ਕਰੋਨਾ ਮਰੀਜ਼ਾਂ ਨਾਲ ਸਿਡਨੀ ਵਿੱਚ ਇੱਕ ਹੋਰ ਯਾਤਰੀ ਸ਼ਿੱਪ ਦੀ ਐਂਟਰੀ

ਨਿਊ ਸਾਊਥ ਵੇਲਜ਼ ਸਿਹਤ ਅਧਿਕਾਰੀਆਂ ਦੇ ਦੱਸਣ ਮੁਤਾਬਿਕ, 3000 ਦੀ ਗਿਣਤੀ ਵਿੱਚ ਯਾਤਰੀਆਂ ਅਤੇ ਅਮਲੇ ਸਮੇਤ, ‘ਦ ਸੈਲਿਬਰਿਟੀ ਐਕਲਿਪਸ’ ਨਾਮ ਦਾ ਕਰੂਜ਼ ਸ਼ਿੱਪ, ਅੱਜ ਸਵੇਰੇ ਜਦੋਂ ਸਿਡਨੀ ਦੇ ਸਰਕੁਲਰ ਕੁਏ ਤੇ ਪਹੁੰਚਿਆ ਤਾਂ ਉਸ ਵਿੱਚ 100 ਦੇ ਕਰੀਬ ਦੀ ਸੰਖਿਆ ਵਿੱਚ ਕਰੋਨਾ ਪਾਜ਼ਿਟਿਵ ਯਾਤਰੀ ਸਵਾਰ ਸਨ ਅਤੇ ਇਸੇ ਕਾਰਨ ਉਕਤ ਸ਼ਿੱਪ ਨੂੰ ‘ਟਿਅਰ-ਟੂ’ ਦਾ ਦਰਜਾ ਦਿੱਤਾ ਗਿਆ ਹੈ।
ਉਕਤ ਸ਼ਿੱਪ ਨਿਊਜ਼ੀਲੈਂਡ ਤੋਂ ਆਇਆ ਹੈ ਅਤੇ ਇਸ ਵਿੱਚ ਬਾਹਰੀ ਦੇਸ਼ਾਂ ਦੇ ਯਾਤਰੀ ਸਵਾਰ ਹਨ।
ਸਿਡਨੀ ਵਿੱਚ ਅੱਜ ਦੀ ਤਾਰੀਖ਼ ਵਿੱਚ ਹੀ ਦੋ ਹੋਰ ਸ਼ਿੱਪ (ਕੁਆਂਟਮ ਆਫ਼ ਦੀ ਸੀਜ਼ ਅਤੇ ਪੈਸਿਫਿਕ ਐਡਵੈਂਚਰ) ਪਹੁੰਚ ਰਹੇ ਹਨ ਅਤੇ ਉਨ੍ਹਾਂ ਉਪਰ ਵੀ 2 ਦੀ ਗਿਣਤੀ ਵਿੱਚ ਕਰੋਨਾ ਪਾਜ਼ਿਟਿਵ ਲੋਕ ਸਵਾਰ ਹਨ ਅਤੇ ਇਸ ਦਾ ਵੀ ਪੂਰਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਅਹਿਤਿਆਦਨ ਕਦਮ ਚੁੱਕੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਦੇਸ਼ ਅੰਦਰ ਕਰੋਨਾ ਦੀ ਚੌਥੀ ਲਹਿਰ ਚੱਲ ਰਹੀ ਹੈ ਅਤੇ ਇਸੇ ਦੇ ਚਲਦਿਆਂ, ਸਿਹਤ ਅਧਿਕਾਰੀਆਂ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਜਿੱਥੇ ਕਿਤੇ ਵੀ ਜ਼ਰੂਰੀ ਹੋਵੇ, ਮੂੰਹ ਉਪਰ ਮਾਸਕ ਪਾਇਆ ਜਾਵੇ ਅਤੇ ਸਰੀਰਕ ਦੂਰੀਆਂ ਦਾ ਵੀ ਪੂਰਾ ਪੂਰਾ ਧਿਆਨ ਰੱਖਿਆ ਜਾਵੇ।