20 ਅਕਤੂਬਰ ਦੀ ਮੀਟਿੰਗ ਤੋਂ ਬਾਅਦ ਕਿਸਾਨ ਸੰਘਰਸ਼ ਵਿਚ ਆਏਗੀ ਹੋਰ ਤੇਜੀ -ਡੱਲੇਵਾਲਾ ਸੂਬਾ ਪ੍ਰਧਾਨ

ਫਰੀਦਕੋਟ — ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਤੇ ਸ: ਜਗਜੀਤ ਸਿੰਘ ਡੱਲੇਵਾਲਾ ਸੂਬਾ ਪ੍ਰਧਾਨ ਬੀ ਕੇ ਯੂ ਏਕਤਾ ਦੇ ਜੱਦੀ ਪਿੰਡ ਡੱਲੇਵਾਲਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਜਿਸ ਵਿਚ ਵੱਡੀ ਗਿਣਤੀ ਚ ਪਿੰਡ ਦੀਆਂ ਔਰਤਾਂ ਅਤੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ। ਹਰ ਘਰ ਚੋਂ ਪੂਰਾ ਪੂਰਾ ਪਰਿਵਾਰ ਇਸ ਅਰਥੀ ਫੂਕ ਮੁਜਾਹਰੇ ਵਿਚ ਹਾਜ਼ਰ ਸੀ ਅਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ ਅਕਾਸ਼ ਗੂੰਜ ਰਿਹਾ ਸੀ। ਕਿਸਾਨਾਂ ਅਤੇ ਕਿਸਾਨੀ ਕਿੱਤੇ ਨਾਲ ਸਬੰਧਤ ਦਲਿਤ ਵਰਗ ਨੇ ਵੀ ਇਸ ਰੋਸ ਮੁਜਾਹਰੇ ਵਿਚ ਵੱਧ ਚੜ੍ਹਕੇ ਹਿੱਸਾ ਲਿਆ। ਇਸ ਮੌਕੇ ਸ: ਜਗਜੀਤ ਸਿੰਘ ਡੱਲੇਵਾਲਾ ਸੂਬਾ ਪ੍ਰਧਾਨ ਬੀ ਕੇ ਯੂ ਏਕਤਾ ਸਿੱਧੂਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਮੋਦੀ ਸਰਕਾਰ ਨੂੰ ਚੈਲਿੰਜ ਕਰਦੇ ਹਾਂ ਕਿ ਜੇ ਤੁਹਾਡੇ ਵਿਚ ਸਾਨੂੰ ਸਮਝਾਉਣ ਦੀ ਤਾਕਤ ਹੈ ਤਾਂ ਸਾਨੂੰ ਟੇਬਲ ਟਾਕ ਕਰਕੇ ਸਮਝਾਉ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਤੋਂ ਮੋਦੀ ਸਰਕਾਰ ਘਬਰਾਈ ਹੋਈ ਹੈ ਅਤੇ ਭਾਜਪਾ ਦੇ ਲੀਡਰਾਂ ਵਲੋਂ ਲੋਕਾਂ ਨੂੰ ਸਮਝਾਉਣ ਦੇ ਬਹਾਨੇ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ , ਜਿਸਦੇ ਇਹ ਖੁਦ ਜਿਮੇਂਵਾਰ ਹੋਣਗੇ। ਅਸੀਂ ਸਰਕਾਰ ਵਲੋਂ ਥੋਪੇ ਖੇਤੀ ਕਾਨੂੰਨਾਂ ਨੂੰ ਹਰਗਿਜ਼ ਲਾਗੂ ਨਹੀਂ ਹੋਣ ਦਿਆਂਗੇ ਭਾਵੇਂ ਸਾਨੂੰ ਆਪਣੀਆਂ ਜਾਨਾ ਵੀ ਕਿਉਂ ਨਾਂ ਵਾਰਨੀਆਂ ਪੈਣ। 20 ਅਕਤੂਬਰ ਨੂੰ ਕਿਸਾਨ ਜੱਥੇਬੰਦੀਆਂ ਦੀ ਅਗਲੀ ਮੀਟਿੰਗ ਰੱਖੀ ਗਈ ਹੈ, ਜਿਸਤੋਂ ਬਾਅਦ ਅੰਦੋਲਨ ਹੋਰ ਤੇਜ ਕੀਤਾ ਜਾਵੇਗਾ। 2 ਨਵੰਬਰ ਨੂੰ ਦਿੱਲੀ ਵਿਚ ਸਾਰੇ ਭਾਰਤ ਦੇ ਕਿਸਾਨਾਂ ਦੀ ਮੀਟਿੰਗ ਵੀ ਰੱਖੀ ਗਈ ਹੈ ਅਤੇ ਇਸ ਤੋਂ ਬਾਅਦ ਅੰਦੋਲਨ ਨੂੰ ਪੂਰੇ ਭਾਰਤ ਵਿਚ ਲੈ ਕੇ ਜਾਵਾਂਗੇ ਅਤੇ ਮੋਦੀ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰ ਦੇਵਾਂਗੇ।
ਕੈਪਸ਼ਨ 17 ਜੀ ਐਸ ਸੀ : ਬੀ ਕੇ ਯੂ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਸ: ਜਗਜੀਤ ਸਿੰਘ ਡੱਲੇਵਾਲਾ ,ਪਿੰਡ ਡੱਲੇਵਾਲਾ ਵਿਖੇ ਮੋਦੀ ਦਾ ਪੁਤਲਾ ਫੂਕਣ ਸਮੇਂ ਰੋਸ ਮੁਜਾਹਰੇ ਦੀ ਅਗਵਾਈ ਕਰਦੇ ਹੋਏ।

Install Punjabi Akhbar App

Install
×