2021 ਵਿੱਚ ਨਿਊ ਸਾਊਥ ਵੇਲਜ਼ ਵਿਚਲੇ ਸਕੂਲਾਂ ਦੇ ਸਿਲੇਬਸ ਦਾ ‘ਓਵਰਹਾਲ’

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਦੇ ਸਕੂਲਾਂ ਵਿੱਚ ਪੜ੍ਹਾਏ ਜਾ ਰਹੇ ਸਿਲੇਬਸ ਨੂੰ ਮੁੜ ਤੋਂ ਵਾਚਣ ਦਾ ਕੰਮ ਜਾਰੀ ਹੈ ਅਤੇ ਇਸ ਦੇ ਤਹਿਤ 80 ਅਜਿਹੇ ਕੋਰਸ ਅਤੇ ਵਿਸ਼ੇ ਜਿਹੜੇ ਕਿ ਮੌਜੂਦਾ ਸਮੇਂ ਅੰਦਰ ਬਿਲਕੁਲ ਫਜ਼ੂਲ ਹੀ ਲੱਗ ਰਹੇ ਹਨ, ਨੂੰ ਖ਼ਤਮ ਕਰ ਦਿੱਤੇ ਜਾਣ ਦੀਆਂ ਵਿਚਾਰਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਸ਼ਿਆਂ ਨੂੰ ਹਟਾ ਕੇ ਇਨ੍ਹਾਂ ਦੀ ਥਾਂ ਤੇ ਨਵੇਂ ਅਤੇ ਆਧੁਨਿਕ ਅਜਿਹੇ ਵਿਸ਼ੇ ਸ਼ਾਮਿਲ ਕੀਤੇ ਜਾਣਗੇ ਜਿਹੜੇ ਕਿ ਬੱਚਿਆਂ ਨੂੰ ਨਵੀਆਂ ਜਾਣਕਾਰੀਆਂ ਨਾਲ ਲੈਸ ਕਰਨਗੇ ਅਤੇ ਉਨ੍ਹਾਂ ਦੇ ਜੀਵਨ ਦੀ ਸਹੀ ਵਿਉਂਤਬੰਦੀ ਵਿੱਚ ਸਹਾਈ ਹੋਣਗੇ। ਸਿੱਖਿਆ ਮੰਤਰੀ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਰਕਾਰ ਦਾ ਵਿਚਾਰ ਹੈ ਕਿ ਬੱਚੇ ਦਾ ਸ਼ੁਰੂ ਤੋਂ ਹੀ ਸਹੀ ਪੱਖਾਂ ਅਧੀਨ ਵਿਕਾਸ ਹੋਵੇ ਅਤੇ ਇਸ ਵਾਸਤੇ ਅਜਿਹੇ ਕਦਮ ਬਹੁਤ ਜ਼ਿਆਦਾ ਲੋੜੀਂਦੇ ਹਨ ਪਰੰਤੂ ਹਾਲ ਦੀ ਘੜੀ ਬੱਚਿਆਂ ਨਹੀ ਇੱਕ ਵਿਕਲਪ ਵੀ ਹੋਵੇਗਾ ਕਿ ਜੇ ਉਹ ਚਾਹੁਣ ਤਾਂ ਹੋਰ ਨਵੇਂ ਵਿਸ਼ਿਆਂ ਨਾਲ ਅਜਿਹੇ ਪੁਰਾਣੇ ਵਿਸ਼ਿਆਂ ਦੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਇੱਕ ਉਦਾਹਰਨ ਦਿੰਦਿਆਂ ਇਹ ਵੀ ਦੱਸਿਆ -ਜਿਵੇਂ ਕਿ ਪ੍ਰਿੰਟ-ਮੇਕਿੰਗ ਦਾ ਵਿਸ਼ਾ ਹੁਣ ਜ਼ਿਆਦਾ ਫਾਇਦੇਮੰਦ ਨਹੀਂ ਰਿਹਾ ਤਾਂ ਇਸਨੂੰ ਬੰਦ ਕਰਨ ਦੀ ਯੋਜਨਾ ਹੈ ਪਰੰਤੂ ਇਸ ਵਿਸ਼ੇ ਬਾਰੇ ਵਿੱਚ ਕਲ਼ਾ ਦੇ ਵਿਸ਼ਿਆਂ ਦੇ ਨਾਲ ਨਾਲ ਹੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਬੱਚੇ ਨੂੰ ਇਸ ਬਾਰੇ ਵਿੱਚ ਵੀ ਗਿਆਨ ਹਾਸਿਲ ਹੋ ਸਕੇ। ਇਸ ਤੋਂ ਇਲਾਵਾ ਕੇ-2 ਅੰਗ੍ਰੇਜ਼ੀ ਅਤੇ ਮੈਥ ਦੇ ਵਿਸ਼ਿਆਂ ਨੂੰ ਆਉਣ ਵਾਲੇ ਮਾਰਚ ਦੇ ਮਹੀਨੇ ਤੋਂ ਸ਼ਾਮਿਲ ਕਰਨ ਉਪਰ ਵੀ ਵਿਚਾਰ ਕੀਤੇ ਜਾ ਰਹੇ ਹਨ। ਭਾਸ਼ਾਈ ਗਿਆਨ ਵਿੱਚ ਪਹਿਲਾਂ ਤੋਂ ਪ੍ਰਚਲਿਤ ਵਿਸ਼ੇ ਆਸਲੇਨ ਅਤੇ ਬਰੇਲ ਨੂੰ ਵੀ 2022 ਤੱਕ ਬਾਹਰ ਕੱਢ ਦਿੱਤਾ ਜਾਵੇਗਾ। 9ਵੀਂ ਅਤੇ 10ਵੀਂ ਕਲਾਸ ਦੇ ਬੱਚਿਆਂ ਕੋਲ ਇਲੈਕਟਿਵ ਵਿਸ਼ਿਆਂ ਨੂੰ ਚੁਣਨ ਅਤੇ ਲੈਣ ਦੀ ਸਹੂਲਤ ਹੋਵੇਗੀ ਅਤੇ ਇਹ ਸਾਰਾ ਪ੍ਰੋਗਰਾਮ ਨਿਊ ਸਾਊਥ ਵੇਲਜ਼ ਦੇ ਸਿੱਖਿਆ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਜਾ ਰਿਹਾ ਹੈ ਅਤੇ ਸਮੁੱਚੇ ਰਾਜ ਵਿੱਚ ਹੀ ਸਮਾਨ ਰੂਪ ਵਿੱਚ ਲਾਗੂ ਹੋਵੇਗਾ।

Install Punjabi Akhbar App

Install
×