ਕਿਸੇ ਵੀ ਰੁਤਬੇ ਦਾ ਮਾਲਕ ਹੋਵੇ ਬੇਅਦਬੀ ਦੇ ਦੋਸ਼ੀ ਨੂੰ ਬਖ਼ਸਿਆ ਨਹੀ ਜਾਵੇਗਾ- ਕੈਪਟਨ

ਪੁਰਖਿਆਂ ਦੇ ਪਿੰਡ ਦੀਆਂ ਯੋਜਨਾਵਾਂ ਲਈ 28 ਕਰੋੜ ਦਿੱਤੇ

captain amrinder singh

ਮਹਿਰਾਜ (ਬਠਿੰਡਾ)/ 28 ਜਨਵਰੀ/ ਉਹ ਸਿਆਸੀ ਜਾਂ ਪ੍ਰਸਾਸਨਿਕ ਪੱਧਰ ਦੇ ਕਿਸੇ ਵੀ ਰੁਤਬੇ ਦਾ ਮਾਲਕ ਕਿਉਂ ਨਾ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇੱਕ ਵੀ ਦੋਸ਼ੀ ਨੂੰ ਬਖਸਿਆ ਨਹੀਂ ਜਾਵੇਗਾ। ਇਹ ਵੱਡਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੁਰਖਿਆਂ ਦੇ ਪਿੰਡ ਵਿਖੇ ਅੱਜ ਇੱਥੇ ਕੀਤਾ।
ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਸ਼ਹਿਕਾਰੀ ਕਰਜਿਆਂ ਤੋਂ ਰਾਹਤ ਦਿਵਾਊ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗ੍ਰਹਿ ਵਿਭਾਗ ਦੇ ਇੰਚਾਰਜ ਹੋਣ ਦੇ ਨਾਤੇ ਉਹ ਜਿਆਦਾ ਕੁੱਝ ਨਹੀਂ ਕਹਿਣਾ ਚਾਹੁੰਦੇ, ਲੇਕਿਨ ਜੋ ਵੀ ਸਖ਼ਸ ਐੱਸ ਆਈ ਟੀ ਦੀ ਜਾਂਚ ਦੌਰਾਨ ਦੋਸ਼ੀ ਪਾਇਆ ਗਿਆ, ਉਸਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿਸੇ ਵੀ ਰਾਜਨੀਤਕ ਜਾਂ ਪ੍ਰਸਾਸਨਿਕ ਅਹੁਦੇ ਤੇ ਬਿਰਾਜਮਾਨ ਕਿਉਂ ਨਾ ਹੋਵੇ।
ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਬੋਲਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਇਹ ਕਹਿੰਦਿਆਂ ਮੁੱਖ ਮੰਤਰੀ ਨੂੰ ਇੱਕ ਭਾਵੁਕ ਅਪੀਲ ਕੀਤੀ ਕਿ ਖ਼ੁਦ ਤੇ ਹੋਏ ਧੱਕੇ ਕਾਂਗਰਸੀ ਵਰਕਰ ਸਹਿ ਲੈਣਗੇ, ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਜਰੂਰ ਦਿੱਤੀਆਂ ਜਾਣ। ਚਰਨਜੀਤ ਸਰਮਾਂ ਦੀ ਗਿਰਫਤਾਰੀ ਦਾ ਹਵਾਲਾ ਦਿੰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਉਹ ਇੱਕ ਵਰਦੀਧਾਰੀ ਕਰਿੰਦਾ ਸੀ, ਜਿਸਨੇ ਉਪਰਲੇ ਹੁਕਮ ਨੂੰ ਅਮਲੀ ਜਾਮਾ ਪਹਿਨਾਇਆ ਹੈ। ਜਨਰਲ ਡਾਇਰ ਦੀ ਭੂਮਿਕਾ ਤਾਂ ਕੋਈ ਹੋਰ ਅਦਾ ਕਰ ਰਿਹਾ ਸੀ, ਜੇਕਰ ਉਸਤੇ ਰਹਿਮ ਕੀਤਾ ਤਾਂ ਲੋਕ ਕਾਂਗਰਸ ਪਾਰਟੀ ਨੂੰ ਵੀ ਨਹੀਂ ਬਖ਼ਸਣਗੇ।
ਇਸੇ ਸੰਦਰਭ ਵਿੱਚ ਕੈਪਟਨ ਨੇ ਕਿਹਾ ਕਿ ਅਪਰਾਧੀ ਨਾਲੋਂ ਅਪਰਾਧ ਦਾ ਹੁਕਮ ਦੇਣ ਵਾਲਾ ਕਿਉਂਕਿ ਜਿਆਦਾ ਗੁਨਾਹਗਾਰ ਹੁੰਦਾ ਹੈ, ਹੇਠਲੀ ਕੜੀ ਨੂੰ ਐੱਸ ਆਈ ਟੀ ਨੇ ਕਾਬੂ ਕਰ ਲਿਐ, ਪੁੱਛਗਿੱਛ ਦੌਰਾਨ ਹੋਰ ਜਿਹਨਾਂ ਦੀ ਭੂਮਿਕਾ ਸਪਸ਼ਟ ਹੋਵੇਗੀ, ਉਹ ਵੀ ਕਾਨੂੰਨੀ ਸਿਕੰਜੇ ਵਿੱਚ ਆ ਜਾਣਗੇ। ਕੈਪਟਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਸਿਆਸੀ ਬਦਲਾਖੋਰੀ ਅਧੀਨ ਕੋਈ ਕਾਰਵਾਈ ਨਹੀਂ ਕਰ ਰਹੀ, ਇਸ ਲਈ ਐੱਸ ਆਈ ਟੀ ਅਜ਼ਾਦਾਨਾ ਤੌਰ ਤੇ ਆਪਣੇ ਕੰਮ ਨੂੰ ਅੰਜਾਮ ਦੇ ਰਹੀ ਹੈ।
ਪੰਜ ਏਕੜ ਤੱਕ ਦੀ ਮਾਲਕੀ ਵਾਲੇ 18308 ਕਿਸਾਨਾਂ ਨੂੰ 97 ਕਰੋੜ ਰੁਪਏ ਦੀ ਰਾਹਤ ਦਾ ਅਰੰਭ ਕਰਦਿਆਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਦੌਰਾਨ ਕਮਰਸੀਅਲ ਬੈਂਕਾਂ ਦੇ ਪ੍ਰਤੀ ਕਿਸਾਨ ਦੋ ਲੱਖ ਰੁਪਏ ਤੱਕ ਦੀ ਰਾਹਤ ਦੀ ਯੋਜਨਾ ਨੂੰ ਵੀ ਅਮਲੀ ਰੂਪ ਦਿੱਤਾ ਜਾਵੇਗਾ। ਅਜਿਹੀ ਰਾਹਤ ਨੂੰ ਨਿਗੂਣੀ ਕਰਾਰ ਦਿੰਦਿਆਂ ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਇੱਕੋ ਇੱਕ ਹੱਲ ਡਾ: ਸਵਾਮੀਨਾਥਨ ਕਮਿਸਨ ਦੀ ਰਿਪੋਰਟ ਦੀਆਂ ਸਿਫ਼ਾਰਸਾਂ ਨੂੰ ਹੂਬਹੂ ਲਾਗੂ ਕੀਤੇ ਬਿਨਾਂ ਹੱਲ ਨਹੀਂ ਹੋ ਸਕਦਾ। ਇਸ ਸਬੰਧੀ ਉਹ ਪਹਿਲਾਂ ਹੀ ਪ੍ਰਧਾਨ ਮੰਤਰੀ ਨਾਲ ਪੱਤਰ ਵਿਹਾਰ ਅਤੇ ਜਾਤੀ ਤੌਰ ਤੇ ਵੀ ਵਿਚਾਰ ਵਟਾਂਦਰਾ ਕਰ ਚੁੱਕੇ ਹਨ, ਲੇਕਿਨ ਅਜੇ ਤੱਕ ਕਿਸੇ ਕਿਸਮ ਦਾ ਹੁੰਗਾਰਾ ਨਹੀਂ ਮਿਲਿਆ।
ਸ੍ਰੀ ਸੁਨੀਲ ਜਾਖੜ ਅਨੁਸਾਰ ਹਾਲਾਂਕਿ ਕਾਂਗਰਸ ਪਾਰਟੀ ਨੂੰ ਪਹਿਲਾਂ ਹੀ ਇਹ ਜਾਣਕਾਰੀ ਸੀ ਕਿ ਪੰਜਾਬ ਦੇ ਸਿਰ ਲੱਖਾਂ ਕਰੋੜ ਰੁਪਏ ਦਾ ਕਰਜ਼ਾ ਬਕਾਇਆ ਹੈ, ਇਸਦੇ ਬਾਵਜੂਦ ਉਸਨੇ ਚੋਣਾਂ ਤੋਂ ਪਹਿਲਾਂ ਸਮੁੱਚਾ ਕਰਜਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ, ਲੇਕਿਨ ਇਹ ਵਾਅਦਾ ਇਸ ਲਈ ਵਫ਼ਾ ਨਹੀਂ ਹੋ ਸਕਿਆ ਕਿਉਂਕਿ ਕੁਰਸੀ ਛੱਡਣ ਤੋਂ ਇੱਕ ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ ਸਿੰਘ ਬਾਦਲ ਨੇ ਉਹਨਾਂ ਦੀ ਸਰਕਾਰ ਵੱਲੋਂ ਕੀਤੇ 31 ਹਜਾਰ ਕਰੋੜ ਰੁਪਏ ਦੇ ਘਾਲੇਮਾਲੇ ਨੂੰ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਮੱਦਦ ਨਾਲ ਪੰਜਾਬ ਸਰਕਾਰ ਦੇ ਕਰਜ਼ੇ ਵਿੱਚ ਹੀ ਤਬਦੀਲ ਕਰਵਾ ਦਿੱਤਾ। ਜੇਕਰ ਅਜਿਹਾ ਨਾ ਹੁੰਦਾ ਤਾਂ ਹੁਣ ਤੱਕ ਕਿਸਾਨੀ ਕਰਜ਼ਾ ਖਤਮ ਹੋਇਆ ਹੁੰਦਾ। ਸ੍ਰੀ ਜਾਖੜ ਅਨੁਸਾਰ ਪੰਜਾਬ ਸਰਕਾਰ ਸਰਕਾਰੀ ਕਰਮਚਾਰੀਆਂ ਦੇ ਭੱਤਿਆਂ ਤੇ ਬਕਾਇਆਂ ਨੂੰ ਰੋਕ ਕੇ ਇਸ ਲਈ ਕਿਸਾਨਾਂ ਨੂੰ ਥੋੜੀ ਬਹੁਤੀ ਰਾਹਤ ਦੇ ਰਹੀ ਹੈ ਤਾਂ ਕਿ ਉਹਨਾਂ ਨੂੰ ਖੁਦਕਸ਼ੀਆਂ ਤੋਂ ਬਚਾਇਆ ਜਾ ਸਕੇ। ਮਾਲੀ ਹਾਲਤ ਸੁਧਰਨ ਤੇ ਪੈਨਸਨਾਂ ਤੇ ਮੁਲਾਜਮਾਂ ਸਮੇਤ ਸਾਰੇ ਵਰਗਾਂ ਨੂੰ ਰਾਹਤ ਦਿੱਤੀ ਜਾਵੇਗੀ, ਜੋ ਅਗਲੇ ਕੁੱਝ ਮਹੀਨਿਆਂ ਤੱਕ ਹੀ ਸੰਭਵ ਹੋਵੇਗੀ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ਤੇ ਲੈਂਦਿਆਂ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਆਪਣੇ ਗੁਰਦਾਸਪੁਰ ਦੌਰੇ ਦੌਰਾਨ ਉਹਨਾਂ ਨੇ ਪੰਜਾਬ ਵਿੱਚ ਕਰਜ਼ਾ ਮੁਆਫ਼ੀ ਦਾ ਮਜਾਕ ਉਡਾਇਆ ਸੀ, ਅੱਜ ਦੇ ਸਮਾਗਮ ਲਈ ਮੈਂ ਉਹਨਾਂ ਨੂੰ ਸਭ ਕੁੱਝ ਅੱਖੀਂ ਦੇਖਣ ਲਈ ਸੱਦਾ ਦਿੱਤਾ ਸੀ, ਉਹਨਾਂ ਖ਼ੁਦ ਤਾਂ ਕੀ ਆਉਣਾ ਸੀ ਇਸ ਸਰਕਾਰੀ ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੀ ਨਹੀਂ ਆਈ, ਜਦ ਕਿ ਉਹਨਾਂ ਦੀ ਜੁਮੇਵਾਰੀ ਬਣਦੀ ਸੀ।
ਬਿਜਲੀ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਆਪਣੇ ਹਲਕੇ ਵਿੱਚ ਆਉਣ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਜੀ ਆਇਆਂ ਕਹਿੰਦਿਆਂ ਇਲਾਕੇ ਦੀਆਂ ਮੁਸਕਿਲਾਂ ਤੋਂ ਜਾਣੂ ਕਰਵਾਇਆ। ਇਸ ਸੰਦਰਭ ਵਿੱਚ ਪਿੰਡ ਮਹਿਰਾਜ ਦੇ ਸੀਵਰੇਜ ਸਿਸਟਮ ਵਿੱਚ ਸੁਧਾਰ ਤੇ ਪੀਣ ਵਾਲੇ ਪਾਣੀ ਆਦਿ ਦੀਆਂ ਯੋਜਨਾਵਾਂ ਲਈ 28 ਕਰੋੜ ਰੁਪਏ ਦੀ ਗਰਾਂਟ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਸ੍ਰੀ ਕਾਂਗੜ ਨੂੰ ਸਮੁੱਚੇ ਹਲਕੇ ਦਾ ਸਰਵੇਖਣ ਕਰਕੇ ਰਿਪੋਰਟ ਦੇਣ ਲਈ ਕਿਹਾ। ਜਿਲ੍ਹਾ ਕਾਂਗਰਸ ਦਿਹਾਤੀ ਤੇ ਸ਼ਹਿਰੀ ਦੇ ਪ੍ਰਧਾਨਾਂ ਖੁਸ਼ਬਾਜ ਸਿੰਘ ਜਟਾਣਾ ਤੇ ਅਰੁਣ ਵਧਾਵਣ ਨੇ ਵੀ ਕੈਪਟਨ ਨੂੰ ਜੀ ਆਇਆਂ ਕਿਹਾ।

(ਬਲਵਿੰਦਰ ਸਿੰਘ ਭੁੱਲਰ)
+91 98882-75913

Welcome to Punjabi Akhbar

Install Punjabi Akhbar
×
Enable Notifications    OK No thanks