
ਮੈਲਬੋਰਨ ਦੇ ਮਿਕਲਹੈਮ ਵਿੱਚ ਵਸਦੇ ਦੰਪਤੀ, ਦਲਬੀਰ ਮਾਨ ਅਤੇ ਉਨ੍ਹਾਂ ਦੀ ਪਤਨੀ ਨੇ ਆਪਣੀ ਮਿਹਨਤ ਸਦਕਾ ਆਪਣੇ ਬਾਗਾਂ ਅੰਦਰ ਇੱਕ 7 ਫੁੱਟ 7 ਇੰਚ ਉਚਾ ਧਨੀਏ ਦਾ ਬੂਟਾ ਲਗਾਉਣ ਵਿੱਚ ਜਿਹੜੀ ਮਹਾਰਤ ਹਾਸਿਲ ਕੀਤੀ ਹੈ ਉਹ ਸੱਚ ਮੁੱਚ ਹੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਅਤੇ ਜਾਂ ਫੇਰ ਲਿਮਕਾ ਬੁੱਕ ਆਫ ਰਿਕੋਰਡਜ਼ ਵਿੱਚ ਦਰਜ ਹੋਣ ਵਾਲੀ ਹੈ। ਉਨ੍ਹਾਂ ਨੇ ਭਾਰਤ ਦੇ ਉਤਰਾ ਖੰਡ ਵਿੱਚ ਰਹਿੰਦੇ ਇੱਕ ਕਿਸਾਨ ਗੋਪਾਲ ਉਪਰੇਤੀ ਦਾ ਇਸ ਮਾਮਲੇ ਵਿੱਚ ਰਿਕਾਰਡ ਤੋੜਿਆ ਹੈ ਜਿਹੜਾ ਕਿ ਉਸਨੇ 21 ਅਪ੍ਰੈਲ 2020 ਨੂੰ 7 ਫੁਟ 1 ਇੰਚ ਦੇ ਧਨੀਏ ਦੇ ਬੂਟੇ ਨਾਲ ਸਥਾਪਿਤ ਕੀਤਾ ਸੀ।

ਧਨੀਆ, ਪੂਰੇ ਸੰਸਾਰ ਅੰਦਰ ਹੀ ਸਵਾਦ ਦੇ ਨਾਲ ਨਾਲ ਆਯੁਰਵੇਦਿਕ ਦਵਾਈ ਦੇ ਤੌਰ ਤੇ ਵਰਤਿਆ ਜਾਂਦਾ ਹੈ। ਭਾਰਤੀ ਰਸੋਈ ਵਿੱਚ ਤਾਂ ਹਰਾ ਧਨੀਆ ਅਤੇ ਇਸ ਦੇ ਬੀਜ ਸਬਜ਼ੀ ਰੋਟੀ ਦੀ ਸ਼ਾਨ ਹੀ ਹੁੰਦੇ ਹਨ ਅਤੇ ਇਹ ਆਪਣੀ ਖ਼ੁਸ਼ਬੂ ਅਤੇ ਸਿਹਤਮੰਦ ਤੱਤਾਂ ਵਾਸਤੇ ਜਾਣਿਆ ਅਤੇ ਵਰਤਿਆ ਜਾਂਦਾ ਹੈ। ਇਸ ਬਾਬਤ ਸ੍ਰੀ ਮਾਨ ਅਤੇ ਉਨ੍ਹਾਂ ਦੀ ਪਤਨੀ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਇਹ ਬੂਟਾ ਲਾਇਆ ਤਾਂ ਇਸ ਦੇ ਵੱਧਣ ਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਸ ਬੂਟੇ ਵਿੱਚ ਕਾਫੀ ਜਾਨ ਹੈ ਅਤੇ ਇਸਨੂੰ ਉਚਾ ਉਠਾਇਆ ਜਾ ਸਕਦਾ ਹੈ ਤਾਂ ਉਨ੍ਹਾਂ ਨੇ ਇਸ ਦੀ ਸਹੀ ਤਰੀਕਿਆਂ ਨਾਲ ਦੇਖਭਾਲ ਅਤੇ ਫੈਂਸਿੰਗ ਕੀਤੀ ਅਤੇ ਇਹ ਆਪਣੇ ਸਹੀ ਆਕਾਰ ਅਤੇ ਉਚਾਈ ਉਪਰ ਪਹੁੰਚ ਹੀ ਗਿਆ।

ਉਨ੍ਹਾਂ ਇਹ ਵੀ ਕਿਹਾ ਕਿ ਧਨੀਏ ਦਾ ਬੂਟਾ ਆਮ ਤੌਰ ਤੇ ਚਾਰ ਜਾਂ ਪੰਜ ਫੁੱਟ ਉਚਾ ਹੀ ਉਠਦਾ ਹੈ ਪਰੰਤੂ ਇਹ ਬੂਟਾ ਤਾਂ 7 ਫੁੱਟ 7 ਇੰਚ ਤੱਕ ਪਹੁੰਚ ਗਿਆ। ਕਿਉਂਕਿ ਹੁਣ ਗਰਮੀ ਦਾ ਮੌਸਮ ਆ ਗਿਆ ਹੈ ਤਾਂ ਹੁਣ ਮਾਨ ਦੰਪਤੀ ਨੇ ਇਸ ਬੂਟੇ ਦੇ ਬੀਜ ਸੰਭਾਲਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਉਹ ਅਗਲੀਆਂ ਸਰਦੀਆਂ ਵਿੱਚ ਇਨ੍ਹਾਂ ਬੀਜਾਂ ਨਾਲ ਹੋਰ ਬੂਟੇ ਉਗਾ ਸਕਣ।