ਸਹਾਰਨਪੁਰ ਚੋਂ ਕਰਫਿਊ ਹਟਾ ਲਿਆ

26 ਜੁਲਾਈ ਨੂੰ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਦੇ ਵਿਰੋਧ ਵਿਚ ਇਕ ਫਿਰਕੇ ਵਲੋਂ ਸ਼ੁਰੂ ਕੀਤੀ ਹਿੰਸਾ ਜਿਸ ਵਿਚ ਤਿੰਨ ਵਿਅਕਤੀ ਮਾਰੇ ਗਏ ਸਨ ਅਤੇ ਸ਼ਰਾਰਤੀਆਂ ਨੇ 200 ਤੋਂ ਵੀ ਦੁਕਾਨਾਂ ਅਤੇ ਮੋਟਰ ਗੱਡੀਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਸੀ ਕਾਰਨ ਸਹਾਰਨਪੁਰ ਵਿਚ ਉਸੇ ਦਿਨ ਲਾਇਆ ਗਿਆ ਕਰਫਿਊ ਅੱਜ ਪੂਰੀ ਤਰ੍ਹਾਂ ਚੁੱਕ ਲਿਆ ਹੈ। ਜਿਲ੍ਹਾ ਮਜਿਸਟਰੇਟ ਸੰਧਿਆ ਤਿਵਾੜੀ ਨੇ ਦੱਸਿਆ ਕਿ ਸਹਾਰਨਪੁਰ ਵਿਚ ਸਥਿਤੀ ਪੂਰੀ ਤਰ੍ਹਾਂ ਆਮ ਵਰਗੀ ਹੈ ਅਤੇ ਇਸ ਨੂੰ ਦੇਖਦੇ ਹੋਏ ਕਰਫਿਊ ਚੁੱਕ ਲਿਆ ਹੈ। ਸੰਧਿਆ ਤਿਵਾੜੀ ਨੇ ਦੱਸਿਆ ਕਿ ਸ਼ਹਿਰ ਵਿਚ ਕੁਝ ਸਮੇਂ ਤਕ ਸੁਰੱਖਿਆ ਦਾ ਬੰਦੋਬਸਤ ਜਾਰੀ ਰਹੇਗਾ। ਸ਼ਹਿਰ ਵਿਚ ਸ਼ਾਂਤੀ ਬਣਾਈ ਰੱਖਣ ਲਈ ਪੀ. ਏ. ਸੀ ਦੀਆਂ 12 ਕੰਪਨੀਆਂ ਨਾਲ ਕੇਂਦਰੀ ਬਲਾਂ ਦੀਆਂ ਲਗਪਗ 18 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ। ਹਿੰਸਾ ਦੇ ਸਬੰਧ ਵਿਚ ਮੁੱਖ ਦੋਸ਼ੀ ਮੋਹਾਰਮ ਅਲੀ ਪੱਪੂ ਸਮੇਤ 110 ਤੋਂ ਵੀ ਵੱਧ ਵਿਅਕਤੀ ਗ੍ਰਿਫਤਾਰ ਕੀਤੇ ਗਏ ਸਨ। ਸਮਾਜਵਾਦੀ ਪਾਰਟੀ ਦੇ ਵਿਧਾਨ ਪ੍ਰੀਸ਼ਦ ਦੇ ਮੈਂਬਰ ਉਮਰ ਅਲੀ ਜਿਹੜਾ ਦਿੱਲੀ ਦੀ ਜਾਮਾ ਮਸਜਿਦ ਦੇ ਮੌਲਾਨਾ ਅਹਿਮਦ ਬੁਖਾਰੀ ਦਾ ਦਾਮਾਦ ਹੈ ਅਤੇ ਕਾਂਗਰਸੀ ਨੇਤਾ ਇਮਰਾਨ ਮਸੂਨ ਖਿਲਾਫ ਵੀ ਦੰਗੇ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।