਆ ਹੈ ਅਤੇ ਉਹ ਵੀ ਕਿਸੇ ਨਾਂ ਕਿਸੇ ਵਿਅਕਤੀ ਵਿਸ਼ੇਸ਼ ਦਾ ਹੀ ਬਣਦਾ ਰਿਹਾ ਹੈ ਅਤੇ ਕੁਲ ਮਿਲਾਕੇ ਇਸ ਪਿਛਲੀ ਪੋਣੀ ਸਦੀ ਵਿੱਚ ਸਿਰਫ਼ ਅਤੇ ਸਿਰਫ਼ ਵਿਅਕਤੀ ਵਿਸ਼ੇਸ਼ਾਂ ਦਾ ਹੀ ਰਾਜ ਰਿਹਾ ਹੈ ਅਤੇ ਕੋਈ ਇਹ ਆਖੇ ਕਿ ਇਸ ਮੁਲਕ ਵਿੱਚ ਕੋਈ ਪਰਜਾਤੰਤਰ ਆਇਆ ਹੈ ਤਾਂ ਐਸਾ ਆਖਣਾ ਵੀ ਗ਼ਲਤ ਜਿਹਾ ਲੱਗਦਾ ਹੈ।
ਅੱਜ ਤਕ ਰਾਜਸੀ ਲੋਕ ਇਹੀ ਯਤਨ ਕਰਦੇ ਰਹੇ ਹਨ ਕਿ ਕਿਸੇ ਨਾਂ ਕਿਸੇ ਤਰ੍ਹਾਂ ਜ਼ਿਆਦਾ ਵੋਟਾਂ ਲਿਤੀਆਂ ਜਾਣ। ਅਤੇ ਇਹ ਵੀ ਰਾਜਸੀ ਲੋਕ ਜਾਣਦੇ ਹਨ ਕਿ ਇਸ ਮੁਲਕ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਗ਼ਰੀਬਾਂ ਦੀ ਹੈ ਅਤੇ ਇਹ ਵੀ ਜਾਣਦੇ ਸਨ ਕਿ ਇਹ ਗ਼ਰੀਬ ਲੋਕ ਹੀ ਹਨ ਜਿਹੜੇ ਵੋਟਾਂ ਪਾਉਂਦੇ ਹਨ ਅਤੇ ਇਹ ਗ਼ਰੀਬ ਲੋਕ ਹੀ ਹਨ ਜਿਨ੍ਹਾਂ ਦੀਆਂ ਵੋਟਾਂ ਨਾਲ ਸਰਕਾਰਾਂ ਬਣਦੀਆਂ ਹਨ। ਅਤੇ ਇਸ ਲਈ ਇਹ ਰਾਜਸੀ ਲੋਕ ਇਹ ਟੀਚਾ ਲੈ ਕੇ ਚਲਦੇ ਰਹੇ ਹਨ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਨ੍ਹਾਂ ਗ਼ਰੀਬਾਂ ਦੀਆਂ ਵੋਟਾਂ ਲਿਤੀਆਂ ਜਾਣ। ਇਹ ਗੱਲ ਵੀ ਰਾਜਸੀ ਲੋਕਾਂ ਨੇ ਠਾਣ ਰਖੀ ਸੀ ਕਿ ਗ਼ਰੀਬਾਂ ਨੂੰ ਬਸ ਇਤਨਾ ਕੁੱਝ ਹੀ ਦਿੱਤਾ ਜਾਵੇ ਜਿਸ ਨਾਲ ਇਹ ਜਿਉਂਦੇ ਰਹਿਣ, ਮਰਨ ਨਾ ਅਤੇ ਇਸ ਤਰ੍ਹਾਂ ਇਹ ਨਿੱਕੀਆਂ ਨਿੱਕੀਆਂ ਰਿਆਇਤਾਂ ਅਤੇ ਸਹੂਲਤਾਂ ਦੇ ਕੇ ਰਾਜਸੀ ਲੋਕਾਂ ਨੇ ਰਲ ਕੇ ਗ਼ਰੀਬਾਂ ਦੀ ਗਿਣਤੀ ਅੱਜ ਇਤਨੀ ਬਣਾ ਲਈ ਹੈ ਕਿ ਅਗਰ ਭਾਰਤ ਦਾ ਕੋਈ ਵੀ ਅਮੀਰ ਅਤੇ ਮਧ ਵਰਗ ਦਾ ਆਦਮੀ ਵੋਟ ਨਾ ਵੀ ਪਾਵੇ ਤਾਂ ਵੀ ਵੋਟਾਂ ਵਿੱਚ ਸਤਰ ਅੱਸੀ ਪ੍ਰਤੀਸ਼ਤ ਤਕ ਵੋਟਾਂ ਪੈ ਸਕਦੀਆਂ ਹਨ ਅਤੇ ਸਰਕਾਰ ਬਣਾਈ ਜਾ ਸਕਦੀ ਹੈ।
ਪਿੱਛਲੀ ਪੋਣੀ ਸਦੀ ਦੇ ਇਸ ਰਾਜ ਵਿੱਚ ਜੋ ਵੀ ਹੁੰਦਾ ਰਿਹਾ ਹੈ ਅਸਾਂ ਦੇਖ ਹੀ ਲਿਆ ਹੈ ਅਤੇ ਸਾਡੀ ਸਮਝ ਵਿੱਚ ਇਹ ਵੀ ਆ ਗਿਆ ਹੈ ਕਿ ਇਹ ਪੋਣੀ ਸਦੀ ਦਾ ਰਾਜ ਚੱਲਦਾ ਹੀ ਰਿਹਾ ਹੈ ਅਤੇ ਗ਼ਰੀਬਾਂ ਦੀ ਗਿਣਤੀ ਵਧੀ ਵੀ ਹੈ ਅਤੇ ਅੱਜ ਦਾ ਗਰੀਬ ਇਹ ਵੀ ਸਮਝ ਗਿਆ ਹੈ ਕਿ ਉਹ ਅੱਗੇ ਤੋਂ ਜ਼ਿਆਦਾ ਗ਼ਰੀਬ ਹੋ ਗਿਆ ਹੈ।
ਹੁਣੇ ਜਿਹੇ ਇਸ ਮੁਲਕ ਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਬਣਾ ਲਏ ਸਨ, ਪਰ ਕਿਸਾਨਾਂ ਨੇ ਪਸੰਦ ਨਹੀਂ ਕੀਤੇ ਅਤੇ ਵਕਤ ਦੀ ਸਰਕਾਰ ਦੀ ਨੀਅਤ ਉਤੇ ਵੀ ਉਂਗਲੀ ਖੜੀ ਕਰ ਦਿੱਤੀ ਸੀ। ਅਸਾਂ ਇਹ ਵੀ ਦੇਖਿਆ ਕਿ ਕਿਸਾਨਾਂ ਨੇ ਬੜੀ ਹੀ ਦ੍ਰਿੜ੍ਹਤਾ ਨਾਲ ਅੰਦੋਲਨ ਚਲਾਇਆ ਅਤੇ ਕਾਮਯਾਬ ਵੀ ਹੋ ਗਏ ਹਨ। ਅਰਥਾਤ ਇਹ ਜਿਹੜਾ ਵੀ ਪਰਜਾਤੰਤਰ ਆਇਆ ਹੈ ਅਤੇ ਪੱਕਾ ਵੀ ਹੋ ਗਿਆ ਹੈ, ਇਸ ਪਾਸੋਂ ਵੀ ਕਿਸਾਨਾਂ ਨੇ ਮਾਫ਼ੀ ਮੰਗਵਾ ਲਈ ਹੈ ਅਤੇ ਪਾਸ ਕੀਤੇ ਕਾਨੂੰਨ ਵੀ ਵਾਪਸ ਹੋ ਗਏ ਹਨ। ਅਰਥਾਤ ਅੱਜ ਭਾਰਤ ਦੇ ਲੋਕਾਂ ਦੀ ਸਮਝ ਵਿੱਚ ਆ ਗਿਆ ਹੈ ਕਿ ਉਹ ਚਾਹੁਣ ਤਾਂ ਰਾਜ ਵੀ ਬਦਲੀ ਸਕਦੇ ਹਨ।
ਹੁਣ ਅਗਲੀਆਂ ਚੋਣਾ ਆ ਰਹੀਆਂ ਹਨ ਅਤੇ ਲੋਕ ਵੀ ਤਿਆਰੀ ਕਰਦੇ ਦਿਖਾਈ ਦੇ ਰਹੇ ਹਨ। ਮੁਲਕ ਦੇ ਗ਼ਰੀਬਾਂ ਦੀ ਸਮਝ ਵਿੱਚ ਆ ਗਿਆ ਹੈ ਕਿ ਅੱਜ ਤਕ੩ ਉਨ੍ਹਾਂ ਦੀਆਂ ਵੋਟਾਂ ਲੈਣ ਲਈ ਜੋ ਕੁੱਝ ਵੀ ਕੀਤਾ ਜਾਂਦਾ ਰਿਹਾ ਹੈ ਉਹ ਲੋਕਾਂ ਨੂੰ ਗੁਰਬਤ ਵਿਚੋਂ ਬਾਹਰ ਕਢਣ ਲਈ ਨਹੀਂ ਕੀਤਾ ਗਿਆ ਬਲਕਿ ਗ਼ਰੀਬਾਂ ਦੀ ਗਿਣਤੀ ਜਿਊਂਦੀ ਰੱਖਣ ਲਈ ਅਤੇ ਕਾਇਮ ਰਖਣ ਲਈ ਹੀ ਕੀਤਾ ਜਾਂਦਾ ਰਿਹਾ ਹੈ ਅਤੇ ਅੱਜ ਇਸ ਮੁਲਕ ਦੀ ਤਿੰਨ ਚੌਥਾਈ ਗਿਣਤੀ ਗਰੀਬ ਬਣਾ ਦਿੱਤੀ ਗਈ ਹੈ। ਅਰਥਾਤ ਰਾਜਸੀ ਲੋਕਾਂ ਨੇ ਆਪਣੀਆਂ ਵੋਟਾਂ ਬਣਾ ਰੱਖੀਆਂ ਹਨ ਅਤੇ ਹਾਲਾਂ ਵੀ ਇਹੀ ਆਸ ਰੱਖੀ ਬੈਠੇ ਹਨ ਕਿ ਇਸ ਵਾਰ ਵੀ ਕੋਈ ਨਾ ਕੋਈ ਲਾਰਾ ਜਿਹਾ ਲਗਾ ਕੇ ਗ਼ਰੀਬਾਂ ਦੀਆਂ ਵੋਟਾਂ ਨਾਲ ਸਰਕਾਰ ਬਣ ਜਾਵੇਗੀ ਅਤੇ ਪੰਜ ਸਾਲ ਚੱਲਦੀ ਵੀ ਰਹੇਗੀ।
ਇਸ ਆਸ ਨਾਲੀ ਇਹ ਰਾਜਸੀ ਲੋਕ ਕੰਮ ਕਰ ਰਹੇ ਹਨ। ਇਹ ਰਾਜਸੀ ਲੋਕਾਂ ਦਾ ਰਾਜ ਚੰਗਾ ਹੈ ਜਾਂ ਮਾੜਾ ਹੈ ਇਹ ਗ਼ਰੀਬ ਲੋਕ ਹੀ ਖੜ੍ਹਾ ਕਰਦੇ ਰਹੇ ਹਨ ਅਤੇ ਅੱਜ ਵੀ ਅਗਰ ਇਹ ਗ਼ਰੀਬ ਲੋਕਾਂ ਨੇ ਆਪਣਾ ਇਹ ਅੱਜ ਵਾਲਾ ਸਿਲਸਿਲਾ ਹੀ ਚੱਲਦਾ ਰੱਖਿਆ ਤਾਂ ਇਹੀ ਰਾਜ ਚੱਲਦੇ ਰਹਿਣਗੇ ਅਤੇ ਗਰੀਬਾਂ ਦੀ ਗਿਣਤੀ ਵਧਦੀ ਹੀ ਰਹੇਗੀ। ਇਸ ਲਈ ਅੱਜ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮੁਲਕ ਦੇ ਗ਼ਰੀਬਾਂ ਨੂੰ ਸਮਝ ਲੱਗ ਵੀ ਰਿਹੈ ਕਿ ਉਨ੍ਹਾਂ ਦੇ ਵੋਟਾਂ ਦੀ ਕੀ ਹੈਸੀਅਤ ਹੈ ਅਤੇ ਅਗਰ ਉਹ ਅੱਜ ਹੀ ਕਿਸਾਨਾਂ ਦਾ ਤਰ੍ਹਾਂ ਦ੍ਰਿੜ੍ਹ ਹੋ ਜਾਣ ਤਾਂ ਇਹ ਅਗਲੀਆਂ ਜਿਹੜੀਆਂ ਚੋਣਾ ਆ ਰਹੀਆਂ ਹਨ ਇਸ ਵਿੱਚ ਇਹ ਗਰੀਬ ਲੋਕ ਮੁਲਕ ਦੀ ਹੋਣੀ ਬਦਲ ਕੇ ਰੱਖ ਸਕਦੇ ਹਨ।
ਇਸ ਮੁਲਕ ਦੇ ਲੋਕਾਂ ਨੇ ਰਾਜਸੀ ਲੋਕਾਂ ਨੂੰ ਆਪਣਾ ਹਾਕਮ ਵੀ ਮਨ ਲਿਆ ਹੈ। ਇਹ ਰਾਜਸੀ ਲੋਕ ਹੀ ਚੋਣਾਂ ਵਿੱਚ ਉਮੀਦਵਾਰ ਬਣ ਕੇ ਆ ਜਾਂਦੇ ਹਨ ਜਾਂ ਭੇਜ ਦਿੱਤੇ ਜਾਂਦੇ ਹਨ ਅਤੇ ਅਸੀਂ ਪਿਛਲੀ ਪੋਣੀ ਸਦੀ ਤੋਂ ਵੋਟਾਂ ਪਾਕੇ ਰਾਜਸੀ ਲੋਕਾਂ ਨੂੰ ਰਾਜ ਕਰਨ ਦਾ ਮੌਕਾ ਵੀ ਦਿੰਦੇ ਆ ਰਹੇ ਹਾਂ। ਅੱਜ ਤਕ ਜੈਸਾ ਵੀ ਰਾਜ ਇਹ ਚਲਾਉਂਦੇ ਆ ਰਹੇ ਹਨ ਇਹ ਵਾਲਾ ਰਾਜ ਲੋਕਾਂ ਨੇ ਭੋਗ ਲਿਆ ਹੈ ਅਤੇ ਰਾਜਸੀ ਲੋਕਾਂ ਨੇ ਆਪਣੀਆਂ ਅਖਾਂ ਨਾਲ ਦੇਖ ਵੀ ਲਿਆ ਹੈ ਅਤੇ ਇਹ ਵੀ ਆਖਿਆ ਜਾ ਸਕਦਾ ਹੈ ਕਿ ਰਾਜਸੀ ਲੋਕਾਂ ਮਾਣ ਵੀ ਲਿਆ ਹੈ।ਇਹ ਵਾਲਾ ਰਾਜ ਚੰਗਾ ਸੀ ਜਾਂ ਮੰਦਾ ਸੀ ਇਹ ਗੱਲਾਂ ਵੀ ਹੁਣ ਛੁਪੀਆਂ ਹੋਈਆਂ ਨਹੀਂ ਹਨ। ਹੁਣ ਤਾਂ ਸਵਾਲ ਸਿਰਫ਼ ਇਹ ਆ ਬਣਿਆ ਹੈ ਕਿ ਇਹ ਰਾਜ ਇਸੇ ਤਰ੍ਹਾਂ ਇਹ ਰਸਮੀ ਜਿਹੀਆਂ ਚੋਣਾਂ ਕਰਵਾ ਕੇ ਚੱਲਦਾ ਰਹੇਗਾ ਜਾਂ ਇਸ ਵਿੱਚ ਕੋਈ ਤਬਦੀਲੀਆਂ ਵੀ ਆਉਣਗੀਆਂ। ਇਹ ਗੱਲਾਂ ਇਸ ਵਕਤ ਸਿਰਫ਼ ਰਾਜਸੀ ਲੋਕਾਂ ਨੇ ਹੀ ਵਿਚਾਰਨੀਆਂ ਹਨ। ਇਸ ਮੁਲਕ ਦੇ ਲੋਕਾਂ ਨੇ ਤਾਂ ਮੁਗ਼ਲਾਂ ਦਾ ਰਾਜ ਵੀ ਦੇਖ ਲਿਆ ਹੈ ਅਤੇ ਇਤਨੀਆਂ ਵਧੀਕੀਆਂ ਝੇਲ ਬੈਠੇ ਹਨ। ਇਸ ਲਈ ਲੋਕਾਂ ਵੱਲੋਂ ਆਵਾਜ਼ ਆਉਣ ਦਾ ਹਾਲਾਂ ਮੌਕਾ ਸਾਹਮਣੇ ਆਇਆ ਲੱਗਦਾ ਨਹੀਂ ਇਸ ਲਈ ਅਸੀਂ ਤਾਂ ਰਾਜਸੀ ਲੋਕਾਂ ਪਾਸ ਹੀ ਬੇਨਤੀ ਕਰਾਂਗੇ ਕਿ ਉਹ ਚੋਣਾਂ ਤਾਂ ਹੀ ਲੜਨ ਜੇ ਉਹ ਕੁੱਝ ਕਰ ਸਕਣ ਦੇ ਕਾਬਲ ਹਨ। ਇਹ ਚੋਣਾਂ ਦਾ ਖਰਚਾ, ਇਹ ਤਨਖ਼ਾਹਾਂ, ਇਹ ਭੱਤੇ ਇਹ ਪੈਨਸ਼ਨਾਂ ਅਤੇ ਸਦਨਾਂ ਦਾ ਇਹ ਖਰਚਾ ਗ਼ਰੀਬਾਂ ਪਾਸੋਂ ਪੈਸੇ ਇਕੱਠੇ ਕਰ ਕੇ ਦਿੱਤਾ ਜਾਂਦਾ ਹੈ। ਇਹ ਜਿਹੜੇ ਵਿਅਕਤੀ ਵਿਸ਼ੇਸ਼ ਹਨ ਇਹ ਵੀ ਇਹ ਸੋਚਣ ਕਿ ਇਹ ਗ਼ੁਰਬਤ ਕਿਵੇਂ ਖ਼ਤਮ ਕੀਤੀ ਜਾ ਸਕਦੀ ਹੈ।ઠ
ਜੇਕਰ ਇਹ ਖੇਤੀ ਕਾਨੂੰਨ ਬਹੁਤ ਹੀ ਸਮਝ ਕੇ ਤਿਆਰ ਕੀਤੇ ਗਏ ਸਨ ਇਸੇ ਤਰ੍ਹਾਂ ਕੋਈ ਸਕੀਮ ਬਣਾ ਕੇ ਤਿਆਰ ਕਰ ਕੇ ਲੋਕਾਂ ਸਾਹਮਣੇ ਕਰ ਦਿੱਤੀ ਜਾਵੇ ਅਤੇ ਜਿਸ ਦਾ ਕਾਨੂੰਨ ਬਣਾ ਕੇ ਲੋਕਾਂ ਸਾਹਮਣੇ ਲਿਆਂਦਾ ਜਾਵੇ। ਇਹ ਮੁਲਕ ਅਮੀਰ ਹੀ ਹੈ ਅਤੇ ਸਾਡੇ ਕਾਰਪੋਰੇਟ ਅਦਾਰਿਆਂ ਨੇ ਇਸ ਮੁਲਕ ਵਿੱਚ ਇਨਸਾਨੀ ਵਰਤੋਂ ਦੀ ਹਰ ਸ਼ੈਅ ਤਿਆਰ ਕਰ ਕੇ ਬਾਜ਼ਾਰ ਵਿੱਚ ਲਿਆ ਦਿੱਤੀ ਹੈ ਅਤੇ ਅਗਰ ਵਾਜਬ ਢੰਗ ਨਾਲ ਇਹ ਸਾਰੇ ਦਾ ਸਾਰਾ ਸਾਮਾਨ ਹਰ ਘਰ ਤਕ ਪੁੱਜਦਾ ਕਰ ਦਿੱਤਾ ਜਾਵੇ ਤਾਂ ਇਹ ਗ਼ੁਰਬਤ ਖ਼ਤਮ ਕੀਤੀ ਜਾ ਸਕਦੀ ਹੈ। ਸਾਨੂੰ ਲੋਕਾਂ ਦਾ ਜੀਵਨ ਵਾਜਬ ਜਿਹਾ ਬਣਾਉਣ ਲਈ ਬਾਹਰੋਂ ਕੁੱਝ ਵੀ ਨਹੀਂ ਮੰਗਾਉਣਾ ਪਵੇਗਾ। ਅਗਰ ਇਹ ਬਣ ਆਈਆਂ ਚੀਜ਼ਾਂ ਵਿਕਦੀਆਂ ਰਹਿਣ ਤਾਂ ਇਹ ਕਾਰਪੋਰੇਟ ਅਦਾਰੇ ਹਰ ਕਿਸੇ ਨੂੰ ਰੌਜ਼ਗਾਰ ਵੀ ਦੇ ਸਕਦੇ ਹਨ ਅਤੇ ਤਨਖਾਹਾਂ ਵੀ ਵਧਾਈਆਂ ਜਾ ਸਕਦੀਆਂ ਹਨ। ਇਹ ਅੱਠ ਘੰਟਿਆਂ ਦੀ ਦਿਹਾੜੀ ਵੀ ਪੰਜ ਜਾਂ ਛੇ ਘੰਟਿਆਂ ਵਿੱਚ ਬਦਲੀ ਜਾ ਸਕਦੀ ਹੈ। ਕੁੱਝ ਐਸਾ ਵੀ ਕਰਨਾ ਪਵੇਗਾ ਅਤੇ ਅਗਰ ਇਹ ਤਨਖ਼ਾਹਾਂ ਪ੍ਰਾਈਵੇਟ ਅਦਾਰੇ ਨਹੀਂ ਦੇ ਸਕਦੇ ਤਾਂ ਮੁਲਕ ਦੀ ਸਰਕਾਰ ਕੁੱਝ ਮੁਦਰਾ ਹੋਰ ਛਾਪ ਵੀ ਸਕਦੀ ਹੈ। ਜਿਹੜਾ ਪੈਸਾ ਚੱਕਰ ਵਿੱਚ ਘੁੰਮਦਾ ਰਵੇ ਉਹ ਕਈਆਂ ਦਾ ਭਲਾ ਕਰ ਜਾਂਦਾ ਹੈ ਅਤੇ ਕਿਸੇ ਦੀ ਮਾਲਕੀ ਵੀ ਨਹੀਂ ਬਣਦਾ ਹੈ। ਇਹ ਇੱਕ ਸੋ ਰੁਪੈ ਦਾ ਨੋਟ ਦਿਹਾੜੀ ਵਿੱਚ ਘੱਟੋ ਘੱਟ ਦਸ ਹੱਥਾਂ ਵਿੱਚ ਦੀ ਲੰਘਦਾ ਹੈ ਅਤੇ ਦਸ ਆਦਮੀਆਂ ਦਾ ਕੰਮ ਸਾਰਦਾ ਹੈ।
ਸਾਡੇ ਮੁਲਕ ਵਿੱਚ ਮਨੁੱਖ ਲਈ ਹਰ ਸਾਮਾਨ ਆ ਹੀ ਗਿਆ ਹੈ। ਅਰਥਾਤ ਅੱਧਾ ਸਮਾਜਵਾਦ ਆ ਗਿਆ ਹੈ ਅਤੇ ਬਾਕੀ ਦਾ ਅੱਧਾ ਸਮਾਜਵਾਦ ਸਰਕਾਰ ਨੇ ਲਿਆਉਣਾ ਹੈ। ਇਹ ਜਿਹੜੀਆਂ ਖੱਬੀਆਂ ਪਾਰਟੀਆਂ ਹਨ ਇਹ ਵੀ ਅਗਰ ਕੋਈ ਸਕੀਮ ਹੈ ਤਾਂ ਲੈ ਕੇ ਇਹ ਅਗਲੀਆਂ ਵੋਟਾਂ ਵਿੱਚ ਆਪਣਾ ਰਾਜ ਲਿਆ ਸਕਦੇ ਹਨ। ਇਹ ਭਾਰਤ ਦੇ ਲੋਕਾਂ ਨੇ ਅੱਜ ਤਕ ਕਿਸੇ ਵੀ ਧਿਰ ਦੀ ਮੁਖ਼ਾਲਫ਼ਤ ਨਹੀਂ ਕੀਤੀ ਹੈ। ਹਰ ਕੋਈ ਜਿੱਤ ਸਕਦਾ ਹੈ ਅਤੇ ਇਹ ਜੈਸਾ ਵੀ ਪਰਜਾਤੰਤਰ ਆ ਗਿਆ ਹੈ ਅਸੀਂ ਭਾਰਤੀਆਂ ਨੇ ਚੱਲਦਾ ਰੱਖਣਾ ਹੈ ਅਤੇ ਇਸ ਰਾਹ ਹੀ ਅਸੀਂ ਸਮਾਜਵਾਦ ਲਿਆਉਣਾ ਹੈ। ਸਾਮਾਨ ਆ ਗਿਆ ਹੈ ਬਸ ਲੋਕਾਂ ਦੇ ਘਰਾਂ ਤਕ ਪੁਚਾਉਣਾ ਹੈ। ਅਸੀਂ ਰਾਜਸੀ ਲੋਕਾਂ ਪਾਸੋਂ ਰਾਜ ਖੋਹਣਾ ਨਹੀਂ ਹੈ ਕਿਉਂਕਿ ਇੱਥੇ ਕੋਈ ਵੀ ਬਦਲ ਮੌਜੂਦ ਨਹੀਂ ਹੈ। ਸਿਰਫ਼ ਕੰਮ ਦਾ ਤਰੀਕਾ ਬਦਲਣਾ ਹੈ ਅਤੇ ਅਗਰ ਵਾਜਬ ਆਦਮੀ ਚਾਹੀਦੇ ਹਨ ਤਾਂ ਉਨ੍ਹਾਂ ਦੀ ਘਾਟਾ ਨਹੀਂ ਹੈ। ਅਗਲੀਆਂ ਚੋਣਾਂ ਤੋਂ ਪਹਿਲਾਂ ਅਸੀਂ ਚਾਹਵਾਂਗੇ ਸਾਰੀਆਂ ਰਾਜਸੀ ਪਾਰਟੀਆਂ, ਸਾਰੇ ਵਿਅਕਤੀ ਵਿਸ਼ੇਸ਼ ਚੋਣਾਂ ਤੋਂ ਪਹਿਲਾਂ ਜਿਹੜਾ ਵਕਤ ਰਹਿ ਗਿਆ ਹੈ ਬੈਠਕੇ ਗੁਰਬਤ ਦੂਰ ਕਰਨ ਵਾਲਾ ਏਜੰਡਾ ਤਿਆਰ ਕਰਨ ਅਤੇ ਜਨਤਾ ਵਿੱਚ ਜਨਤਕ ਕਰ ਦੇਣ ਤਾਂ ਕਿ ਅਸੀਂ ਲੋਕ ਆਪ ਵਿਚਾਰ ਕਰ ਕੇ ਦੇਖੀਏ ਕਿਹੜਾ ਸਹੀ ਬਿਲ ਤਿਆਰ ਕਰ ਰਿਹਾ ਹੈ ਅਤੇ ਅਸੀਂ ਉਸ ਨੂੰ ਵੋਟਾਂ ਪਾਕੇ ਅਗਲਾ ਪ੍ਰਧਾਨ ਮੰਤਰੀ ਬਣਾ ਦਿਆਂਗੇ। ਅੱਜ ਤਕ ਐਸਾ ਕਦੀ ਕਿਸੇ ਕੀਤਾ ਨਹੀਂ ਹੈ ਅਤੇ ਅਸੀਂ ਸਹੀ ਆਦਮੀ ਦੀ ਚੋਣ ਅਸੀਂ ਕਰ ਪਾਏ ਅਤੇ ਅੱਜ ਸਾਡੇ ਮੁਲਕ ਦੀ ਬਹੁਤੀ ਜਨਤਾ ਗ਼ਰੀਬ ਹੋ ਗਈ ਹੈ ਅੱਜ ਦੇ ਸਮਿਆਂ ਵਿੱਚ ਗ਼ਰੀਬ ਰਹਿਣਾ ਮੰਦਭਾਗਾ ਹੈ।

(ਦਲੀਪ ਸਿੰਘ ਵਾਸਨ)
91 175 5191856

Install Punjabi Akhbar App

Install
×