…..ਅਖੇ ਕਣਕ ਚੋਂ ਕੱਖ ਬਾਹਰ ਕਰਨ ਦੀ ਜਰੂਰਤ

NZ PIC 26 march-2ਨਿਊਜ਼ੀਲੈਂਡ ਦੇਸ਼ ਜੋ ਕਿ 2012 ਦੇ ਵਿਚ ਸਭ ਤੋਂ ਵੱਧ ਸਾਫ-ਸੁਥਰੇ, ਰਿਸ਼ਵਤ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਦੇਸ਼ਾਂ ਦੇ ਸਿਖਰਲੇ ਹਿੱਸੇ ਵਿਚ ਰਹਿੰਦਾ ਸੀ, ਹੁਣ ਉਲਟੀ ਚਾਲੇ ਹੋਇਆ ਲਗਦਾ ਹੈ। ਜਾਂ ਫਿਰ ਕਿਸੇ ਚੰਦਰੇ ਦੀ ਨਜ਼ਰ ਲੱਗ ਗਈ ਹੈ। ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਕੀਤੇ ਗਏ ਤਾਜ਼ਾ ਸਰਵੇ ਵਿਚ ਦੋਵੇਂ ਦੇਸ਼ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰੀਆਂ ਦੀ ਮਾਰ ਵਿਚ ਆ ਗਏ ਹਨ। ਪਿਛਲੇ 5 ਸਾਲਾਂ ਦੇ ਤਜ਼ਰਬੇ ਸਾਂਝੇ ਕਰਦੀਆਂ ਸੰਸਥਾਵਾਂ ਦੇ ਵਿਚੋਂ 23% ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਥਾਨਕ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋਣਾ ਪਿਆ ਹੈ। ਮਾਹਿਰਾਂ ਦੀ ਸੂਈ ਇਥੇ ਵੱਖ-ਵੱਖ ਦੇਸ਼ਾਂ ਤੋਂ ਵਸਣ ਵਾਲੇ ਲੋਕਾਂ ਉਤੇ ਘੁੰਮਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਦਾ ਵਿਸ਼ਵਾਸ਼ ਹੈ ਕਿ ਜਿਹੋ ਜਿਹੇ ਦੇਸ਼ ਤੋਂ ਲੋਕ ਆਉਂਦੇ ਹਨ ਉਥੇ ਦੇ ਤਜ਼ਰਬੇ ਵੀ ਇਥੇ ਲੈ ਕੇ ਆਉਂਦੇ ਹਨ। ਦੇਸ਼ ਤੋਂ ਬਾਹਰ ਕੰਮ ਕਰਨ ਵਾਲੀਆਂ ਕੰਪਨੀਆਂ ਅਨੁਸਾਰ 2012 ਦੇ ਵਿਚ 34% ਸੰਸਥਾਵਾਂ ਨੂੰ ਭ੍ਰਿਸ਼ਟਾਚਾਰੀ ਦੇ ਵਿਚੋਂ ਲੰਘਣਾ ਪਿਆ ਸੀ ਜਦ ਕਿ ਹੁਣ ਇਹ ਪ੍ਰਤੀਸ਼ੱਤ 40 ਹੋ ਗਈ ਹੈ। 35% ਕੰਪਨਨੀਆਂ ਨੂੰ ਰਿਸ਼ਵਤਖੋਰੀ ਦਾ ਤਜ਼ਰਬਾ ਹੋਇਆ ਹੈ। 2012 ਦੇ ਵਿਚ 79% ਲੋਕਾਂ ਨੇ ਕਿਹਾ ਸੀ ਉਨ੍ਹਾਂ ਨੂੰ ਰਿਸ਼ਵਤਖੋਰੀ ਜਾਂ ਭ੍ਰਿਸ਼ਟਾਚਾਰ ਦੇ ਵਿਚੋਂ ਨਹੀਂ ਨਿਕਲਣਾ ਪਿਆ ਜਦ ਕਿ ਹੁਣ ਇਹ 65% ਰਹਿ ਗਏ ਹਨ।

ਮਾਹਿਰਾਂ ਦਾ ਸੁਝਾਅ ਹੈ ਕਿ ਹੁਣ ਸਮਾਂ ਹੈ ਕਿ ਕਣਕ ਦੇ ਵਿਚੋਂ ਕੱਖ ਛਾਣ ਲਏ ਜਾਣ ਇਸ ਤੋਂ ਪਹਿਲਾਂ ਕਿ ਪੂਰਾ ਆਟਾ ਹੀ ਨਾ ਖਰਾਬ ਹੋ ਜਾਵੇ।