
ਸਿਟਰਸ ਸਾਊਥ ਆਸਟ੍ਰੇਲੀਆ -ਖੇਤਰ ਦੀ ਪ੍ਰਮੁੱਖ ਨਿੰਬੂਆਂ ਦੀ ਖੇਤੀ ਕਰਨ ਵਾਲੀ ਐਸੋਸਿਏਸ਼ਨ ਨੇ ਦੱਖਣੀ ਆਸਟ੍ਰੇਲੀਆ ਸਰਕਾਰ ਦੇ ਉਦਮਾਂ ਦੀ ਸ਼ਲਾਘਾ ਕੀਤੀ ਹੈ ਜਿਸ ਰਾਹੀਂ ਸਰਕਾਰ ਨੇ ਮਜ਼ਦੂਰਾਂ ਦੀ ਘਾਟ ਨੂੰ ਮਹਿਸੂਸ ਕਰਦਿਆਂ ਮਦਦ ਦਾ ਐਲਾਨ ਕੀਤਾ ਹੈ। ਐਸੋਸਿਏਸ਼ਨ ਦੇ ਚੇਅਰਮੈਨ ਮਾਰਕ ਡੌਕੇ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਕਾਰਨ ਅੰਤਰ-ਰਾਸ਼ਟਰੀ ਮਜ਼ਦੂਰਾਂ ਦੀ ਘਾਟ ਹਰ ਖੇਤਰ ਵਿੱਚ ਹੀ ਪਈ ਹੈ ਪਰੰਤੂ ਖੇਤੀ ਦੀ ਧੰਦੇ ਵਿੱਚ ਇਹ ਘਾਟ ਜ਼ਿਆਦਾ ਮਹਿਸੂਸ ਹੁੰਦੀ ਹੈ ਅਤੇ ਉਹ ਬੀਤੇ ਛੇ ਮਹੀਨਿਆਂ ਤੋਂ ਇਹ ਮੁੱਦਾ ਉਠਾ ਰਹੇ ਸਨ ਅਤੇ ਹੁਣ ਸਰਕਾਰ ਨੇ ਇਸ ਵੱਲ ਧਿਆਨ ਪਾਇਆ ਅਤੇ ਮਦਦ ਦੇ ਐਲਾਨ ਕੀਤੇ ਹਨ। ਸਰਕਾਰ ਨੇ ਕੁੱਝ ਅਜਿਹੇ ਨੁਕਤਿਆਂ ਉਪਰ ਗੌਰ ਫਰਮਾਇਆ ਹੈ ਜੋ ਕਿ ਜ਼ਿਆਦਾ ਤਰ ਸਿਟਰਸ ਦੇ ਕਿਸਾਨਾਂ ਵੱਲੋਂ ਹੀ ਉਠਾਏ ਗਏ ਸਨ ਅਤੇ ਬਾਕੀ ਦੇ ਕੁੱਝ ਹੋਰਨਾਂ ਉਦਯੋਗਾਂ ਵੱਲੋਂ ਵੀ ਸੁਝਾਏ ਗਏ ਸਨ। ਇਨ੍ਹਾਂ ਦੇ ਤਹਿਤ: ਵਿਦਿਆਰਥੀਆਂ ਨੂੰ ਮਾਲੀ ਸਹਾਇਤਾ ਦਿੱਤੀ ਗਈ ਹੈ ਜਿਸ ਨਾਲ ਉਹ ਟੂਰਿਜ਼ਮ ਅਤੇ ਹਾਸਪਿਟੈਲਿਟੀ ਜਾਬਜ਼ ਵੀ ਕਰ ਸਕਦੇ ਹਨ। ਇਸ ਵਿੱਚ ਦੋ ਕੈਟਗਰੀਆਂ ਰੱਖੀਆਂ ਗਈਆਂ ਹਨ -500 ਡਾਲਰ ਅੰਦਰੂਨੀ ਖੇਤਰਾਂ ਲਈ ਅਤੇ 2,000 ਡਾਲਰਾਂ ਤੱਕ ਦੀ ਸਹਾਇਤਾ ਬਾਹਰੀ ਖੇਤਰਾਂ ਲਈ ਦਿੱਤੀ ਜਾ ਰਹੀ ਹੈ ਅਤੇ ਇਸ ਵਿੱਚ ਜ਼ਿਆਦਾ ਤੋਂ ਜ਼ਿਆਦਾ 6 ਹਫ਼ਤਿਆਂ ਲਈ ਵਿਦਿਆਰਥੀ ਕੰਮ ਕਰ ਸਕਦੇ ਹਨ; ਸਮੁੱਚੇ ਰਾਜ ਅੰਦਰ ਪੂਰਾ ਤਾਲਮੇਲ ਰਿਜਨਲ ਡਿਵੈਲਪਮੈਂਟ ਆਸਟ੍ਰੇਲੀਆ (RDA) ਵੱਲੋਂ ਕੀਤਾ ਜਾਵੇਗਾ; ਮੈਡੀ-ਹੋਟਲ ਕੁਆਰਨਟੀਨ ਦੇ ਪ੍ਰੋਗਰਾਮਾਂ ਲਈ ਪੈਸਿਫਿਕ ਆਈਲੈਂਡ ਦੇ ਵਰਕਰਾਂ ਵਾਸਤੇ ਕੀਮਤਾਂ ਵਿੱਚ ਕਮੀ ਕੀਤੀ ਗਈ ਹੈ; ਇਸ ਖੇਤਰ ਵਿੱਚ ਮਜ਼ਦੂਰਾਂ ਲਈ, ਦੱਖਣੀ ਆਸਟ੍ਰੇਲੀਆ ਅੰਦਰ ਮੌਸਮੀ ਖੇਤੀ ਦੇ ਕੰਮਾਂ ਵਾਸਤੇ ਇੱਕ ਜਾਣਕਾਰੀ (ਅਵੇਅਰਨੈਸ) ਮੁਹਿੰਮ ਚਲਾਈ ਜਾ ਰਹੀ ਹੈ; ਹਰ ਤਰ੍ਹਾਂ ਦੀ ਮੰਗ ਅਤੇ ਪੂਰਤੀ ਨੂੰ ਵਾਚਣ ਵਾਸਤੇ ਆਰ.ਡੀ.ਏ. ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ, ਆਦਿ।
ਉਨ੍ਹਾਂ ਦੱਖਣੀ ਆਸਟ੍ਰੇਲੀਆ ਰਾਜ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵੇਲੇ ਸਰਕਾਰ ਸਾਡੀ ਪੂਰੀ ਮਦਦ ਕਰ ਰਹੀ ਹੈ ਅਤੇ ਇਸ ਵਾਸਤੇ ਅਸੀਂ ਪ੍ਰੀਮੀਅਰ ਸਟੀਵਨ ਮਾਰਸ਼ਲ ਦੇ ਨਾਲ ਨਾਲ ਸਬੰਧਤ ਵਿਭਾਗਾਂ ਅਤੇ ਪ੍ਰਸ਼ਾਸਨ ਦੇ ਧੰਨਵਾਦੀ ਹਾਂ ਅਤੇ ਇਸ ਦੇ ਨਾਲ ਹੀ ਅਸੀਂ ਸਮੁੱਚੇ ਖੇਤਰ ਦੇ ਕਿਸਾਨਾਂ ਦੇ ਵੀ ਧੰਨਵਾਦੀ ਹਾਂ ਜਿਹੜੇ ਕਿ ਸਾਡੇ ਮੋਢੇ ਨਾਲ ਮੋਢਾ ਲਾਈ ਖੜ੍ਹੇ ਹਨ।