ਉਦਾਸ ਡਾਇਰੀ ਦਾ ਪੰਨਾ – ਸਾਥ ਛੱਡ ਗਿਆ ਸਾਥੀ 

Ninder Ghugianvi 190123 sathi

17 ਜਨਵਰੀ 2019 ਦੀ ਰਾਤ। ਲੰਡਨ ਤੋਂ ਲੇਖਕ ਗੁਰਪਾਲ ਸਿੰਘ ਦੀ ਵਟਸ-ਐਪ ਕਾਲ ਆ ਰਹੀ। ਹਾਲੇ ਕੱਲ੍ਹ ਹੀ ਉਸਦਾ ਭਾਣਜਾ ਉਸ ਦੀਆਂ ਕਿਤਾਬਾਂ ਦੇ ਕੇ ਗਿਐ, ਹਾਂ…. ਕਿਤਾਬਾਂ ਦੀ ਪਹੁੰਚ ਬਾਬਤ ਪੁੱਛਦਾ ਹੋਵੇਗਾ, ਇਹ ਸੋਚ ਕੇ *ਹੈਲੋ….* ਕਹਿੰਦਾ ਹਾਂ।

*ਮਾੜੀ ਖ਼ਬਰ ਐ, ਸਾਥੀ ਤੁਰ ਗਿਆ ਲੁਧਿਆਣਵੀ……।* ਉਹ ਦੱਸਦਾ ਹੈ।

*ਅੱਛਾ, ਮਾੜੀ ਹੋਈ ਬਹੁਤ, ਕਦੋਂ…..?*

*ਅੱਜ ਹੀ, ਹਸਪਤਾਲ ਸੀ, ਕੈਂਸਰ ਨੇ ਢਾਹ ਲਿਆ ਸੀ, ਕਾਫ਼ੀ ਢਿੱਲਾ ਸੀ।*

ਸਾਥੀ ਲੁਧਿਆਣਵੀ ਦੇ ਤੁਰ ਜਾਣ ਦੀ ਗੁਰਪਾਲ ਤੋਂ ਸੁਣੀਂ ਖ਼ਬਰ ਉਦਾਸ ਕਰ ਗਈ ਹੈ। ਉਸ ਨਾਲ ਆਪਣੀਆਂ ਵਲੈਤ ਫੇਰੀਆਂ ਸਮੇਂ ਹੋਈਆਂ ਮੁਲਾਕਾਤਾਂ ਚੇਤੇ ਆਣ ਲੱਗੀਆਂ, ਪਹਿਲਾਂ 2005 ਤੇ ਫਿਰ 2010 ਵਿਚ।  ਦੁਨੀਆ ਦੇ ਕਿਸੇ ਕੋਨੇ ਵਿਚੋਂ ਕੋਈ ਅਦੀਬ, ਫ਼ਨਕਾਰ ਜਾਂ ਕਲਮਕਾਰ ਵਲੈਤ ਜਾਂਦਾ ਤਾਂ ਸਾਥੀ ਤੋਂ ਚਾਅ ਨਾ ਚੁੱਕਿਆ ਜਾਂਦਾ। ਉਹ ਹਰੇਕ ਨੂੰ ਹੁੱਭ੍ਹ ਕੇ ਮਿਲਦਾ ਹੁੰਦਾ। ਆਪਣੇ ਰੇਡੀਉ ਸਨਰਾਈਜ਼ ਵਿਚ ਮੁਲਾਕਾਤ ਰਿਕਾਰਡ ਕਰਦਾ। ਸਮਾਗਮਾਂ ‘ਤੇ ਪਹੁੰਚਦਾ ਤੇ ਹਰ ਤਾਂ ਬੋਲਦਾ ਤੇ ਬਹੁਤੀ ਵਾਰ ਸਟੇਜ ਸਕੱਤਰੀ ਵੀ ਸੰਭਾਲਦਾ ਦੇਖਿਆ ਸੀ।

ਪਿਛਲੇ ਦਿਨਾਂ ਵਿਚ ਉਸ ਨਾਲ ਫ਼ੋਨ, ਈਮੇਲ ਤੇ ਵਟਸ-ਐਪ ਤੇ ਹੁੰਦੀ ਗੱਲਬਾਤ ਵੀ। ਮਹੀਨਾ ਪਹਿਲਾਂ ਤਾਂ ਉਸ ਨੇ ਆਪਣੀ ਇੱਕ ਰਚਨਾ ਈਮੇਲ ਕੀਤੀ ਸੀ, *ਸਲੌਹ ਚ ਨੁਸਰਤ ਫ਼ਤਿਹ ਅਲੀ ਖਾਂ ਦੀ ਫੇਰੀ।* ਹੱਥ ਲਿਖਤ, ਸਕੈਨ ਕਰ ਕੇ ਈਮੇਲ ਕੀਤੀ ਹੋਈ। ਗੱਲੀਂ-ਗੱਲੀਂ ਉਸ ਆਪਣੇ ਕੈਂਸਰ ਦੀ ਸੂਹ ਤੱਕ ਨਹੀਂ ਸੀ ਲੱਗਣ ਦਿੱਤੀ। ਜਦ ਇਹ ਗੱਲ ਗੁਰਪਾਲ ਸਿੰਘ ਨੂੰ ਦੱਸੀ, ਤਾਂ ਉਸ ਪ੍ਰੋੜ੍ਹਤਾ ਕੀਤੀ ਕਿ ਹਾਂ, ਸਾਥੀ ਕਿਸੇ ਨੂੰ ਦੱਸਦਾ ਨਹੀਂ ਸੀ, ਬਸ ਨੇੜਲਿਆਂ ਨੂੰ ਹੀ ਪਤਾ ਸੀ, ਸਾਥੀ ਕਹਿੰਦਾ ਸੀ ਕਿ ਬਿਮਾਰੀ ਨੇ ਤਾਂ ਢਾਹੁਣਾ ਹੀ ਢਾਹੁਣਾ ਐ ਸਗੋਂ ਪੁੱਛਣ-ਦੱਸਣ ਵਾਲੇ ਪੁੱਛ ਪੁੱਛ ਕੇ ਹੌਸਲਾ ਢਾਅ ਦਿੰਦੇ ਐ।

ਪਿਛਲੇ ਸਾਲ ਫ਼ੋਨ ਤੇ ਹੋਈਆਂ ਗੱਲਾਂ ਵਿਚ ਉਸ ਨੇ ਵਾਰ-ਵਾਰ ਕਿਹਾ ਸੀ ਕਿ ਉਸਦਾ ਨਵਾਂ ਛਪਿਆ ਨਾਵਲ ‘ਸਾਹਿਲ’ ਨਵਯੁਗ ਪਬਲਿਸ਼ਰਜ਼ ਦਿੱਲੀ ਵਾਲੇ ਦਸ ਕਾਪੀਆਂ ਕੋਰੀਅਰ ਕਰ ਰਹੇ ਨੇ, ਇਸ ਨੂੰ ਭਾਸ਼ਾ ਵਿਭਾਗ ਵਿਚ ਇਨਾਮ ਵਾਸਤੇ ਰਿਕਮੈਂਡ ਕਰ ਦਿਓ।* ਮੈਂ ਦੱਸਿਆ ਕਿ ਲੇਖਕ ਵੱਲੋਂ ਇੱਕ ਪ੍ਰੋਫਾਰਮਾ ਵੀ ਨਾਲ ਭਰ ਕੇ ਭੇਜਣਾ ਪੈਂਦਾ ਹੈ, ਉਹ ਮਹਿਕਮੇ ਵਾਲੇ ਹੀ ਦਿੰਦੇ ਨੇ, ਉਸ ਕਿਹਾ ਕਿ ਮੈਂ ਕਿੱਥੋਂ ਲੱਭਾਂਗਾ ਪਰੋਫਾਰਮੇ? ਤੁਸੀਂ ਬਿਨਾਂ ਪਰੋਫਾਰਮੇ ਦੇ ਭੇਜ ਦੇਣਾ, ਜੇ ਚੰਗਾ ਲੱਿਗਆ ਤਾਂ ਇਨਾਮ ਮਿਲਜੂ, ਨਹੀਂ ਅੱਲਾ ਅੱਲਾ ਖੈਰ ਸੱਲਾ….. ਵੈਸੇ ਮੈਨੂੰ ਮੇਨ ਇਨਾਮ ਪਰਵਾਸੀ ਸਾਹਿਤਕਾਰ ਵਾਲਾ ਤਾਂ ਮਿਲ ਈ ਚੁਕਿਐ, ਆਹ ਇਨਾਮ ਤਾਂ ਛੋਟਾ ਐ ਉਸਤੋਂ…।* ਉਹ ਨੌਬਰ-ਨੌਂ ਚੌਬਰ ઠਵਾਂਗਰ ਹੱਸਿਆ ਤੇ *ਚੰਗਾ ਫੇ ਗੱਲ ਕਰਦੇ ਆਂ, ਓਕੇ ਬਾਏ ਬਾਏ* ਆਖ ਵੈਟਸ ਐਪ ਕਾਲ ਕੱਟ ਦਿੱਤੀ।

ਸਾਥੀ ਲੁਧਿਆਣਵੀ ਦੀ ਵਾਰਤਕ ਕਿਤਾਬ ‘ਸਮੁੰਦਰੋਂ ਪਾਰ’ ਦਿੱਲੀ ਵਿਸ਼ਵ ਪੁਸਤਕ ਮੇਲੇ ਤੋਂ ਕਈ ਸਾਲ ਪਹਿਲਾਂ ਖ਼ਰੀਦੀ ਸੀ ਤੇ ਵਲੈਤ ਦੁਆਲੇ ਘੁੰਮਦੀ ਉਸਦੀ ਵਾਰਤਕ ਦੇ ਨਮੂਨੇ ਦਿਲਚਸਪ ਸਨ। ਇਸੇ ਕਿਤਾਬ ਵਿਚੋਂ ਇੱਕ ਵੰਨਗੀ ਆਪਣੀ ਸੰਪਾਦਿਤ ਕਿਤਾਬ ‘ਚੋਣਵੀਂ ਪੰਜਾਬੀ ਬਰਤਾਨਵੀ ਵਾਰਤਕ’ ਲਈ ਵਰਤਣੀ ਚਾਹੁੰਦਾ ਸਾਂ ਪਰ ਸਾਥੀ ਨਵੀਂ ਰਚਨਾ ਦੇਣੀ ਚਾਹੁੰਦਾ ਸੀ। ਉਸ ਨੇ ਕਹਾਣੀ ‘ਖ਼ਾਲੀ ਅੱਖਾਂ’ ਭੇਜੀ। ਮੈਂ ਲੇਖ ਮੰਗ ਰਿਹਾ ਸਾਂ। ਫਿਰ ਕਈ ਦਿਨ ਕੋਈ ਜੁਆਬ ਨਾ ਆਇਆ। ਵਾਰ ਵਾਰ ਸੁਨੇਹੇ ਲਾਏ। ਗੁਰਪਾਲ ਸਿੰਘ ਦਾ ਫ਼ੋਨ ਆਇਆ ਤੇ ਉਸ ਦੱਸਿਆ ਕਿ ਉਹ ਚੈੱਕਅਪ ਲਈ ਹਸਪਤਾਲ ਗਿਆ ਹੋਇਆ ਸੀ, ਹੁਣ ਘਰ ਆ ਗਿਆ ਹੈ। ਨੁਸਰਤ ਫ਼ਤਿਹ ਖਾਂ ਬਾਰੇ ਲਿਖੀ ਹੱਥ ਲਿਖਤ ਦੇ 5 ਪੰਨੇ ਪੁੱਜ ਗਏ ਤੇ ਨਾਲ ਹੀ ਉਸ ਨੇ ਆਪਣੀ ਵਾਰਤਕ ਪੁਸਤਕ ‘ਨਿੱਘੇ ਮਿੱਤਰ’ ਦੀ ਪੀ.ਡੀ.ਐਫ਼. ਭੇਜੀ ਹੋਈ ਸੀ ਤੇ ਪੜ੍ਹ ਕੇ ਸੁਝਾਅ ਲਿਖਣ ਲਈ ਵੀ ਕਿਹਾ ਹੋਇਆ ਸੀ।

ਸਾਥੀ ਹਾਸੇ-ਹਾਸੇ ਕਿਹਾ ਕਰਦਾ ਸੀ, *ਮੈਂ ਲੁਧਿਆਣਵੀ ਤੇ ਤੂੰ ਘੁਗਿਆਣਵੀ….।* ਸਾਥੀ ਦੇ ਸਾਥ ਛੱਡਣ ਨਾਲ ਬਰਤਾਨੀਆ ਦੀਆਂ ਸਾਹਿੱਤਿਕ ਮਹਿਫ਼ਲਾਂ ਵਿਚ ਉਦਾਸੀ ਛਾਅ ਗਈ ਹੈ। ਭਾਰਤ ਬੈਠੇ ਉਹਦੇ ਮਿੱਤਰ ਵੀ ਉਦਾਸ ਹਨ। ‘ਉਦਾਸ ਡਾਇਰੀ ਦਾ ਪੰਨਾ’ ਲਿਖਦਿਆਂ ਮੈਂ ਵੀ ਉਦਾਸ ਹਾਂ।

Welcome to Punjabi Akhbar

Install Punjabi Akhbar
×
Enable Notifications    OK No thanks