ਦਲਬਦਲੀ ਕਰਵਾਉਣ ਤੇ ਕਰਨ ਵਾਲੇ ਦੋਵੇਂ ਬਰਾਬਰ ਦੇ ਜ਼ੁੰਮੇਵਾਰ, ਰੁਝਾਨ ਮਾੜਾ

ਭਾਰਤ ਬਹੁਤ ਪੁਰਾਣਾ ਲੋਕਤੰਤਰ ਦੇਸ ਹੈ, ਲੋਕ ਆਪਣੀ ਸਰਕਾਰ ਚੁਣਦੇ ਹਨ। ਸਰਕਾਰਾਂ ਲੋਕਾਂ ਲਈ ਕੰਮ ਕਰਨ, ਵਿਕਾਸ਼ ਕਰਨ ਤੇ ਉਹਨਾਂ ਨੂੰ ਸੁਰੱਖਿਆ ਦੇਣ ਲਈ ਪਾਬੰਦ ਹੁੰਦੀਆਂ ਹਨ। ਜੇ ਲੋਕ ਆਪਣੀ ਪਸੰਦੀ ਦੇ ਤੇ ਲੋਕ ਸੇਵਾ ਕਰਨ ਵਾਲੇ ਨੇਤਾ ਨੂੰ ਸੰਸਦ ਮੈਂਬਰ ਜਾਂ ਵਿਧਾਇਕ ਚੁਣਦੇ ਹਨ, ਤਾਂ ਉਸਦਾ ਵੀ ਧਰਮ ਇਹੋ ਹੁੰਦਾ ਹੈ ਕਿ ਉਹ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਉੱਤਰੇ ਅਤੇ ਲੋਕਾਂ ਵੱਲੋਂ ਦਿੱਤੇ ਫੈਸਲੇ ਨੂੰ ਸੱਟ ਨਾ ਵੱਜਣ ਦੇਵੇ। ਦਹਾਕਿਆਂ ਤੋਂ ਸੰਸਦ ਮੈਂਬਰਾਂ ਜਾਂ ਵਿਧਾਇਕਾਂ ਚੋ ਕੋਈ ਇੱਕਾ ਦੁੱਕਾ ਆਪਣੀ ਪਾਰਟੀ ਛੱਡ ਕੇ ਦੂਜੀ ਵਿੱਚ ਸ਼ਾਮਲ ਹੁੰਦਾ ਰਿਹਾ ਹੈ, ਜਿਸਨੂੰ ਲੋਕ ਪਸੰਦ ਨਹੀਂ ਸਨ ਕਰਦੇ ਅਤੇ ਅਜਿਹੇ ਆਗੂ ਦੀ ਆਖ਼ਰ ਸਿਆਸੀ ਮੌਤ ਹੋ ਜਾਂਦੀ ਸੀ।
ਜਦੋਂ ਤੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਦਲਬਦਲੀਆਂ ਨੂੰ ਉਤਸਾਹਿਤ ਕੀਤਾ ਜਾਂਦਾ ਰਿਹਾ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸੂਬੇ ਦੇ ਦਰਜਨਾਂ ਸਾਬਕਾ ਵਜ਼ੀਰ, ਵਿਧਾਇਕ ਤੇ ਆਗੂ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਰਲ ਗਏ ਸਨ। ਜਿਹਨਾਂ ਸੱਤ੍ਹਾ ਦੌਰਾਨ ਚੰਗੀ ਮਲਾਈ ਛਕੀ, ਜਦੋਂ ਉਹਨਾਂ ਇਹ ਅੰਦਾਜ਼ਾ ਲਾ ਲਿਆ ਕਿ ਅਗਲੀ ਸਰਕਾਰ ਕਾਂਗਰਸ ਦੀ ਨਹੀਂ ਬਣੇਗੀ ਤਾਂ ਉਹ ਆਪਣੀ ਮਾਂ ਪਾਰਟੀ ਨਾਲ ਨਿਰਾਜਗੀ ਵਿਖਾਉਣ ਲੱਗੇ। ਭਾਜਪਾ ਨੂੰ ਅਜਿਹਾ ਮੌਕਾ ਹੀ ਚਾਹੀਦਾ ਸੀ, ਉਸਨੇ ਆਪਣੇ ਦਲਾਲਾਂ ਰਾਹੀਂ ਕੁੱਝ ਨੂੰ ਕਥਿਤ ਤੌਰ ਤੇ ਲਾਲਚ ਦਿੱਤਾ ਅਤੇ ਕੁੱਝ ਨੂੰ ਘਪਲਿਆਂ ਦੀ ਜਾਂਚ ਕਰਨ ਦਾ ਡਰਾਵਾ ਦੇ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ। ਕਾਂਗਰਸ ਦੇ ਇਹਨਾਂ ਆਗੂਆਂ ਨੇ ਵੀ ਕੋਈ ਸ਼ਰਮ ਨਾ ਮੰਨੀ, ਤੇ ਖਾ ਪੀ ਕੇ ਭਾਜਪਾ ਦੀ ਪੂਛ ਜਾ ਫੜੀ। ਕਾਂਗਰਸ ਨੂੰ ਪੰਜਾਬ ਚੋਂ ਖਤਮ ਕਰਨ ਲਈ ਵੱਡੇ ਦਿੱਗਜ ਆਗੂਆਂ ਨੂੰ ਸੱਤ੍ਹਾ ਹਾਸਲ ਕਰਨ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ, ਪਰ ਉਹ ਆਪਣੀ ਸੀਟ ਵੀ ਜਿੱਤ ਨਾ ਸਕੇ। ਉਸਤੋਂ ਬਾਅਦ ਦੇਸ਼ ਦੇ ਬਹੁਤ ਉੱਚ ਅਹੁਦਿਆਂ ਦਾ ਲਾਲਚ ਦਿੱਤਾ, ਪਰ ਸਮਾਂ ਆਉਣ ਤੇ ਟਾਲਾ ਵੱਟ ਲਿਆ।
ਇਹਨਾਂ ਦਲਬਦਲੀ ਕਰਨ ਵਾਲੇ ਆਗੂਆਂ ਦੀਆਂ ਧੋਖਾਦੇਹੀ ਵਾਲੀਆਂ ਅਤੀ ਘਿਨਾਉਣੀਆਂ ਕਾਰਵਾਈਆਂ ਨਾਲ ਫਿਰਕਾਪ੍ਰਸਤ ਸੱਤ੍ਹਾਧਾਰੀ ਪਾਰਟੀ ਭਾਜਪਾ ਨੂੰ ਹੋਰ ਹੌਂਸਲਾ ਮਿਲਿਆ। ਉਸਨੇ ਦੇਸ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਾਜਿਸ਼ਾਂ ਤੇਜ ਕਰ ਦਿੱਤੀਆਂ। ਉਸਨੇ ਵਿਰੋਧੀ ਪਾਰਟੀਆਂ ਦੀਆਂ ਰਾਜ ਸਰਕਾਰਾਂ ਨੂੰ ਤੋੜਣ ਦੇ ਯਤਨ ਅਰੰਭ ਦਿੱਤੇ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੱਬੇ ਵਿਧਾਇਕਾਂ ਤੇ ਅਧਾਰਤ ਹੈ, ਏਨੀ ਵੱਡੀ ਬਹੁਸੰਮਤੀ ਵਾਲੀ ਸਰਕਾਰ ਨੂੰ ਤੋੜਣਾ ਸੌਖਾ ਕੰਮ ਨਹੀਂ ਹੈ, ਪਰ ਭਾਜਪਾ ਨੇ ਦੇਸ਼ ਵਿੱਚ ਚਲਾਏ ਆਪਣੇ ‘ਲੋਟਸ ਅਪਰੇਸਨ’ ਤਹਿਤ ਪੰਜਾਬ ਸਰਕਾਰ ਦੇ ਵਿਧਾਇਕਾਂ ਨੂੰ ਖਰੀਦਣ ਦੀ ਕਾਰਵਾਈ ਸੁਰੂ ਕੀਤੀ।
ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਉਸਦੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਲਈ ਯਤਨ ਕੀਤੇ ਗਏ ਹਨ, ਪਰ ਪਾਰਟੀ ਦਾ ਕੋਈ ਵਿਧਾਇਕ ਖਰੀਦਿਆਂ ਨਹੀਂ ਜਾ ਸਕਿਆ। ਉਹਨਾਂ ਦੱਸਿਆ ਕਿ ਦਸ ਵਿਧਾਇਕਾਂ ਨੂੰ ਪੱਚੀ ਪੱਚੀ ਕਰੋੜ ਰੁਪਏ ਦੀ ਪੇਸਕਸ਼ ਕੀਤੀ ਗਈ। ਇਸ ਸਬੰਧੀ ਡੀ ਜੀ ਪੀ ਪੰਜਾਬ ਸ੍ਰੀ ਗੌਰਵ ਯਾਦਵ ਨੂੰ ਸਿਕਾਇਤ ਵੀ ਪੇਸ਼ ਕੀਤੀ ਗਈ, ਜਿਸਦੇ ਆਧਾਰ ਤੇ ਪੰਜਾਬ ਪੁਲਿਸ ਨੇ ਵਿਧਾਇਕਾਂ ਦੀ ਸਿਕਾਇਤ ਤੇ ਪੁਲਿਸ ਥਾਨਾ ਸਟੇਟ ਕ੍ਰਾਈਮ ਮੁਹਾਲੀ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਮੁਕੱਦਮਾ ਵੀ ਦਰਜ ਕਰ ਜਾਂਚ ਵਿਜੀਲੈਂਸ ਬਿਓਰੋ ਨੂੰ ਸੌਂਪ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਦੇਸ਼ੀ ਦੌਰੇ ਦੌਰਾਨ ਜਰਮਨ ਤੋਂ ਹੀ ਮੀਡੀਆ ਲਈ ਲਾਈਵ ਹੋ ਕੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਨਾ ਕੋਈ ਵਿਧਾਇਕ ਖਰੀਦਿਆ ਜਾ ਸਕਿਆ ਹੈ ਅਤੇ ਨਾ ਹੀ ਖਰੀਦਿਆ ਜਾ ਸਕੇਗਾ।
ਇਸਤੋਂ ਬਾਅਦ ਗੋਆ ਦੇ ਸਾਬਕਾ ਮੁੱਖ ਮੰਤਰੀ ਸਮੇਤ ਅੱਠ ਵਿਧਾਇਕ ਭਾਜਪਾ ਨੇ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਏ ਹਨ। ਤਿੰਨ ਕੁ ਸਾਲ ਪਹਿਲਾਂ ਵੀ ਕਾਂਗਰਸ ਦੇ ਦਸ ਵਿਧਾਇਕਾਂ ਨੂੰ ਭਾਜਪਾ ਨੇ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਸੀ। ਇਸਤੋਂ ਸਪਸ਼ਟ ਹੈ ਕਿ ਭਾਜਪਾ ਗੋਆ ਵਿੱਚ ਕਾਂਗਰਸ ਦਾ ਸਫਾਇਆ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਭਾਜਪਾ ਵਿੱਚ ਸ਼ਾਮਲ ਹੋਏ ਇਹਨਾਂ ਆਗੂਆਂ ਵਿੱਚ ਜਿੱਥੇ ਸਾਬਕਾ ਮੁੱਖ ਮੰਤਰੀ ਦਿਗੰਬਰ ਕਾਮਤ ਹੈ, ਉੱਥੇ ਵਿਧਾਨ ਸਭਾ ਵਿੱਚ ਪਾਰਟੀ ਦੇ ਆਗੂ ਮਾਈਕਲ ਲੋਬੋ ਵੀ ਸ਼ਾਮਲ ਹਨ। ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਦਿੱਤੇ ਇਹ ਅਹੁਦੇ ਛੋਟੇ ਨਹੀਂ ਸਨ ਤੇ ਘੱਟ ਮਾਣ ਵਾਲੀ ਗੱਲ ਨਹੀਂ ਸੀ। ਪਰ ਲਾਲਚ ਤੇ ਸੱਤ੍ਹਾ ਦੀ ਭੁੱਖ ਨੇ ਉਹਨਾਂ ਦਾ ਖੂਨ ਚਿੱਟਾ ਕਰ ਦਿੱਤਾ। ਇੱਥੇ ਹੀ ਬੱਸ ਨਹੀਂ ਭਾਜਪਾ ਨੇ ਆਪਣੀ ਇਹ ਦਲਬਦਲੀ ਕਰਵਾਉਣ ਦੀ ਮੁਹਿੰਮ ਸਮੁੱਚੇ ਭਾਰਤ ਵਿੱਚ ਹੀ ਚਲਾਈ ਹੋਈ ਹੈ। ਉਸਨੇ ਪੰਜਾਬ, ਗੋਆ, ਮੱਧ ਪ੍ਰਦੇਸ, ਕਰਨਾਟਕਾ ਆਦਿ ਦੇਸ ਦੇ ਹਰ ਕੋਨੇ ਦੇ ਰਾਜਾਂ ਵਿੱਚ ਅਜਿਹੀਆਂ ਕਾਰਵਾਈ ਕੀਤੀਆਂ ਤੇ ਕਰ ਰਹੀ ਹੈ।
ਹੁਣ ਸੁਆਲ ਉੱਠਦਾ ਹੈ ਕਿ ਅਜਿਹੀਆਂ ਕਾਰਵਾਈਆਂ ਕਿੰਨੀਆਂ ਕੁ ਜਾਇਜ਼ ਹਨ ਅਤੇ ਇਹਨਾਂ ਲਈ ਕੌਣ ਜੁਮੇਵਾਰ ਹੈ? ਅਸਲ ਵਿੱਚ ਇਸ ਮਾਮਲੇ ਵਿੱਚ ਦਲਬਦੀਆਂ ਕਰਵਾਉਣ ਵਾਲੇ ਤੇ ਦਲਬਦਲੀ ਕਰਨ ਵਾਲੇ ਦੋਵੇਂ ਹੀ ਬਰਾਬਰ ਦੇ ਜੁਮੇਵਾਰ ਹਨ। ਭਾਜਪਾ ਅੱਜ ਦੇਸ ਦੀ ਸਭ ਤੋਂ ਵੱਡੀ ਤੇ ਸਕਤੀਸ਼ਾਲੀ ਪਾਰਟੀ ਬਣ ਚੁੱਕੀ ਹੈ, ਇਸ ਲਈ ਉਹ ਮਨਮਾਨੀਆਂ ਕਰਨ ਤੇ ਤੁਲੀ ਹੋਈ ਹੈ। ਜੋ ਪੁਜੀਸ਼ਨ ਉਸਦੀ ਅੱਜ ਭਾਰਤ ਵਿੱਚ ਹੈ, ਇਸਤੋਂ ਜਿਆਦਾ ਉਸਨੂੰ ਹੋਰ ਕੀ ਚਾਹੀਦਾ ਹੈ, ਪਰ ਉਸ ਦੀ ਨੀਤੀ ਦੂਜੀਆਂ ਪਾਰਟੀਆਂ ਨੂੰ ਜੜ੍ਹੋਂ ਖਤਮ ਤੇ ਆਧਾਰਤ ਹੈ। ਉਹ ਇਕੱਲੀ ਕਾਂਗਰਸ ਤੇ ਹੀ ਹਮਲਾ ਨਹੀਂ ਕਰਦੀ, ਜਦੋਂ ਵੀ ਦਾਅ ਲਗਦਾ ਹੈ ਉਹ ਹਰ ਪਾਰਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਅਸਲ ਵਿੱਚ ਭਾਜਪਾ ਕਿਸੇ ਹੋਰ ਪਾਰਟੀ ਦੀ ਤਾਕਤ ਬਰਦਾਸਤ ਨਹੀਂ ਕਰ ਸਕਦੀ, ਜੋ ਇੱਕ ਤਰ੍ਹਾਂ ਡਿਕਟੇਟਰੀ ਸੋਚ ਹੈ। ਅਜਿਹਾ ਕਰਨਾ ਨਾ ਦੇਸ ਦੇ ਹਿਤ ਵਿੱਚ ਹੈ ਅਤੇ ਨਾ ਜਨਤਾ ਦੇ।
ਜਿੱਥੋਂ ਤੱਕ ਦਲਬਦਲੀ ਕਰਨ ਵਾਲਿਆਂ ਦਾ ਸੁਆਲ ਹੈ, ਉਹ ਵੀ ਘੱਟ ਜੁਮੇਵਾਰ ਨਹੀਂ ਹਨ। ਲੋਕਾਂ ਨੇ ਉਹਨਾਂ ਨੂੰ ਆਪਣਾ ਆਗੂ ਮੰਨਿਆਂ, ਵੋਟਾਂ ਪਾ ਕੇ ਵਿਧਾਇਕ ਜਾਂ ਸੰਸਦ ਮੈਂਬਰ ਵਜੋਂ ਚੋਣ ਕੀਤੀ। ਆਪਣੇ ਹੱਕਾਂ ਦੀ ਰਾਖੀ ਕਰਨ ਦੀ ਜੁਮੇਵਾਰੀ ਉਹਨਾਂ ਨੂੰ ਸੌਂਪੀ, ਤਾਂ ਜੋ ਸਰਕਾਰ ਵੱਲੋਂ ਕੀਤੀਆਂ ਜਾਣ ਵਾਲੀਆਂ ਵਧੀਕੀਆਂ ਵਿਰੁੱਧ ਉਹ ਆਵਾਜ਼ ਬੁਲੰਦ ਕਰਨ ਤੇ ਲੋਕ ਹਿਤਾਂ ਦੀ ਰਾਖੀ ਕਰਨ। ਪਰ ਅਜਿਹੇ ਲੋਕਾਂ ਨੇ ਸ਼ਰਮ ਹਜ਼ਾ ਦਾ ਪੱਲਾ ਲਾਹ ਕੇ ਸਰਕਾਰ ਨਾਲ ਹੀ ਗੰਢ ਤੁਪ ਕਰ ਲਈ। ਧਨ ਕਮਾਉਣ ਜਾਂ ਸੱਤ੍ਹਾ ਵਿੱਚ ਤਾਕਤ ਹਾਸਲ ਕਰਨ ਲਈ ਆਪਣੀ ਪਾਰਟੀ ਛੱਡ ਕੇ ਸੱਤ੍ਹਾ ਭੋਗ ਰਹੀ ਪਾਰਟੀ ਭਾਜਪਾ ਵਿੱਚ ਸ਼ਾਮਲ ਹੋਣ ਲੱਗੇ। ਇਹ ਉਹਨਾਂ ਨੂੰ ਚੁਣਨ ਵਾਲੇ ਲੋਕਾਂ ਵੋਟਰਾਂ ਨਾਲ ਸਰੇਆਮ ਧੋਖਾਦੇਹੀ ਹੈ। ਅਜਿਹੇ ਲੋਕਾਂ ਦੀਆਂ ਜਨਤਾ ਵਿਰੋਧੀ ਕਾਰਵਾਈਆਂ ਤੋਂ ਸੱਤ੍ਹਾਧਾਰੀਆਂ ਨੂੰ ਹੌਂਸਲਾ ਮਿਲਦਾ ਹੈ ਤੇ ਉਹ ਡਿਕਟੇਟਰਾਂ ਵਾਂਗ ਜੋ ਚਾਹੇ ਕਰਦੇ ਹਨ।
ਭਾਜਪਾ ਦੇ ਕੇਂਦਰ ਵਿੱਚ ਸੱਤ੍ਹਾ ‘ਚ ਹੋਣ ਦਰਮਿਆਨ ਵੱਡੇ ਪੱਧਰ ਤੇ ਚੱਲਿਆ ਦਲਬਦਲੀਆਂ ਦਾ ਧੰਦਾ ਦੁਨੀਆਂ ਭਰ ਵਿੱਚ ਭਾਰਤੀਆਂ ਦਾ ਸਿਰ ਨੀਵਾਂ ਕਰਦਾ ਹੈ। ਸਿਆਸਦਾਨਾਂ ਦੀ ਨੈਤਿਕਤਾ ਤੇ ਸੁਆਲ ਖੜੇ ਕਰਦਾ ਹੈ। ਸਿਆਸਤਦਾਨਾਂ ਤੋਂ ਲੋਕਾਂ ਦਾ ਵਿਸਵਾਸ਼ ਭੰਗ ਹੋ ਰਿਹਾ ਹੈ। ਭਾਜਪਾ ਦਲਬਦਲੀ ਲਈ ਵਿਧਾਇਕ ਖਰੀਦ ਰਹੀ ਹੈ ਇਹ ਸਭ ਭਲੀਭਾਂਤ ਜਾਣਦੇ ਹਨ, ਪਰ ਖਰੀਦਦੀ ਤਾਂ ਹੀ ਹੈ ਜੇ ਵਿਧਾਇਕ ਵਿਕਣ ਲਈ ਤਿਆਰ ਹਨ। ਵਿਕਣ ਵਾਲਿਆਂ ਨੂੰ ਵੀ ਆਪਣੀ ਨੈਤਿਕਤਾ ਤੇ ਜੁਮੇਵਾਰੀ ਦਾ ਖਿਆਲ ਰੱਖਣਾ ਚਾਹੀਦਾ ਹੈ, ਖਰੀਦਦਾਰਾਂ ਨੂੰ ਮੂੰਹਤੋੜਵਾਂ ਜੁਆਬ ਦੇਣਾ ਚਾਹੀਦਾ ਹੈ।
ਗੱਲ ਇੱਥੇ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੀ ਨਹੀਂ, ਪਾਰਟੀ ਭਾਵੇਂ ਕੋਈ ਵੀ ਹੋਵੇ ਜਿਸਦੇ ਜਿਹੜੇ ਆਗੂ ਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਹੈ, ਉਹ ਆਪਣੀ ਜੁਮੇਵਾਰੀ ਨਿਭਾਵੇ। ਲੋਕਾਂ ਨੂੰ ਅਜਿਹੀਆਂ ਘਟਨਾਵਾਂ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਅੱਗੇ ਲਈ ਦਲਬਦਲੂਆਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ। ਦੇਸ ਭਰ ਵਿੱਚ ਚੱਲ ਰਿਹਾ ਦਲਬਦਲੀ ਦਾ ਰੁਝਾਨ ਅਤੀ ਮਾੜਾ ਤੇ ਨੁਕਸਾਨਦੇਹ ਹੈ।